ਕਿਸਾਨ ਮੋਰਚੇ ਦੇ ਸੱਦੇ ‘ਤੇ ਧਰਨਾ ਤੇ ਭੁੱਖ ਹੜਤਾਲ

TeamGlobalPunjab
2 Min Read

ਮੋਹਾਲੀ, (ਅਵਤਾਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ, ਮੋਹਾਲੀ ਦੇ ਮੁੱਖ ਗੇਟ ‘ਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਐਕਟ 2020 ਰੱਦ ਕਰਵਾਉਣ ਲਈ ਅੱਜ ਧਰਨੇ ਦੌਰਾਨ ਭੁੱਖ ਹੜਤਾਲ ਕੀਤੀ ਗਈ। ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ,‌ ਇਪਟਾ , ਪੀਪਲ ਮੰਚ, ਪੱਤਰਕਾਰ ਭਾਈਚਾਰਾ, ਮੁਲਾਜ਼ਮ ਭਾਈਚਾਰਾ, ਔਰਤਾਂ, ਵਿਦਿਆਰਥੀਆਂ ਤੇ ਹੋਰਨਾਂ ਸ਼ਹਿਰੀਆਂ ਵਲੋਂ ਭੁੱਖ ਹੜਤਾਲ ਦੌਰਾਨ ਕਿਰਤੀ-ਕਿਸਾਨੀ ਸੰਘਰਸ਼ ਵਿਚ ਮੁੜ ਰੂਹ‌ ਫੂਕਣ ਲਈ, ਤਕਰੀਰਾਂ ਕੀਤੀਆਂ ਗਈਆਂ। ਵੱਖ-ਵੱਖ ਬੁਲਾਰਿਆਂ ਵਲੋਂ ਬਾਬਾ ਰਾਕੇਸ਼ ਟਕੈਤ ਦੇ‌ ਹੰਝੂਆਂ ਦਾ ਮੁੱਲ ਪਾਉਣ ਲਈ ਅਤੇ ਸੰਯੁਕਤ ਕਿਸਾਨ ਮੋਰਚਾ ਜੱਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਦਾ ਅਹਿਦ ਦਹੁਰਾਇਆ ਗਿਆ। ਭੁੱਖ ਹੜਤਾਲ ਦੌਰਾਨ ਨੌਜਵਾਨ ਕਵੀ ਏਕਮ ਮਾਣੂੰਕੇ ਵਲੋਂ ‘ਆ ਜਾਓ ਸਾਰੇ ਇਕ ਥਾਂ ‘ਤੇ ਹੋ ਜਾਈਏ ‘ਕੱਠੇ, ਕਿਰਸਾਨ ਦੇ ਲਈ।’ ਗੀਤਾ ਰਾਹੀਂ ਕਿਰਤੀ-ਕਿਸਾਨ ਏਕੇ ਦਾ ਨਾਅਰਾ ਬੁਲੰਦ ਕੀਤਾ। ਪੰਜਾਬੀ ਲੋਕ ਗਾਇਕ ਹਰਿੰਦਰ ਹਰ ਨੇ ਆਪਣੇ ਗੀਤ, ‘ਆ ਹੋਸ਼ ਵਿਚ ਸਰਕਾਰੇ, ਹੱਕ ਅਸੀਂ ਲੈ ਕੇ ਜਾਵਾਂਗੇ।’ ਨਾਲ ਮਾਹੌਲ ਅੰਦਰ ਜੋਸ਼ ਭਰਿਆ। ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਦੇ ਬੋਲਦਿਆਂ ਸਾਂਝਾ ਕੀਤਾ ਕਿ ਕਾਰਪੋਰੇਟ ਘਰਾਣਿਆਂ ਕੋਲ਼ ਵਿਕ ਚੁੱਕੀ ਦੇਸ਼ ਦੇ ਭਾਜਪਾ ਸਰਕਾਰ ਨੇ ਪੰਜਾਬ ਨਾਲ਼ ਭਿੜ ਕੇ ਭਾਰੀ ਗ਼ਲਤੀ ਕਰ ਦਿੱਤੀ‌ ਹੈ।

ਪੰਜਾਬ ਦਾ ਕਿਸਾਨ ਅੱਜ ਪੂਰੇ ਭਾਰਤ ਵਾਸੀਆਂ ਨੂੰ ਨਵੀਂ ਸੇਧ ਦੇ ਰਿਹਾ ਹੈ। ਲੋਕਾਂ ਦਾ ਭਰੋਸਾ ਰਾਜਨੀਤਕ ਪਾਰਟੀਆਂ ਤੋ‌ਂ ਟੁੱਟ ਚੁੱਕਾ ਹੈ ਤੇ‌ ਲੋਕ ਆਪਣੇ ਅਧਿਕਾਰਾਂ ਲਈ ਦੇਸ਼ ਭਰ‌ ‘ਚ ਲਾਮਬੰਦ ਹੋ ਰਹੇ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਦੇ ਬੁਲਾਰੇ ਕਰਮ ਸੇਖਾ ਨੇ ਆਖਿਆ ਕਿ ਭਾਜਪਾ ਦੇਸ਼ ਨੂੰ ਜਾਤ-ਪਾਤ, ਧਰਮ, ਮੰਦਰ-ਮਸਜਿਦ ਦੇ ਨਾਂ ‘ਤੇ ਵੰਡੀਆਂ ਪਾਉਂਦੀ ਰਹੀ ਹੈ ਪਰ ਦੇਸ਼ ਦੇ ਕਿਰਤੀ-ਕਿਸਾਨਾਂ ਦੇ ਸੰਘਰਸ਼ ਨੇ ਇਸ ਸਰਕਾਰ ਦੀ‌ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਗੁਰਮੀਤ ਸਿੰਘ, ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ, ਡਾ.ਹਰਦੇਵ ਸਿੰਘ (ਰਿਟਾ.ਐਸ.ਐਮ.ਓ.), ਪ੍ਰੋ.ਕਿਰਪਾਲ ਸਿੰਘ ਹੀਰਾ, ਗੁਰਨਾਮ ਬਿੰਦਰਾ, ਬਲਜੀਤ ਕੌਰ, ਹਰਪ੍ਰੀਤ ਕੌਰ, ਸਤਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਇੰਦਰਾ ਸਿੰਘ ਨੇ ਧਰਨੇ ਦੌਰਾਨ ਸੰਬੋਧਨ ਕੀਤਾ। ਜਸਵਿੰਦਰ ਰੁਪਾਲ ਨੇ ਧਰਨੇ ਦੌਰਾਨ ਮੰਚ ਦਾ ਸੰਚਾਲਨ। ਕੀਤਾ।

Share this Article
Leave a comment