ਕੇਜਰੀਵਾਲ ਸਰਕਾਰ ਦੀ ਟੀ-5 ਮਾਡਲ ਬਿਨਾਂ ਦੇਰੀ ਅਪਣਾਵੇ ਕੈਪਟਨ ਸਰਕਾਰ-ਪ੍ਰੋ. ਬਲਜਿੰਦਰ ਕੌਰ

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਭਿਅੰਕਰ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਕੋਰੋਨਾਵਾਇਰਸ ਦੀ ਬਿਮਾਰੀ ਨੂੰ ਸਮਾਂ ਰਹਿੰਦਿਆਂ ਜੜ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਮਲ ‘ਚ ਲਿਆਂਦੇ 5-ਟੀ ਮਾਡਲ ਨੂੰ ਤੁਰੰਤ ਅਪਣਾਏ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੀ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦਾ 5-ਟੀ ਮਾਡਲ ਕੋਰੋਨਾਵਾਇਰਸ ਵਿਰੁੱਧ ਬੇਹੱਦ ਕਾਰਗਰ ਸਾਬਤ ਹੋ ਸਕਦਾ ਹੈ। ਪੰਜਾਬ ਸਰਕਾਰ ਬਗੈਰ ਕਿਸੇ ਸਿਆਸੀ ਝਿਜਕ ਇਸ 5-ਟੀ ਮਾਡਲ ਨੂੰ ਤੁਰੰਤ ਲਾਗੂ ਕਰੇ।

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ 5-ਟੀ ਮਾਡਲ ਦਾ ਮਤਲਬ ਟੈਸਟਿੰਗ (ਜਾਂਚ), ਟਰੇਸਿੰਗ (ਪਹਿਚਾਣ), ਟਰੀਟਮੈਂਟ (ਇਲਾਜ), ਟੀਮ ਵਰਕ (ਮਿਲ ਕੇ ਕੰਮ ਕਰਨਾ) ਅਤੇ ਟਰੈਕਿੰਗ ਐਂਡ ਮੋਨੀਟ੍ਰੀਰਿੰਗ (ਨਜ਼ਰਸਾਨੀ) ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਤੁਰੰਤ ਟੈਸਟ ਹੋਵੇ, ਕੋਰੋਨਾ ਦੀ ਲਾਗ ਕਿਸ ਦੇ ਸੰਪਰਕ ਨਾਲ ਲੱਗੀ ਅਤੇ ਮਰੀਜ਼ ਦਾ ਕਿਸ-ਕਿਸ ਨਾਲ ਅੱਗੇ ਸੰਪਰਕ ਹੋਇਆ, ਸਹੀ ਅਤੇ ਸੁਰੱਖਿਅਤ ਇਲਾਜ, ਸਭ ਦਾ ਇੱਕ ਦੂਜੇ ਨੂੰ ਸਹਿਯੋਗ ਅਤੇ ਵੱਡੇ ਪੱਧਰ ‘ਤੇ ਨਜ਼ਰਸਾਨੀ ਦਾ ਪ੍ਰਬੰਧ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਕਰਨਾ ਚਾਹੀਦਾ ਹੈ। ਇਸ 5-ਟੀ ਪ੍ਰੋਗਰਾਮ ‘ਤੇ ਉਦੋਂ ਤੱਕ ਅਮਲ ਜ਼ਰੂਰੀ ਹੈ ਜਦ ਤੱਕ ਕੋਰੋਨਾਵਾਇਰਸ ਦੇ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਦੀ ਆਖ਼ਰੀ ਕੜੀ ਦੀ ਪਹਿਚਾਣ ਕਰਕੇ ਉਸ ਦਾ ਇਲਾਜ ਨਹੀਂ ਹੋ ਜਾਂਦਾ।
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਜਿੱਥੇ ਸਭ ਨੂੰ ਕੋਰੋਨਾ ਤੋਂ ਤਿੰਨ ਕਦਮ ਅੱਗੇ ਰਹਿਣਾ ਪਵੇਗਾ, ਉੱਥੇ ਕੋਰੋਨਾ ਨਾਲ ਗਰਾਊਂਡ ਜ਼ੀਰੋ ‘ਤੇ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼, ਪੁਲਸ ਅਤੇ ਸੁਰੱਖਿਆ ਕਰਮੀਆਂ ਅਤੇ ਸਫ਼ਾਈ ਵਰਕਰਾਂ ਲਈ ਸੁਰੱਖਿਅਤ ਪੀਪੀਟੀ ਕਿੱਟਾਂ ਅਤੇ ਹੋਰ ਸਾਜੋ-ਸਮਾਨ ਦਾ ਵੱਡੇ ਪੱਧਰ ‘ਤੇ ਪ੍ਰਬੰਧ ਕਰਨਾ ਪਵੇਗਾ।

ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਜਰਮਨ ਸਰਕਾਰ ਵਾਂਗ ਕੇਜਰੀਵਾਲ ਸਰਕਾਰ ਸਭ ਤੋਂ ਵੱਧ ਧਿਆਨ ਟੈਸਟਿੰਗ ‘ਤੇ ਦੇ ਰਹੀ ਹੈ। ਜਦ ਮਾਮੂਲੀ ਲੱਛਣ ਸਾਹਮਣੇ ਆਉਣ ‘ਤੇ ਹੀ ਮਰੀਜ਼ਾਂ ਕੋਲ ਵੱਡੇ ਪੱਧਰ ‘ਤੇ ਜਾਂਚ ਦੀ ਸਹੂਲਤ ਹੋਵੇਗੀ ਤਾਂ ਕੋਰੋਨਾ ਦੀ ਲਾਗ ਅੱਗੇ ਤੋਂ ਅੱਗੇ ਨਾ ਫੈਲ ਕੇ ਸਿਮਟਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਭਿਆਨਕ ਵਾਇਰਸ ‘ਤੇ ਜਿੱਤ ਨਿਸ਼ਚਿਤ ਹੋ ਜਾਵੇਗੀ। ਇਸ ਲਈ ਕੈਪਟਨ ਸਰਕਾਰ ਪੰਜਾਬ ‘ਚ ਪਿੰਡਾਂ ਅਤੇ ਸ਼ਹਿਰਾਂ ‘ਚ ਵੱਡੇ ਪੱਧਰ ‘ਤੇ ਟੈਸਟਿੰਗ ਦਾ ਪ੍ਰਬੰਧ ਕਰੇ ਅਤੇ ਇਸ ਲਈ ਜਿੱਥੇ ਸਰਕਾਰ ਨੂੰ ਵਿਸ਼ੇਸ਼ ਬਜਟ ਦਾ ਪ੍ਰਬੰਧ ਕਰਨਾ ਹੋਵੇਗਾ ਉੱਥੇ ਪ੍ਰਾਈਵੇਟ ਲੈਬਾਟਰੀਜ਼ ਦੀਆਂ ਸੇਵਾਵਾਂ ਵੀ ਵੱਡੇ ਪੱਧਰ ‘ਤੇ ਲੈਣੀਆਂ ਚਾਹੀਦੀਆਂ ਹਨ।

Share This Article
Leave a Comment