ਔਰਤਾਂ ਦੀ ਆਰਥਿਕ-ਮਾਨਸਿਕ ਮਜ਼ਬੂਤੀ ਲਈ ਕਾਰੋਬਾਰੀ ਉਦਮੀ ਬਣਨਾ ਸਹੀ ਰਾਹ : ਕੈਥਰੀਨ ਫਿਸ਼ਰ

TeamGlobalPunjab
2 Min Read

ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ‘ਕਾਰੋਬਾਰੀ ਉਦਮ ਅਤੇ ਔਰਤਾਂ’ ਵਿਸ਼ੇ ‘ਤੇ ਅਮਰੀਕਾ ਦੇ ਨਾਰਥ ਇੰਡੀਆ ਆਫਿਸ ਦੀ ਲੋਕ ਨੀਤੀ ਅਧਿਕਾਰੀ ਮਿਸ ਕੈਥਰੀਨ ਫਿਸ਼ਰ ਵੱਲੋਂ ਦਿੱਤਾ ਗਿਆ।

ਪਾਲ ਆਡੀਟੋਰੀਅਮ ਵਿਖੇ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵੱਲੋਂ ਕਰਵਾਏ ਇਸ ਵਿਸ਼ੇਸ਼ ਭਾਸ਼ਣ ਵਿੱਚ ਮਿਸ ਫਿਸ਼ਰ ਨੇ ਔਰਤਾਂ ਵੱਲੋਂ ਉਦਯੋਗ ਖੇਤਰ ਵਿੱਚ ਹਿੱਸੇਦਾਰੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਨੇ ਫਿਲਮ ਥੀਏਟਰਾਂ ਵਿੱਚ ਕਾਮਯਾਬ ਉਦਮੀ ਵਜੋਂ ਕੰਮ ਕੀਤਾ ਜਿੱਥੇ ਲੋਕ ਫਿਲਮ ਦੇਖਦੇ ਸਮੇਂ ਕੁਝ ਖਾਂਦੇ ਵੀ ਸਨ। ਮਿਸ ਫਿਸ਼ਰ ਨੇ ਇੱਕ ਕਾਮਯਾਬ ਉਦਯੋਗ ਉਦਮੀ ਬਣਨ ਲਈ ਸਿਰਜਣਾਤਮਕਤਾ, ਸਮਰਪਨ, ਨਿਮਰਤਾ, ਅਨੁਸ਼ਾਸ਼ਨ ਅਤੇ ਸ਼ਾਂਤ ਵਿਹਾਰ ਨੂੰ ਸਭ ਤੋਂ ਅਹਿਮ ਕਿਹਾ।

ਉਹਨਾਂ ਕਿਹਾ ਕਿ ਮਜ਼ਬੂਤ ਸੰਬੰਧ ਅਤੇ ਸੰਪੂਰਨ ਯੋਜਨਾ ਕਾਰੋਬਾਰ ਦੀ ਸ਼ੁਰੂਆਤ ਵਿੱਚ ਪੈਸੇ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ। ਨਾਲ ਹੀ ਕਾਰੋਬਾਰੀ ਬਣਨ ਲਈ ਢੁੱਕਵੇਂ ਸਹਿਯੋਗੀਆਂ ਦੀ ਤਲਾਸ਼ ਅਤੇ ਲੋੜੀਂਦੀ ਖੋਜ ਦੀ ਬਿਰਤੀ ਵੀ ਹੋਣੀ ਚਾਹੀਦੀ ਹੈ। ਉਹਨਾਂ ਨੇ ਔਰਤਾਂ ਦੀ ਆਰਥਿਕ-ਸਮਾਜਿਕ ਅਤੇ ਮਾਨਸਿਕ ਮਜ਼ਬੂਤੀ ਲਈ ਕਾਰੋਬਾਰੀ ਉਦਮ ਨਾਲ ਜੁੜਨ ਨੂੰ ਅੱਜ ਦੇ ਸਮਾਜਿਕ ਪ੍ਰਸੰਗ ਵਿੱਚ ਬੇਹੱਦ ਜ਼ਰੂਰੀ ਕਿਹਾ ਅਤੇ ਕਿਹਾ ਕਿ ਇਸ ਨਾਲ ਔਰਤਾਂ ਦੇ ਮਨੋਬਲ ਵਿੱਚ ਵੀ ਮਹੱਤਵਪੂਰਨ ਵਾਧਾ ਹੁੰਦਾ ਹੈ। ਮਿਸ. ਫਿਸ਼ਰ ਨੇ ਆਪਣੀ ਇਸ ਸਾਰੀ ਗੱਲਬਾਤ ਦੌਰਾਨ ਕਈ ਥਾਵਾਂ ਤੇ ਸੁਚੱਜੀਆਂ ਮਿਸਾਲਾਂ ਨਾਲ ਸਮਝਾਇਆ ਕਿ ਆਪਣੇ ਸੁਪਨੇ ਕਿਵੇਂ ਸਾਕਾਰ ਕੀਤੇ ਜਾ ਸਕਦੇ ਹਨ।

ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਮਹਿਮਾਨ ਬੁਲਾਰੇ ਦਾ ਗੁਲਦਸਤੇ ਨਾਲ ਸਵਾਗਤ ਕੀਤਾ। ਅਮਰੀਕਨ ਅਬੈਂਸੀ ਦੇ ਸੱਭਿਆਚਾਰਕ ਅਧਿਕਾਰੀ ਸ੍ਰੀ ਰੋਬਿਨ ਬਾਂਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਬਿਨਾਂ ਯੂਨੀਵਰਸਿਟੀ ਦੇ ਡਾਇਰੈਕਟਰ, ਵੱਖ-ਵੱਖ ਕਾਲਜਾਂ ਦੇ ਡੀਨ, ਅਧਿਆਪਕ, ਹੋਰ ਅਧਿਕਾਰੀ ਅਤੇ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਮੌਜੂਦ ਸਨ।

- Advertisement -

Share this Article
Leave a comment