ਕਿਸਾਨ ਅਤੇ ਕਿਸਾਨ ਬੀਬੀਆਂ ਲਈ ਹੁਨਰ ਵਿਕਾਸ ਦੇ ਸਿਖਲਾਈ ਕੋਰਸ ਸ਼ੁਰੂ ਕਰਵਾਏ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਭਾਰਤੀ ਕ੍ਰਿਸ਼ੀ ਅਨੁਸੰਧਾਨ ਕੇਂਦਰ ਅਟਾਰੀ, ਪੀ.ਏ.ਯੂ. ਲੁਧਿਆਣਾ ਦੇ ਸਹਿਯੋਗ ਨਾਲ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਹੁਨਰ ਵਿਕਾਸ“ ਦੇ 200 ਘੰਟਿਆਂ ਦੇ ਪੰਜ ਵੱਖ-ਵੱਖ ਸਿਖਲਾਈ ਕੋਰਸ ਸ਼ੁਰੂ ਕਰਵਾਏ ਗਏ। ਇਸ ਕੋਰਸ ਵਿੱਚ 125 ਸਿਖਿਆਰਥੀ ਭਾਗ ਲੈ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕਿਰਨਜੋਤ ਸਿੱਧੂ ਨੇ ਸਾਰੇ ਸਿਖਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ ਇਹ ਵੱਖ-ਵੱਖ ਕਿੱਤਾ ਮੁਖੀ ਸਿਖਲਾਈ ਕੋਰਸ ਮਧੂ-ਮੱਖੀ ਪਾਲਣ, ਖੁੰਬਾਂ ਦੀ ਖੇਤੀ, ਮਿਆਰੀ ਬੀਜ ਉਤਪਾਦਨ, ਗਰੁੱਪ ਫਾਰਮਿੰਗ ਪ੍ਰੈਕਟੀਸ਼ਨਰ ਅਤੇ ਪੈਕ ਹਾਊਸ ਵਰਕਰ ਵਿਸ਼ਿਆਂ ਉੱਪਰ ਕਰਵਾਏ ਜਾ ਰਹੇ ਹਨ ਅਤੇ ਇਹ ਕੋਰਸ ਲਗਭਗ ਇੱਕ ਮਹੀਨਾ ਚੱਲਣਗੇ। ਇਸ ਮੌਕੇ ਤੇ ਡਾ. ਕਿਰਨ ਗਰੋਵਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਵਿਸ਼ੇਸ਼ਤਾ ਅਤੇ ਇਸ ਦੀ ਰੂਪ ਰੇਖਾ ਤੇ ਚਾਨਣਾ ਪਾਇਆ। ਇਸ ਮੌਕੇ ਤੇ ਕੋਰਸ ਦੇ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਕੋਰਸ ਦੀ ਭੂਮਿਕਾ ਅਤੇ ਕੋਰਸ ਦੀ ਮਹਤੱਤਾ ਬਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਇੱਕ ਮਹੀਨੇ ਦੇ ਕੋਰਸ ਵਿੱਚ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਭਰਪੂਰ ਅਤੇ ਲਾਹੇਵੰਦ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਿਖਿਆਰਥੀਆਂ ਨੂੰ ਪੀ.ਏ.ਯੂ. ਵੱਲੋਂ ਲਗਾਏ ਜਾਂਦੇ ਹੋਰ ਕੋਰਸਾਂ ਦੀ ਜਾਣਕਾਰੀ ਦਿੱਤੀ ਅਤੇ ਸਾਰੇ ਸਿਖਿਆਰਥੀਆਂ ਨੂੰ ਇਹਨਾਂ ਕੋਰਸਾਂ ਦੌਰਾਨ ਵੱਧ ਤੋਂ ਵੱਧ ਕਿੱਤਾਮੁਖੀ ਲਾਹੇਵੰਦ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ।

Share This Article
Leave a Comment