ਚੰਡੀਗੜ੍ਹ: ਬੀਤੇ ਦਿਨੀਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸਾਫ ਕੀਤਾ ਕਿ ਕਿਸਾਨਾਂ ਨੂੰ ਬਿਜਲੀ ਬਿਲ ਨਹੀਂ ਲੱਗਣਗੇ। ਉੱਥੇ ਹੀ ਅੱਜ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਰਕਾਰ ਵਲੋਂ ਪੱਖ ਰੱਖਿਆ ਤੇ ਦਾਅਵਾ ਕੀਤਾ ਕਿ ਪੰਜਾਬ ‘ਚ ਮੋਟਰਾਂ ਦੇ ਬਿਜਲੀ ਬਿੱਲ ਲਾਉਣ ਸਬੰਧੀ ਪੰਜਾਬ ਕੈਬਨਿਟ ‘ਚ ਕੋਈ ਫੈਸਲਾ ਨਹੀਂ ਹੋਇਆ। ਬਾਜਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਮੋਟਰਾਂ ਦੇ ਬਿੱਲ ਜਾਰੀ ਕਰਨ ਲਈ ਮਜ਼ਬੂਰ ਕਰ ਰਹੀ ਹੈ ਪਰ ਪੰਜਾਬ ਸਰਕਾਰ ਇਸ ਦੇ ਹੱਕ ‘ਚ ਨਹੀਂ।
ਬਾਜਵਾ ਨੇ ਕਿਹਾ ਕਿ ਕੇਂਦਰ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਖੇਤੀ ‘ਤੇ ਕਰਜ਼ਾ ਤਾਂ ਹੀ ਮਿਲ ਸਕਦਾ ਹੈ ਜੇਕਰ ਤੁਸੀਂ ਮੋਟਰਾਂ ‘ਤੇ ਬਿੱਲ ਲਾਓਗੇ। ਉਨ੍ਹਾਂ ਕਿਹਾ ਕਿ ਕੇਂਦਰ ਬਿਜਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ ‘ਚ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ 20 ਲੱਖ ਕਰੋੜ ਦੇ ਵਿੱਤੀ ਪੈਕੇਜ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੈਕੇਜ ‘ਚ ਸਿਰਫ਼ ਕਰਜ਼ ਹੀ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਖਬੀਰ ਤੇ ਹਰਸਿਮਰਤ ਬਾਦਲ ‘ਤੇ ਵਾਰ ਕਰਦਿਆਂ ਕਿਹਾ ਕਿ ਲੱਗਦਾ ਇਨ੍ਹਾਂ ਨੇ ਕੇਂਦਰ ਦੀਆਂ ਗਾਇਡਲਾਇਨਜ਼ ਨਹੀਂ ਪੜ੍ਹੀਆਂ।