ਚੰਡੀਗੜ੍ਹ: ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਡਾਕਟਰ ਜੋਗਿੰਦਰ ਦਿਆਲ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦੀ ਬੇਟੀ ਜਸਮਿਨ ਨੇ ਦੱਸਿਆ ਕਿ 30 ਅਪ੍ਰੈਲ ਨੂੰ 12 ਵਜੇ ਕੁਲਗ੍ਰਾਮ ਨੇੜੇ ਨੰਗਲ ਡੈਮ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਡਾ. ਜੁਗਿੰਦਰ ਦਿਆਲ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਦੇ ਸੁਰਗਵਾਸ ਹੋਣ ਨਾਲ ਖੱਬੇਪੱਖੀ ਲਹਿਰ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸਮਾਜ ਪ੍ਰਤੀ ਉਨ੍ਹਾਂ ਦੀ ਫਿਕਰਮੰਦੀ ਬਹੁਤ ਵੱਡੀ ਸੀ। ਮੈਡੀਕਲ ਸਾਇੰਸ ‘ਚ ਉਚੇਰੀ ਸਿੱਖਿਆ – ਜ਼ਾਬਤਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਪੇਸ਼ੇਵਰ ਡਾਕਟਰ ਬਣਨ ਦੀ ਥਾਂ ਲੋਕ ਸੇਵਾ ਨੂੰ ਚੁਣਿਆ। ਉਹ ਸਮ੍ਰਪਿਤ ਰਾਜਸੀ ਕਾਰਕੁੰਨ ਅਤੇ ਪ੍ਰਤਿਬੱਧ ਪਬਲਿਕ ਬੁੱਧੀਜੀਵੀ ਸਨ। ਸਾਹਿਤ ਤੇ ਕਲਾਵਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਕਮਾਲ ਦੀ ਸੀ। ਉਹ ਤਾ- ਉਮਰ ਭਾਰਤੀ ਕਮਿਊਨਿਸਟ ਪਾਰਟੀ ਨੂੰ ਸਮ੍ਰਪਿਤ ਕਾਮੇ ਵਜੋਂ ਸਰਗਰਮ ਰਹੇ। ਉਹ ਸੀ. ਪੀ. ਆਈ. ਦੇ ਪੰਜਾਬ ਦੇ ਸਕੱਤਰ, ਪਾਰਟੀ ਦੀ ਕੌਮੀ (ਨੈਸ਼ਨਲ) ਕੌਂਸਲ ਦੇ ਮੈਂਬਰ ਅਤੇ ਕੌਮੀ ਸਕੱਤਰੇਤ ‘ਚ ਸੈਕਟਰੀ ਦੇ ਉਚ ਆਹੁਦਿਆਂ ਉਤੇ ਕਾਰਜ-ਸ਼ੈਲੀ ਰਹੇ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ) ਦੇ ਮੈਂਬਰ ਸਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਅਜੇਹੇ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਸਨ, ਜੋ ਰਾਜਨੀਤਕ ਤੇ ਸਿਧਾਂਤਕ ਵਖਰੇਵਿਆਂ ਦੇ ਬਾਵਜੂਦ ਸਾਂਝੇ ਸਮਾਜਿਕ ਤੇ ਕੌਮੀ ਮੁੱਦਿਆਂ ਉਤੇ ਦੂਜਿਆਂ ਨੂੰ ਨਾਲ ਲੈ ਕੇ ਚੱਲਣ ਦੀ ਮੁਹਾਰਤ ਰੱਖਦੇ ਸਨ। ਉਂਨਾਂ ਦੇ ਵਿਛੋੜੇ ਨਾਲ ਪੰਜਾਬ ਦੇ ਉਸਾਰੂ ਰਾਜਸੀ ਸਭਿਆਚਾਰ ਵਿਚ ਵੱਡਾ ਖਿਲਾਅ ਪੈਦਾ ਹੋਇਆ ਹੈ। ਉਨ੍ਹਾਂ ਦਾ ਜੀਵਨ ਸੰਘਰਸ਼, ਸਮ੍ਰਪਣ ਅਤੇ ਤਿਆਗ ਦੀ ਮਿਸਾਲ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਡਾ. ਜੁਗਿੰਦਰ ਦਿਆਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ, ਸਨੇਹੀਆਂ, ਲੇਖਕਾਂ ਅਤੇ ਕਮਿਊਨਿਸਟ ਪਾਰਟੀ ਦੇ ਸਾਥੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ।