ਕਰਫਿਊ ਦੌਰਾਨ ਨਾਕੇ ਤੇ ਨਸ਼ਾ ਤਸਕਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਹਕ ਚ ਆਏ ਚੀਮਾ, ਕੋਰੋਨਾ ਸ਼ਹੀਦ ਐਲਾਨਣ ਦੀ ਕੀਤੀ ਮੰਗ

TeamGlobalPunjab
2 Min Read

ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਕਰਫਿਊ ਲਗਾਇਆ ਗਿਆ ਹੈ । ਇਸ ਦੌਰਾਨ ਹੀ ਆਪ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਇਕ ਗੰਭੀਰ ਮੁੱਦੇ ਤੇ ਚਿੰਤਾ ਜਾਹਰ ਕੀਤੀ ਹੈ । ਉਨ੍ਹਾਂ ਕਿਹਾ ਕਿ ਕਰਫ਼ਿਊ (ਲੌਕਡਾਊਨ) ਦੌਰਾਨ ਵੀ ਪੰਜਾਬ ਅਤੇ ਗੁਆਂਢੀ ਰਾਜਾਂ ‘ਚ ਡਰੱਗ ਮਾਫ਼ੀਆ ਬੇਲਗ਼ਾਮ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਨਾਲ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹਨ

 ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ‘ਚ ਇੱਕ ਨੌਜਵਾਨ ਨੂੰ ਡਰੱਗ ਮਾਫ਼ੀਆ ਨੇ ਗੋਲੀਆਂ ਨਾਲ ਭੁੰਨ ਦਿੱਤਾ ਜਦੋਂ ਕਿ 2 ਨੌਜਵਾਨ ਨਸ਼ੇ ਦੀ ਓਵਰ ਡੋਜ਼ ਨਾਲ ਦਮ ਤੋੜ ਗਏ। ਚੀਮਾ ਨੇ ਕਿਹਾ ਕਿ ਅਜਿਹੇ ਅਨੇਕਾਂ ਹੀ ਮਾਮਲੇ ਹਨ ਜੋ ਮੀਡੀਆ ਦੀਆਂ ਸੁਰਖ਼ੀਆਂ ਨਹੀਂ ਬਣੇ ਹੋਏ।

ਹਰਪਾਲ ਸਿੰਘ ਚੀਮਾ ਨੇ ਫ਼ਿਰੋਜ਼ਪੁਰ ਵਿੱਚ 2 ਨੌਜਵਾਨਾਂ ਨੂੰ ਨਸ਼ਾ ਤਸਕਰਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਜਿਹੜੇ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੋੋਰੋਨਾ ਵਾਇਰਸ ਦੌੌਰਾਨ ਨਾਕੇ ਤੇ ਖੜ੍ਹੇ ਸਨ ।  ਚੀਮਾ ਨੇ ਮੰਗ ਕੀਤੀ ਕਿ  ਉੱਥੇ ਮਾਰੇ ਗਏ ਨੌਜਵਾਨ ਜੱਜ ਸਿੰਘ ਨੂੰ ਕੋਰੋਨਾ ਵਿਰੁੱਧ ਜੰਗ ਦਾ ‘ਸ਼ਹੀਦ’ ਐਲਾਨ ਕੇ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ‘ਚ ਯੋਗਤਾ ਮੁਤਾਬਿਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਐਲਾਨੀ ਜਾਵੇ। ਜਦਕਿ ਜ਼ਖਮੀ ਹੋਏ ਨੌਜਵਾਨ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਚੁੱਕੇ ਅਤੇ ਉਸਨੂੰ ਉਸ ਦੀ ਯੋਗਤਾ ਮੁਤਾਬਿਕ ਸਰਕਾਰੀ ਨੌਕਰੀ ਦਿੱਤੀ ਜਾਵੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਕਰਫ਼ਿਊ ਦੌਰਾਨ ਵੀ ਨਸ਼ੇ ਦੇ ਵਪਾਰੀ ਸਰਗਰਮ ਹਨ। ਜੇਕਰ ਸਰਕਾਰ ਨੇ ਸਖ਼ਤੀ ਨਾਲ ਡਰੱਗ ਮਾਫ਼ੀਆ ‘ਤੇ ਕਾਬੂ ਪਾਇਆ ਹੁੰਦਾ ਤਾਂ ਮਾਨਸਾ ਜ਼ਿਲੇ ਦੇ ਦੋ ਅੱਲੜ ਨੌਜਵਾਨ ਨਸ਼ੇ ਦੀ ਭੇਂਟ ਨਾ ਚੜਦੇ। ਚੀਮਾ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਦਮ ਉਠਾ ਕੇ ਆਪਣੀ ਤਿੰਨ ਸਾਲਾਂ ਦੀ ਸਰਕਾਰ ‘ਤੇ ਮਾਫ਼ੀਆ ਦੀ ਪੁਸ਼ਤ ਪਨਾਹੀ ਕਰਨ ਦੇ ਲੱਗੇ ਦਾਗ਼ ਧੋਏ।

Share This Article
Leave a Comment