ਕਿਸਾਨੀ ਦੀ ਬਿਹਤਰੀ ਲਈ ਖੋਜ ਅਤੇ ਪਸਾਰ ਮਾਹਿਰ ਯਤਨਸ਼ੀਲ : ਅਨਿਰੁਧ ਤਿਵਾੜੀ

TeamGlobalPunjab
7 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਸਾਰ ਅਤੇ ਖੋਜ ਮਾਹਿਰਾਂ ਦੀ ਇੱਕ ਰੋਜ਼ਾ ਆਨਲਾਈਨ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਅਨਿਰੁਧ ਤਿਵਾੜੀ ਆਈ ਏ ਐੱਸ, ਵਧੀਕ ਮੁੱਖ ਸਕੱਤਰ (ਵਿਕਾਸ) ਸ਼ਾਮਿਲ ਹੋਏ ਜਦਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਇਸ ਗੋਸ਼ਟੀ ਵਿੱਚ ਖੇਤੀਬਾੜੀ ਵਿਭਾਗ ਦੇ ਜੁਆਇੰਟ ਤੇ ਡਿਪਟੀ ਡਾਇਰੈਕਟਰਾਂ ਤੋਂ ਬਿਨਾਂ ਜ਼ਿਲ੍ਹਾ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਵੱਖ-ਵੱਖ ਖੇਤਰਾਂ ਦੇ ਵਿਗਿਆਨੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮਾਹਿਰਾਂ ਨੇ ਹਿੱਸਾ ਲਿਆ। ਜ਼ੂਮ ਉੱਪਰ ਆਨਲਾਈਨ ਹੋਈ ਇਸ ਗੋਸ਼ਟੀ ਦਾ ਉਦੇਸ਼ ਬੀਤੇ ਸਮੇਂ ਦੌਰਾਨ ਪੀ.ਏ.ਯੂ. ਵੱਲੋਂ ਨਵੀਆਂ ਕਿਸਮਾਂ, ਉਤਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ ਦੇ ਖੇਤਰ ਵਿੱਚ ਕੀਤੀਆਂ ਗਈਆਂ ਖੋਜਾਂ ਤੋਂ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਿਰਾਂ ਨੂੰ ਜਾਣੂੰ ਕਰਵਾਉਣਾ ਤਾਂ ਹੈ ਹੀ ਨਾਲ ਹੀ ਪਸਾਰ ਕਾਰਜਾਂ ਦੌਰਾਨ ਆਉਂਦੀਆਂ ਸਮੱਸਿਆਵਾਂ ਬਾਰੇ ਨਿੱਠ ਕੇ ਵਿਚਾਰ ਕਰਨਾ ਵੀ ਹੈ। ਇਸ ਗੋਸ਼ਟੀ ਵਿੱਚ ਵੱਖ-ਵੱਖ ਵਿਭਾਗਾਂ ਤੋਂ 400 ਦੇ ਕਰੀਬ ਮਾਹਿਰ ਸ਼ਾਮਿਲ ਹੋਏ।

ਵਾਈਸ ਚਾਂਸਲਰ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਪੀ.ਏ.ਯੂ. ਦਾ ਖੇਤੀ ਖੇਤਰ ਵਿੱਚ ਬੇਹੱਦ ਉੱਚਾ ਸਥਾਨ ਹੈ ਅਤੇ ਇਸ ਨੇ ਹਰੇ ਇਨਕਲਾਬ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਕਿਸਾਨ ਦੀ ਬਿਹਤਰੀ ਲਈ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਪੰਜਾਬ ਨੂੰ ਸਾਂਝੇ ਤੌਰ ‘ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਨੇ ਬੀਤੇ ਸਾਲਾਂ ਵਿੱਚ ਜੋ ਸਖਤ ਕੰਮ ਕੀਤਾ ਹੈ ਜਿਸਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਇਸ ਵਰ੍ਹੇ ਸਿੱਧੀ ਬਿਜਾਈ ਵਾਲੇ ਝੋਨੇ ਹੇਠ ਰਕਬੇ ਦਾ ਬਦਲ ਇਸਦੀ ਮਿਸਾਲ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਕੋਵਿਡ ਵਰਗੀਆਂ ਚੁਣੌਤੀਆਂ ਸਾਹਮਣੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਨੇ ਵਧੇਰੇ ਜ਼ਿੰਮੇਵਾਰੀ ਨਾਲ ਡਟ ਕੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਉਤਪਾਦਨ ਬਰਕਰਾਰ ਰੱਖਣ ਦੇ ਨਾਲ-ਨਾਲ ਸਥਿਰ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਚਿੰਤਾ ਹੈ। ਪਸਾਰ ਮਾਹਿਰਾਂ ਨੂੰ ਪ੍ਰੇਰਿਤ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਕਣਕ-ਝੋਨੇ ਤੋਂ ਬਾਹਰ ਦੇ ਫਸਲੀ ਵਸੀਲਿਆਂ ਤੋਂ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ ਇਸਲਈ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਘੱਟੋ ਘੱਟ 20 ਪ੍ਰਤੀਸ਼ਤ ਰਕਬਾ ਉਹ ਖੇਤੀ ਵਿਭਿੰਨਤਾ ਹੇਠ ਹੋਰ ਫ਼ਸਲਾਂ ਲਈ ਰੱਖਣ। ਉਹਨਾਂ ਕਿਹਾ ਕਿ ਵੱਧ ਸਮਾਂ ਅਤੇ ਪਾਣੀ ਦੀ ਵਰਤੋਂ ਕਰਨ ਵਾਲੀਆਂ ਪੂਸਾ-44 ਵਰਗੀਆਂ ਕਿਸਮਾਂ ਨਾ ਬੀਜਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸਹੀ ਸਮਾਂ ਹੈ । ਪਰਾਲੀ ਦੀ ਸੰਭਾਲ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਹੈਪੀਸੀਡਰ, ਸੁਪਰ ਸੀਡਰ ਅਤੇ ਹੁਣ ਸਮਾਰਟ ਸੀਡਰ ਤਕਨਾਲੋਜੀ ਦੇ ਵਿਕਾਸ ਦਾ ਸੂਚਕ ਹਨ । ਉਹਨਾਂ ਕਿਹਾ ਕਿ ਸੜਕਾਂ ਕਿਨਾਰੇ ਲਾਉਣ ਵਾਲੇ ਰੁੱਖਾਂ ਨੂੰ ਸ਼ਹਿਦ ਮੱਖੀਆਂ ਲਈ ਲਾਭ ਦੇ ਨਜ਼ਰੀਏ ਤੋਂ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ । ਸ੍ਰੀ ਤਿਵਾੜੀ ਨੇ ਆਉਂਦੇ ਫਸਲੀ ਸੀਜ਼ਨ ਲਈ ਖੇਤੀ ਖੋਜ ਮਾਹਿਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਨੇ ਆਪਣੇ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਸਮੂਹ ਪੀ.ਏ.ਯੂ. ਦੇ ਅਧਿਕਾਰੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਵਰਕਸ਼ਾਪ ਲਈ ਆਨਲਾਈਨ ਪਲੇਟਫਾਰਮ ਨਾਲ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਿਸਾਨੀ ਦੀ ਬਿਹਤਰ ਸਹਾਇਤਾ ਹੋ ਸਕੇਗੀ। ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਰਿਕਾਰਡ ਉਪਜ ਸਾਹਮਣੇ ਆਈ ਅਤੇ ਇਸ ਵਾਰ ਕਣਕ ਉਤਪਾਦਨ ਪੱਖੋਂ ਪੰਜਾਬ ਨੇ 30 ਪ੍ਰਤੀਸ਼ਤ ਯੋਗਦਾਨ ਕੇਂਦਰੀ ਪੂਲ ਵਿੱਚ ਦੇ ਕੇ ਸਿਖਰਲਾ ਸਥਾਨ ਹਾਸਲ ਕੀਤਾ। ਉਹਨਾਂ ਨੇ ਚਾਲੂ ਸਾਉਣੀ ਸੀਜ਼ਨ ਦੌਰਾਨ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿੱਚ ਤਾਲਮੇਲ ਉੱਪਰ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਇਸੇ ਤਾਲਮੇਲ ਸਕਦਾ ਸਿੱਧੀ ਬਿਜਾਈ ਵਾਲੇ ਝੋਨੇ ਹੇਠ ਰਕਬਾ ਵਧਿਆ ਹੈ। ਉਹਨਾਂ ਕਿਹਾ ਕਿ ਨਰਮੇ, ਮੱਕੀ ਅਤੇ ਢੈਂਚੇ ਹੇਠ ਰਕਬਾ ਵਧਿਆ ਹੈ। ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਾੜੇ ਪਾਣੀਆਂ ਦੀ ਵਰਤੋਂ ਵਧਣ ਦੇ ਅੰਕੜੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਪੀਲੀ ਕੁੰਗੀ ਦੀ ਰੋਕਥਾਮ, ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਨਾਲ-ਨਾਲ ਤੇਲਬੀਜ ਫਸਲਾਂ ਵਿੱਚ ਵਾਧੇ ਦੀਆਂ ਕੋਸ਼ਿਸ਼ਾਂ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਹਨ। ਡਾ. ਸਿੱਧੂ ਨੇ ਨਵੀਆਂ ਤੇਲਬੀਜ, ਕਮਾਦ ਅਤੇ ਜੌਂਆਂ ਦੀਆਂ ਕਿਸਮਾਂ ਦੀ ਖੋਜ ਉੱਪਰ ਜ਼ੋਰ ਦਿੱਤਾ।

ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਖੋਜ ਗਤੀਵਿਧੀਆਂ ਤੇ ਰੌਸ਼ਨੀ ਪਾਉਂਦਿਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ-869, ਪੀ.ਬੀ.ਡਬਲਯੂ-824, ਪੀ.ਬੀ.ਡਬਲਯੂ-803 ਬਾਰੇ ਗੱਲ ਕੀਤੀ ਜੋ ਮਾਹਿਰਾਂ ਵੱਲੋਂ ਸਿਫ਼ਾਰਸ਼ ਕੀਤੀਆਂ ਗਈਆਂ ਹਨ । ਬਰਸੀਮ ਦੀ ਨਵੀਂ ਕਿਸਮ ਬੀ ਐੱਲ-44 ਅਤੇ ਜਵੀ ਦੀ ਨਵੀਂ ਕਿਸਮ ਓ ਐੱਲ-15 ਦਾ ਜ਼ਿਕਰ ਚਾਰੇ ਵਾਲੀਆਂ ਕਿਸਮਾਂ ਦੇ ਰੂਪ ਵਿੱਚ ਕੀਤਾ। ਇਸ ਤੋਂ ਬਿਨਾਂ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਦਾ ਜ਼ਿਕਰ ਖੇਤੀ ਜੰਗਲਾਤ ਦੇ ਸੰਦਰਭ ਵਿੱਚ ਕੀਤਾ ਗਿਆ । ਖੇਤੀ ਮਸ਼ੀਨਰੀ ਵਿੱਚ ਡਾ. ਬੈਂਸ ਨੇ ਪੀ.ਏ.ਯੂ. ਸਮਾਰਟ ਸੀਡਰ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ ਜੋ ਪਰਾਲੀ ਦਾ ਕੁਝ ਹਿੱਸਾ ਜ਼ਮੀਨ ਵਿੱਚ ਵਾਹੁੰਦਾ ਹੈ ਅਤੇ ਬਾਕੀ ਪਰਾਲੀ ਨੂੰ ਮਲਚ ਦੇ ਤੌਰ ਤੇ ਵਿਛਾ ਦਿੰਦਾ ਹੈ । ਉਤਪਾਦਨ ਤਕਨੀਕਾਂ ਵਿੱਚ ਉਹਨਾਂ ਨੇ ਛੋਲਿਆਂ ਦੇ ਦਾਣਿਆਂ ਵਿੱਚ ਜ਼ਿੰਕ ਦਾ ਵਾਧਾ, ਪਤਝੜ ਰੁੱਤ ਦੇ ਕਮਾਦ ਵਿੱਚ ਸ਼ਿਮਲਾ ਮਿਰਚ ਅਤੇ ਤੇਲਬੀਜ ਦੀ ਅੰਤਰ-ਫਸਲੀ ਕਾਸ਼ਤ, ਜੈਵਿਕ ਖੇਤੀ ਅਧੀਨ ਸਾਉਣੀ ਰੁੱਤ ਦੀ ਮੂੰਗੀ ਅਤੇ ਆਲੂਆਂ ਵਿੱਚ ਗੰਧਕ ਦੀ ਪੂਰਤੀ ਬਾਰੇ ਸਿਫ਼ਾਰਸ਼ਾਂ ਸਾਹਮਣੇ ਲਿਆਂਦੀਆਂ । ਇਸੇ ਤਰ੍ਹਾਂ ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।

- Advertisement -

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਸਵਾਗਤੀ ਸ਼ਬਦ ਬੋਲਦਿਆਂ ਇਸ ਆਨਲਾਈਨ ਸੈਸ਼ਨ ਵਿੱਚ ਭਰਪੂਰ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਸਭ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਇਹ ਗੋਸ਼ਟੀ ਯਕੀਨਨ ਹੀ ਖੋਜ ਲਈ ਨਵੇਂ ਰਾਹ ਪੱਧਰੇ ਕਰੇਗੀ ਅਤੇ ਪਸਾਰ ਮਾਹਿਰਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਵੀ ਕਰੇਗੀ।

ਇਸ ਮੌਕੇ ਪਿਛਲੀ ਗੋਸ਼ਟੀ ਦੌਰਾਨ ਆਏ ਸੁਝਾਵਾਂ ਅਤੇ ਸਿਫ਼ਾਰਸ਼ਾਂ ਅਤੇ ਉਹਨਾਂ ਸੰਬੰਧੀ ਕਾਰਵਾਈ ਰਿਪੋਰਟ ਡਾ. ਗੁਰਮੀਤ ਸਿੰਘ ਬੁੱਟਰ ਵਧੀਕ ਨਿਰਦੇਸ਼ਕ ਪਸਾਰ ਨੇ ਪੇਸ਼ ਕੀਤੀ । ਇਸ ਵਰਕਸ਼ਾਪ ਦੀ ਰੂਪਰੇਖਾ ਅਤੇ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ.  ਅਰੰਭਲੇ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਮੁੱਖ ਮਹਿਮਾਨ, ਅਧਿਕਾਰੀਆਂ ਅਤੇ ਮਾਹਿਰਾਂ ਦਾ ਧੰਨਵਾਦ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕੀਤਾ।
ਇਸ ਗੋਸ਼ਟੀ ਦੇ ਤਕਨੀਕੀ ਸੈਸ਼ਨਾਂ ਵਿੱਚ ਕਣਕ, ਜੌਂ ਅਤੇ ਦਾਲਾਂ ਦੇ ਨਾਲ-ਨਾਲ ਮੱਕੀ, ਤੇਲ ਬੀਜ ਫ਼ਸਲਾਂ, ਚਾਰੇ, ਗੰਨਾ ਆਦਿ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ। ਇਸ ਤੋਂ ਇਲਾਵਾ ਖੇਤੀ ਇੰਜਨੀਅਰਿੰਗ, ਜੰਗਲਾਤ ਅਤੇ ਅਰਥ ਸਾਸ਼ਤਰ ਦੇ ਮਸਲਿਆਂ ਨੂੰ ਵਿਚਾਰਿਆ ਗਿਆ।

Share this Article
Leave a comment