ਕਿਸਾਨਾਂ ਨਾਲ ਲਾਈਵ ਪ੍ਰੋਗਰਾਮ ਵਿੱਚ ਤਾਜ਼ਾ ਖੇਤੀ ਜਾਣਕਾਰੀ ਸਾਂਝੀ ਕੀਤੀ

TeamGlobalPunjab
2 Min Read

ਚੰਡੀਗੜ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਨਾਲ ਵੱਡੀ ਪੱਧਰ ਉਤੇ ਕਿਸਾਨਾਂ ਦਾ ਜੁੜਨਾ ਇਸ ਪ੍ਰੋਗਰਾਮ ਦੇ ਮਹੱਤਵ ਦਾ ਸੂਚਕ ਹੈ। ਲਾਈਵ ਪ੍ਰੋਗਰਾਮ ਦੀ ਸ਼ੁਰੂਆਤ ਨਵੰਬਰ ਮਹੀਨੇ ਦੇ ਖੇਤੀ ਰੁਝੇਵਿਆਂ ਬਾਰੇ ਜਾਣਕਾਰੀ ਨਾਲ ਹੋਈ। ਇਹ ਜਾਣਕਾਰੀ ਸ੍ਰੀ ਰਵਿੰਦਰ ਭਲੂਰੀਆ ਅਤੇ ਡਾ. ਇੰਦਰਪ੍ਰੀਤ ਕੌਰ ਨੇ ਸਾਂਝੀ ਕੀਤੀ। ਜੁਆਲੋਜੀ ਵਿਭਾਗ ਦੇ ਮੁਖੀ ਡਾ. ਨੀਨਾ ਸਿੰਗਲਾ ਨੇ ਖੇਤਾਂ ਵਿੱਚ ਚੂਹਿਆਂ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਹੈਪੀ ਸੀਡਰ ਨਾਲ ਬੀਜੇ ਖੇਤਾਂ ਵਿੱਚ ਚੂਹਿਆਂ ਦੀ ਗਿਣਤੀ ਘਟਾਉਣ ਬਾਰੇ ਨੁਕਤੇ ਸਾਂਝੇ ਕੀਤੇ । ਇਸ ਤੋਂ ਇਲਾਵਾ ਚੂਹਿਆਂ ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਤਰੀਕਿਆਂ ਅਤੇ ਕੁਦਰਤੀ ਅਤੇ ਰਸਾਇਣਕ ਤਰੀਕਿਆਂ ਰਾਹੀਂ ਚੂਹਿਆਂ ਨੂੰ ਰੋਕਣ ਬਾਰੇ ਜਾਣਕਾਰੀ ਦਿੱਤੀ ।

ਫ਼ਲ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਜਸਵਿੰਦਰ ਬਰਾੜ ਨੇ ਪਤਝੜ ਰੁੱਤ ਦੇ ਫ਼ਲਦਾਰ ਬੂਟਿਆਂ ਦੀ ਲਵਾਈ ਲਈ ਸਹੀ ਸਮੇਂ ਅਤੇ ਸਹੀ ਕਿਸਮਾਂ ਦੇ ਨਾਲ-ਨਾਲ ਵਿਉਂਤਬੰਦੀ ਬਾਰੇ ਵੀ ਗੱਲ ਕੀਤੀ । ਉਨ੍ਹਾਂ ਨੇ ਛੋਟੇ ਬੂਟਿਆਂ ਨੂੰ ਠੰਡ ਅਤੇ ਕੋਰੇ ਤੋਂ ਬਚਾਉਣ, ਫ਼ਲਾਂ ਨੂੰ ਮੰਡੀ ਵਿੱਚ ਲਿਜਾਉਣ ਤੋਂ ਪਹਿਲਾਂ ਦਰਜਾਬੰਦੀ, ਅੰਬ ਅਤੇ ਹੋਰ ਬੂਟਿਆਂ ਦੇ ਉਪਰ ਮਿਲੀਬੱਗ ਤੋਂ ਬਚਾਅ ਲਈ ਤਿਲਕਵੀਂ ਪੱਟੀ ਲਗਾਉਣ ਬਾਰੇ ਜਾਣਕਾਰੀ ਦਿੱਤੀ।

ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਕਣਕ ਦੀ ਫ਼ਸਲ ਦੇ ਮੁੱਖ ਨਦੀਨਾਂ ਬਾਰੇ ਗੱਲ ਕਰਦਿਆਂ ਗੁੱਲੀ ਡੰਡੇ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨ ਵੀਰਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਣਕ ਦੀ ਫ਼ਸਲ ਵਿੱਚ ਹੋਰ ਕਿਹੜੇ ਮੁੱਖ ਨਦੀਨ ਅਤੇ ਉਨ•ਾਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਮਿਜ਼ਾਜ ਬਾਰੇ ਅਤੇ ਦਿਨ ਤੇ ਰਾਤ ਦੇ ਤਾਪਮਾਨ ਦੀ ਸਥਿਤੀ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦੀ ਸੰਭਾਵਨਾ ਬਾਰੇ ਵੀ ਗੱਲ ਕੀਤੀ।

Share This Article
Leave a Comment