ਆਹ ਲੱਗ ਗਿਆ ਪਤਾ ਕੌਣ ਚੁੱਕ ਰਿਹਾ ਸੀ ਬੱਚੇ, ਮੌਕੇ ਤੋਂ ਫੜ ਲਿਆ ਮੁਲਜ਼ਮ ਨੂੰ, ਤੇ ਕਰਤਾ ਪੁਲਿਸ ਹਵਾਲੇ

TeamGlobalPunjab
2 Min Read

ਹੁਸ਼ਿਆਰਪੁਰ : ਸੂਬੇ ‘ਚ ਬੱਚੇ ਚੁੱਕਣ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਹ ਘਟਨਾਵਾਂ ਇਸ ਕਦਰ ਵਧ ਗਈਆਂ ਹਨ ਕਿ ਸ਼ਾਇਦ ਹੀ ਕੋਈ ਦਿਨ ਅਜਿਹਾ ਰਿਹਾ ਹੋਵੇ ਜਿਸ ਦਿਨ ਅਜਿਹੀ ਕੋਈ ਘਟਨਾ ਮੀਡੀਆ ਦੀ ਸੁਰਖੀ ਨਾ ਬਣੀ ਹੋਵੇ। ਤਾਜਾ ਘਟਨਾ ਇੱਥੋਂ ਦੇ ਮੁਹੱਲਾ ਬਹਾਦਰਪੁਰ ‘ਚ ਵਾਪਰੀ ਹੈ ਜਿੱਥੇ ਜਦੋਂ ਇੱਕ ਔਰਤ ਨੇ ਇੱਕ ਪਰਵਾਸੀ ਮਜਦੂਰ ਦੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਇਲਾਕੇ ਵਿੱਚ ਰੌਲਾ ਪੈ ਗਿਆ ਤੇ ਅੱਖ ਦੇ ਫੋਰ ਵਿੱਚ ਹੀ ਉਸ ਔਰਤ ਨੂੰ ਭੀੜ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਸਬੰਧੀ ਬੱਚੇ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਬੱਚਿਆਂ ਨਾਲ ਖੜ੍ਹੀ ਖੜ੍ਹੀ ਜਿਉਂ ਹੀ ਘਰ ਦੇ ਅੰਦਰ ਗਈ ਤਾਂ ਇੱਕ ਪਰਵਾਸੀ ਔਰਤ ਨੇ ਉਸ ਦੇ ਬੱਚੇ ਨੂੰ ਛੋਲੇ ਦੇਣ ਦਾ ਲਾਲਚ ਦੇ ਕੇ ਆਪਣੇ ਕੋਲ ਬੁਲਾਇਆ ਅਤੇ ਜਿਉਂ ਹੀ ਉਹ ਬੱਚਾ ਉਸ ਔਰਤ ਕੋਲ ਪੁੱਜਾ ਤਾਂ ਉਹ ਉਸ ਨੂੰ ਚੁੱਕ ਕੇ ਭੱਜਣ ਲੱਗੀ। ਇਸ ਦੌਰਾਨ ਦੂਜੇ ਬੱਚਿਆਂ ਨੇ ਰੌਲਾ ਪਾ ਦਿੱਤਾ ਅਤੇ ਉਹ ਬੱਚੇ ਚੁੱਕਣ ਵਾਲੀ ਔਰਤ ਘਬਰਾ ਗਈ ਤੇ ਉਹ ਬੱਚੇ ਨੂੰ ਉੱਥੇ ਹੀ ਸੁੱਟ ਕੇ ਦੌੜ ਪਈ। ਪੀੜਤ ਮਾਂ ਨੇ ਦੱਸਿਆ ਕਿ ਉਹ ਬੱਚਿਆਂ ਦਾ ਰੌਲਾ ਸੁਣਦਿਆਂ ਹੀ ਭੱਜ ਕੇ ਬਾਹਰ ਆ ਗਈ ਤੇ ਪਤਾ ਲਗਦਿਆਂ ਹੀ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣਨ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਉਸ ਬੱਚਾ ਚੁੱਕਣ ਆਈ ਔਰਤ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮੌਕੇ ‘ਤੇ ਪਹੁੰਚ ਗਏ ਸਨ ਅਤੇ ਮੁਹੱਲਾ ਵਾਸੀਆਂ ਨੇ ਮੁਲਜ਼ਮ ਔਰਤ ਨੂੰ ਫੜ ਰੱਖਿਆ ਸੀ ਤੇ ਹੁਣ ਉਹ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਉਹ ਪੁੱਛ ਗਿੱਛ ਕਰ ਰਹੇ ਹਨ ਪਰ ਔਰਤ ਆਪਣੇ ਬਾਰੇ ਕੁਝ ਵੀ ਨਹੀਂ ਦੱਸ ਰਹੀ, ਸਿਰਫ ਪਾਗਲਾਂ ਵਾਂਗ ਹਰਕਤਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Share this Article
Leave a comment