ਆਹ, ਦੇਖੋ ਸਕੂਲ ਵਿੱਚ ਕਿਵੇਂ ਹੋਈ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ

TeamGlobalPunjab
3 Min Read

ਦਿੱਲੀ ਦੇ ਇਕ ਸਕੂਲ ਵਿੱਚ ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਨ ਦੀ ਘਟਨਾ ‘ਤੇ ਸਿੱਖ ਹਲਕਿਆਂ ‘ਚ ਸਖ਼ਤ ਨਿਰਾਸ਼ਾ ਪਾਈ ਜਾ ਰਹੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਰੂਪ-ਰੇਖਾ ਉਲੀਕ ਲਈ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਫੋਨ ‘ਤੇ ਸੰਪਰਕ ਕਰਨ ਉਨ੍ਹਾਂ ਦੱਸਿਆ ਕਿ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਮਾਤਾ ਜੈ ਕੌਰ ਸਕੂਲ ‘ਚ ਸਿੱਖ ਬੱਚਿਆਂ ਤੋਂ ਹਿੰਦੂ ਰਵਾਇਤਾਂ ਅਨੁਸਾਰ ਕਰਵਾਈ ਗਈ ਆਰਤੀ ਸਿੱਖ ਰਹਿਤ ਮਰਿਆਦਾ ਦੇ ਖਿਲਾਫ ਹੈ। ਇਸ ਸਬੰਧੀ ਵਾਇਰਲ ਹੋਈ ਵੀਡੀਓ ਤੋਂ ਪਤਾ ਚਲਦਾ ਹੈ ਸਿੱਖ ਬੱਚਿਆਂ ਦੇ ਹੱਥਾਂ ‘ਚ ਥਾਲੀਆਂ ਫੜਾ ਕੇ ਕਰਵਾਈ ਗਈ ਆਰਤੀ ਸਿੱਖ ਧਰਮ ਅਤੇ ਰਹਿਤ ਮਰਿਆਦਾ ਦੇ ਖਿਲਾਫ ਹੈ। ਸ਼੍ਰੀ ਸਿਰਸਾ ਨੇ ਦੱਸਿਆ ਕਿ ਸਕੂਲ ਵਿਚ ਛੁੱਟੀਆਂ ਹੋਣ ਕਾਰਨ ਸੰਚਾਲਕ ਜਾਂ ਪ੍ਰਿੰਸੀਪਲ ਨਾਲ ਇਸ ਬਾਰੇ ਗੱਲ ਨਹੀਂ ਹੋ ਸਕੀ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਦਾ ਵਫ਼ਦ ਮੰਗਲਵਾਰ (29 ਅਕਤੂਬਰ) ਨੂੰ ਵੀ ਸਕੂਲ ਜਾ ਕੇ ਆਇਆ ਹੈ ਪਰ ਛੁੱਟੀ ਹੋਣ ਕਾਰਨ ਕੋਈ ਨਹੀਂ ਮਿਲਿਆ। ਸਕੂਲ ਖੁੱਲ੍ਹਣ ‘ਤੇ ਮੁੜ ਸਕੂਲ ਵਿਚ ਜਾ ਕੇ ਇਸ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਸਿਰਸਾ ਨੇ ਦੱਸਿਆ ਕਿ ਦਿੱਲੀ ਦੇ ਭੋਗਲ ਏਰੀਏ ਵਿੱਚ ਵਾਪਰੀ ਅਜਿਹੀ ਘਟਨਾ ਦੀ ਵੀ ਉਹ ਜਾਂਚ ਕਰ ਰਹੇ ਹਨ।

ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਇਸ ਸਕੂਲ ਵਿੱਚ ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਨ ਦੀ ਸਖ਼ਤ ਨਿੰਦਾ ਕੀਤੀ ਹੈ। ਅਸ਼ੋਕ ਵਿਹਾਰ ਦੇ ਮਾਤਾ ਜੈ ਕੌਰ ਸਕੂਲ ’ਚ ਸਿੱਖ ਬੱਚਿਆਂ ਤੋਂ ਹਿੰਦੂ ਰਵਾਇਤਾਂ ਅਨੁਸਾਰ ਆਰਤੀ ਕਰਵਾਈ ਗਈ ਹੈ। ਇਸ ਬਾਰੇ ਸਾਹਮਣੇ ਆਈ ਵੀਡੀਓ ਤੋਂ ਖੁਲਾਸਾ ਹੋਇਆ ਹੈ। ਇਸ ਵੀਡੀਓ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਸਿੱਖ ਬੱਚਿਆਂ ਦੇ ਹੱਥਾਂ ’ਚ ਥਾਲੀਆਂ ਫੜਾ ਕੇ ਉਨ੍ਹਾਂ ਨੂੰ ਹਿੰਦੂ ਰਵਾਇਤ ਅਨੁਸਾਰ ਕੀਤੀ ਜਾਂਦੀ ਆਰਤੀ ਨਾਲ ਜੋੜਿਆ ਜਾ ਰਿਹਾ ਹੈ ਜਿਹੜਾ ਕਿ ਸਰਾਸਰ ਗ਼ਲਤ ਹੈ।

ਰਿਪੋਰਟਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਹੈ ਕਿ ਹਰ ਧਰਮ ਦੇ ਆਪੋ-ਆਪਣੇ ਅਸੂਲ ਹਨ। ਸਿੱਖ ਧਰਮ ਦੀਆਂ ਰਵਾਇਤਾਂ ਅਤੇ ਮਰਿਆਦਾ ਨਿਰਾਲੀ ਹੈ। ਇਸ ਨੂੰ ਕਿਸੇ ਹੋਰ ਧਰਮ ਨਾਲ ਜੋੜਣ ਦਾ ਯਤਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਚ ਲਈ ਲਿਖਿਆ ਜਾ ਚੁੱਕਾ ਹੈ।

- Advertisement -

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

Share this Article
Leave a comment