ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿੱਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਨੌਜਵਾਨ ਨੇ ਖੁਦ ਨਦੀ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸਨੇ ਪਰਿਵਾਰ ਨੂੰ ਵੀਡੀਓ ਕਾਲ ਕੀਤੀ ਅਤੇ ਇਸ ਬਾਰੇ ਦੱਸਿਆ ਸੀ। ਨੌਜਵਾਨ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ? ਇਸ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੈ। ਫਿਲਹਾਲ ਕੈਨੇਡੀਅਨ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਨਵਦੀਪ ਦਾ ਆਪਣੀ ਪਤਨੀ ਰੂਬੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਨਵਦੀਪ ਨੇ ਆਪਣੀ ਪਤਨੀ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਰੂਬੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੀਤੇ ਦਿਨ ਨਵਦੀਪ ਨੇ ਆਪਣੇ ਪਰਿਵਾਰ ਨੂੰ ਦੀਪ ਨਗਰ, ਜਲੰਧਰ ਕੈਂਟ ਵਿਖੇ ਫੋਨ ਕੀਤਾ, ਜਿਸ ਵਿੱਚ ਉਸਨੇ ਕਿਹਾ ਕਿ ਉਹ ਖੁਦਕੁਸ਼ੀ ਕਰਨ ਲੱਗਿਆ ਹੈ। ਇਸ ਤੋਂ ਬਾਅਦ ਉਸਨੇ ਕੈਨੇਡਾ ਵਿੱਚ ਇੱਕ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਨਵਦੀਪ ਦਾ ਵਿਆਹ ਸਾਲ 2011 ਵਿੱਚ ਰਜਿੰਦਰ ਕੌਰ ਉਰਫ ਰੂਬੀ ਨਾਲ ਹੋਇਆ ਸੀ ਜੋ ਟਾਂਡਾ, ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ। ਉਨ੍ਹਾਂ ਦੀ ਇੱਕ 8 ਸਾਲ ਦੀ ਬੇਟੀ ਅਤੇ ਇੱਕ 6 ਸਾਲਾਂ ਦਾ ਬੇਟਾ ਹੈ। ਸਾਰਾ ਪਰਿਵਾਰ ਕੈਨੇਡਾ ਵਿਚ ਰਹਿ ਰਿਹਾ ਸੀ।
ਦੀਪ ਨਗਰ ਦੇ ਮਸ਼ਹੂਰ ਹਾਰਡਵੇਅਰ ਕਾਰੋਬਾਰੀ ਸੁਰਜੀਤ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਬੇਟੇ ਅਤੇ ਨੂੰਹ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਵਿੱਚ ਸਹਾਇਤਾ ਕੀਤੀ ਜਾਵੇ। ਉਹ ਇਥੇ ਹੀ ਦੋਵਾਂ ਦਾ ਸੰਸਕਾਰ ਜਲੰਧਰ ਕੈਂਟ ‘ਚ ਕਰਨਾ ਚਾਹੁੰਦੇ ਹਨ।