ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਨਜ਼ਰ ਰੱਖਣ ਲਈ ਬਲਾਚੌਰ ’ਚ ਡਰੋਨ ਦਾ ਤਜਰਬਾ

TeamGlobalPunjab
3 Min Read

 ਬਲਾਚੌਰ : ਬਲਾਚੌਰ ਨਗਰ ਕੌਂਸਲ ਦੇ ਕੌਂਸਲਰਾਂ ਨੇ ਅੱਜ ਨਗਰ ਕੌਂਸਲ ਦਫ਼ਤਰ ’ਚ ਐਸ ਡੀ ਐਮ ਜਸਬੀਰ ਸਿੰਘ ਅਤੇ ਡੀ ਐਸ ਪੀ ਜਤਿੰਦਰਜੀਤ ਸਿੰਘ ਨਾਲ ਮੀਟਿੰਗ ਕਰਕੇ ਕੋਵਿਡ-19 ਦੀ ਰੋਕਥਾਮ ਪ੍ਰਤੀ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਆਪੋ-ਆਪਣੇ ਵਾਰਡ ਦੀ ਨਾਕਾਬੰਦੀ ਕਰਨ ਦਾ ਐਲਾਨ ਕੀਤਾ।
ਐਸ ਡੀ ਐਮ ਜਸਬੀਰ ਸਿੰਘ ਅਤੇ ਡੀ ਐਸ ਪੀ ਜਤਿੰਦਰਜੀਤ ਸਿੰਘ ਨੇ ਸ਼ਹਿਰ ਵਾਸੀਆਂ ਦੇ ਇਸ ਫ਼ੈਸਲੇ ਦਾ ਸਾਥ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਤਜਰਬੇ ਦੇ ਤੌਰ ’ਤੇ ਸ਼ਹਿਰ ਦੀ ਨਿਗਰਾਨੀ ਲਈ ਡਰੋਨ ਵੀ ਚਲਾਉਣਗੇ।
ਐਸ ਡੀ ਐਮ ਜਸਬੀਰ ਸਿੰਘ ਅਨੁਸਾਰ ਸ਼ਹਿਰ ਵਾਸੀਆਂ ਵੱਲੋਂ ਆਪਣੇ ਇਲਾਕੇ ਨੂੰ ਕੋਵਿਡ-19 ਤੋਂ ਪੂਰੀ ਤਰ੍ਹਾਂ ਬਚਾਉਣ ਅਤੇ ਸਰਕਾਰ ਵੱਲੋਂ ਲਾਏ ਕਰਫ਼ਿਊ ’ਚ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਉਹ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਇਸ ਨਾਕੇਬੰਦੀ ਦੀ ਨਿਗਰਾਨੀ ਕਰਨਗੇ। ਹਰੇਕ ਨਾਕੇ ’ਤੇ ਲੋਕਾਂ ਦੀ ਜਾਗਰੂਕਤਾ ਲਈ ਸਾਬਣ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਲੋਕਾਂ ਵੱਲੋਂ ਆਪੋ-ਆਪਣੇ ਵਾਰਡਾਂ ’ਚੋਂ ਬਾਹਰ ਜਾਣ ਜਾਂ ਆਉਣ ਵਾਲੇ ਲੋਕਾਂ ਦਾ ਬਕਾਇਦਾ ਰਜਿਸਟਰ ’ਚ ਨਾਮ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੌਂਸਲਰਾਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਜਿਵੇਂ ਘਰਾਂ ’ਚ ਹੀ ਰਹਿਣ, ਘੱਟੋ-ਘੱਟ ਇੱਕ ਮੀਟਰ ਦਾ ਫ਼ਾਸਲਾ ਰੱਖਣ, ਵਾਰ ਵਾਰ ਹੱਥਾਂ ਨੂੰ ਧੋਣ, ਖੰਘ ਜਾਂ ਛਿੱਕ ਆਉਣ ’ਤੇ ਮੂੰਹ ਨੂੰ ਢਕਣ, ਤੇਜ਼ ਬੁਖਾਰ, ਸੁੱਕੀ ਖਾਂਸੀ ਜਾਂ ਸਾਹ ਲੈਣ ’ਚ ਤਕਲੀਫ਼ ਹੋਣ ’ਤੇ ਤੁਰੰਤ ਨੇੜਲੇ ਸਿਵਲ ਹਸਪਤਾਲ ’ਚ ਸੰਪਰਕ ਕਰਨ ਬਾਰੇ ਦੱਸਿਆ ਜਾਵੇਗਾ।
ਬਾਅਦ ਦੁਪਹਿਰ ਡਰੋਨ ਰਾਹੀਂ ਬਲਾਚੌਰ ਸ਼ਹਿਰ ’ਤੇ ਨਜ਼ਰ ਰੱਖਣ ਦੇ ਤਜਰਬੇ ਦਾ ਜਾਇਜ਼ਾ ਲੈਣ ਪੁੱਜੇ ਐਸ ਐਸ ਪੀ ਅਲਕਾ ਮੀਨਾ ਨੇ ਦੱਸਿਆ ਕਿ ਇਸ ਦਾ ਮੰਤਵ ਲੋਕਾਂ ਨੂੰ ਕਰਫ਼ਿਊ ਦੌਰਾਨ ਘਰਾਂ ’ਚ ਬਿਠਾਉਣਾ ਹੈ ਤਾਂ ਜੋ ਸਰਕਾਰ ਵੱਲੋਂ ਕਰਫ਼ਿਊ ਲਾਉਣ ਦੇ ਮੰਤਵ ਨੂੰ ਹਾਸਲ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਅੱਜ ਏ ਡੀ ਸੀ (ਜ) ਅਦਿਤਿਆ ਉੱਪਲ ਨੇ ਵੀ ਬਲਾਚੌਰ ਦਾ ਦੌਰਾ ਕੀਤਾ ਅਤੇ ਸਬ ਡਵੀਜ਼ਨ ਹਸਪਤਾਲ ਬਲਾਚੌਰ ਵਿਖੇ ਐਸ ਡੀ ਐਮ ਜਸਬੀਰ ਸਿੰਘ ਅਤੇ ਤਹਿਸੀਦਾਰ ਚੇਤਨ ਬੰਗੜ ਨੂੰ ਨਾਲ ਲੈ ਕੇ ਐਮ ਐਮ ਓ ਡਾ. ਰਵਿੰਦਰ ਠਾਕੁਰ ਨਾਲ ਮੀਟਿੰਗ ਵੀ ਕੀਤੀ।
ਫ਼ੋਟੋ ਕੈਪਸ਼ਨ: ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਅਤੇ ਡੀ ਐਸ ਪੀ ਜਤਿੰਦਰਜੀਤ ਸਿੰਘ ਬਲਾਚੌਰ ਵਿਖੇ ਕੌਂਸਲਰਾਂ ਨਾਲ ਮੀਟਿੰਗ ਕਰਦੇ ਹੋਏ।

Share this Article
Leave a comment