ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਵਿਸ਼ਵ ਭੋਜਨ ਦਿਹਾੜੇ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ। ਇਹ ਸਮਾਗਮ ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰ (ਪਾਬੀ) ਵੱਲੋਂ ਸਿਖਲਾਈ ਹਾਸਲ ਖੇਤੀ ਭੋਜਨ ਕਾਰੋਬਾਰ ਦੇ ਖੇਤਰ ਵਿੱਚ ਔਰਤ ਕਾਰੋਬਾਰੀ ਦੇ ਸਨਮਾਨ ਲਈ ਕੀਤਾ ਗਿਆ ਸੀ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪਾਬੀ ਵੱਲੋਂ ਦੋ ਸਿਖਲਾਈ ਪ੍ਰੋਗਰਾਮ ਉਦਮ ਅਤੇ ਉਡਾਨ ਚਲਾਏ ਜਾ ਰਹੇ ਹਨ। ਉਦਮ ਵਿੱਚ ਪੰਜ ਲੱਖ ਰੁਪਏ ਤੱਕ ਅਤੇ ਉਡਾਨ ਤਹਿਤ 25 ਲੱਖ ਤੱਕ ਦੀ ਸਹਾਇਤਾ ਰਾਸ਼ੀ ਕਾਰੋਬਾਰੀ ਉਦਮੀਆਂ ਲਈ ਮੁਹੱਈਆ ਹੋ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਕਾਰੋਬਾਰੀ ਸਿਖਲਾਈ ਦੇ ਕੇ ਉਹਨਾਂ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਮਜ਼ਬੂਤ ਆਧਾਰ ਦੇਣਾ ਹੈ।
ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਢੁੱਕਵੇਂ ਮੁੱਲ ਵਾਲੇ ਅਤੇ ਟਿਕਾਊ ਭੋਜਨ ਪਦਾਰਥਾਂ ਨੂੰ ਉਤਸ਼ਾਹਿਤ ਕਰਕੇ ਕਾਰੋਬਾਰੀ ਉਦਮੀਆਂ ਨੂੰ ਹੌਂਸਲਾ ਦੇਣਾ ਚਾਹੀਦਾ ਹੈ । ਇਸ ਨਿਸ਼ਾਨੇ ਦੀ ਪੂਰਤੀ ਲਈ ਪੰਜ ਸੈਸ਼ਨਾਂ ਦੀ ਇੱਕ ਲੜੀ ਕਰਵਾਈ ਗਈ ਜਿਸ ਵਿੱਚ ਖੇਤੀ ਕਾਰੋਬਾਰ ਨਾਲ ਜੁੜੀਆਂ ਔਰਤਾਂ ਨੇ ਆਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਦੱਸੀਆਂ । ਇਸ ਸੈਸ਼ਨ ਦਾ ਸਮਾਪਨ ਤ੍ਰਿਪਤ ਆਰਗੈਨਿਕਸ ਦੇ ਕੁਮਾਰੀ ਹਰਪ੍ਰੀਤ ਕੌਰ ਦੀਆਂ ਗੱਲਾਂ ਨਾਲ ਹੋਇਆ। ਉਹਨਾਂ ਦੱਸਿਆ ਕਿ ਉਹਨਾਂ ਦੇ ਉਤਪਾਦ ਜਿਵੇਂ ਰਾਗੀ, ਮਾਲਟ ਡਰਿੰਕ, ਪ੍ਰੀਮਿਕਸ ਅਤੇ ਮਿਲਟ ਇਡਲੀ ਰੀਮਿਕਸ, ਮਿਲਟ ਸਵੀਟਸ ਅਤੇ ਸਨੈਕਸ ਪੂਰੇ ਉਤਰ ਭਾਰਤ ਵਿੱਚ ਪ੍ਰਸਿੱਧ ਹਨ।
ਕੁਮਾਰੀ ਅਨੁਪਮਾ ਨੇ ਗੋਰਮੇਕਾ ਗਰੀਨਜ਼ ਨਾਂ ਹੇਠ ਇੱਕ ਕੰਪਨੀ ਸ਼ੁਰੂ ਕੀਤੀ ਜੋ ਮਾਈਕ੍ਰੋ ਗਰੀਨਜ਼ ਉਪਰ ਕੰਮ ਕਰ ਰਹੀ ਹੈ। ਕੁਮਾਰੀ ਹਰਜੋਤ ਕੌਰ ਗੰਭੀਰ ਨੇ ਡਿਲੀਸ਼ੀਅਸ ਬਾਈਟਸ ਨਾਂ ਹੇਠ ਸਿਹਤਮੰਦ ਬੇਕਰੀ ਵਿੱਚ ਕੇਕ, ਬਿਸਕੁੱਟ, ਕੁਕੀਜ਼, ਪਿੰਨੀਆਂ ਅਤੇ ਹੋਰ ਉਤਪਾਦ ਤਿਆਰ ਕੀਤੇ। ਕੁਮਾਰੀ ਅਲਪਨਾ ਗੁਪਤਾ ਨੇ ਨੈਤਿਕ ਫੂਡਜ਼ ਨਾਂ ਹੇਠ ਬੱਚਿਆਂ ਅਤੇ ਬਾਲਗਾਂ ਲਈ ਸਨੈਕਸ ਦੇ ਉਤਪਾਦ ਤਿਆਰ ਕੀਤੇ। ਕੁਮਾਰੀ ਪੂਜਾ ਜੈਨ ਪਕਾਉਣ ਲਈ ਤਿਆਰ ਭੋਜਨ ਉਤਪਾਦਾਂ ਦੀ ਲੜੀ ਦੀ ਸ਼ੁਰੂਆਤ ਕਰਨ ਵਾਲੀ ਕਾਰੋਬਾਰ ਉਦਮੀ ਹੈ।
ਇਹਨਾਂ ਸਿਖਿਆਰਥੀਆਂ ਨੇ ਗ੍ਰਹਿ ਵਿਗਿਆਨਆਂ ਅਤੇ ਡੈਮੋਸਟ੍ਰੇਟਰਾਂ ਨਾਲ ਗੱਲਬਾਤ ਦੇ ਲੰਮੇ ਸੈਸ਼ਨ ਕੀਤੇ ਜਿਸ ਨਾਲ ਪੇਂਡੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਨਵੇਂ ਤਜਰਬੇ ਹਾਸਲ ਹੋਏ । ਪਾਬੀ ਦੇ ਕਾਰੋਬਾਰੀ ਪ੍ਰਬੰਧਕ ਕੁਮਾਰੀ ਇਕਬਾਲਪ੍ਰੀਤ ਕੌਰ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ।