ਆਪ ਪਾਰਟੀ ਅਤੇ ਸੂਬਾ ਕਨਵੀਨਰ ਭਗਵੰਤ ਮਾਨ ਦੀ ਕਾਂਗਰਸ ਪਾਰਟੀ ਨਾਲ ਗੰਢਤੁੱਪ : ਅਕਾਲੀ ਦਲ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਦਮੀ ਪਾਰਟੀ ਤੇ ਇਸਦੇ ਸੂਬਾ ਕਨਵੀਨਰ ਭਗਵੰਤ ਮਾਨ ‘ਤੇ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੰਢਤੁਪ ਕਰ ਕੇ ਪੰਜਾਬੀਆਂ ਦੇ ਹਿੱਤਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਵੇਲੇ ਸੂਬੇ ਨੂੰ ਕੋਰੋਨਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਦੋਂ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੀ ਭਾਸ਼ਣ ਬੋਲਣ ਲੱਗ ਪਈ ਹੈ। ਉਹਨਾਂ ਕਿਹਾ ਕਿ ਬਜਾਏ ਲੋਕਾਂ ਦੇ ਮੁੱਕੇ ਚੁੱਕਣ ਤੇ ਸਰਕਾਰ ਨੂੰ ਬੇਨਕਾਬ ਕਰਨ ਦੇ ਆਪ ਨੇ ਕਾਂਗਰਸ ਪਾਰਟੀ ਨਾਲ ਨਾਪਾਕ ਗਠਜੋੜ ਕਰ ਲਿਆ ਹੈ ਤਾਂ ਕਿ ਇਹ ਇਕੱਠਿਆਂ ਅਕਾਲੀ ਦਲ ਦਾ ਟਾਕਰਾ ਕਰ ਸਕਣ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਦੇ ਬਿਆਨਾਂ ਵਿਚ ਇਹ ਝਲਕ ਰਿਹਾ ਹੈ ਕਿ ਉਹ ਕਾਂਗਰਸ ਦੇ ਰਾਜਕਾਲ ਵਿਚ ਹੋਏ ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲਿਆਂ ਵਾਸਤੇ ਮੁੱਖ ਮੰਤਰੀ ਜਾਂ ਮੰਤਰੀ ਮੰਡਲ ਨੂੰ ਨਿਸ਼ਾਨਾ ਬਣਾਉਣ ਵਿਚ ਦਿਲਚਸਪੀ ਨਹੀਂ ਰੱਖਦੇ ਸਗੋਂ ਉਹਨਾਂ ਨੂੰ ਅਕਾਲੀ ਦਲ ‘ਤੇ ਹਮਲੇ ਕਰਨ ਦਾ ਚਾਅ ਚੜਿਆ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਗਵੰਤ ਮਾਨ ਭੁੱਲ ਗਏ ਹਨ ਕਿ ਸੂਬੇ ਵਿਚ ਕਾਂਗਰਸ ਪਾਰਟੀ ਸੱਤਾ ਵਿਚ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ।

ਉਹਨਾਂ ਕਿਹਾ ਕਿ ਇਹ ਸ਼ਰੇਆਮ ਗੰਢਤੁੱਪ ਸੂਬੇ ਦੀ ਸਿਆਸਤ ਦੇ ਹਿੱਤਾਂ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਆਪ ਨੇ ਸੂਬੇ ਦੀ ਮੁੱਖ ਸਿਧਾਂਤਕ ਵਿਰੋਧੀ ਪਾਰਟੀ ਦੇ ਆਪਣੇ ਰੁਤਬੇ ਦਾ ਸਮਰਪਣ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਆਪ ਕਾਂਗਰਸ ਪਾਰਟੀ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਸੀ ਤੇ ਹੁਣ ਅਜਿਹਾ ਜਾਪਦਾ ਹੈ ਕਿ ਆਪ ਕਾਂਗਰਸ ਸਰਕਾਰ ਵਿਚ ਅਣਐਲਾਨੀ ਭਾਈਵਾਲੀ ਬਣ ਗਈ ਹੈ। ਉਹਨਾਂ ਕਿਹਾ ਕਿ ਆਪ ਲੀਡਰਸ਼ਿਪ ਸਰਕਾਰ ਵਿਚ ਆਪਣਾ ਪ੍ਰਭਾਵ ਬਣਾਈ ਰੱਖਣ ਵਾਸਤੇ ਛੋਟੇ ਮੁੱਦੇ ਚੁੱਕਣ ਵਿਚ ਹੀ ਦਿਲਚਸਪੀ ਵਿਖਾ ਰਹੀ ਹੈ ਤਾਂ ਕਿ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਉਸ ਕੋਲ ਬਣਿਆ ਰਹੇ ਭਾਵੇਂ ਕਿ ਇਸਦੇ ਕਈ ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ।

ਡਾ. ਚੀਮਾ ਨੇ ਕਿਹਾ ਕਿ ਇਹ ਖੁੱਲ੍ਹੀ ਗੰਢਤੁਪ ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਵਿਚ ਸਪਸ਼ਟ ਨਜ਼ਰ ਆ ਰਹੀ ਸੀ ਜਿਥੇ ਭਗਵੰਤ ਮਾਨ ਵੱਲੋਂ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਹੀ ਆਪ ਕੇਂਦਰ ਸਰਕਾਰ ਦੇ ਖੇਤੀਬਾੜੀ ਬਾਰੇ ਆਰਡੀਨੈਂਸਾਂ ਬਾਰੇ ਸਰਕਾਰ ਦੇ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਉਹਨਾਂ ਕਿਹਾ ਕਿ ਲੋਕਾਂ ਪ੍ਰਤੀ ਬਣਦਾ ਆਪਣਾ ਫਰਜ਼ ਅਦਾ ਕਰਨ ਦੀ ਥਾਂ ਭਗਵੰਤ ਮਾਨ ਕਾਂਗਰਸ ਪਾਰਟੀ ਲਈ ਡਿਊਟੀ ਕਰਦੇ ਰਹੇ।

- Advertisement -

ਅਕਾਲੀ ਆਗੂ ਨੇ ਕਿਹਾ ਕਿ ਲੋਕ ਇਸ ਧੋਖੇ ਲਈ ਆਪ ਨੂੰ ਕਦੇ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਲੋਕਾਂ ਦੇ ਮੁੱਦੇ ਚੁੱਕੇ ਤੇ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, 4 ਹਜ਼ਾਰ ਕਰੋੜ ਰੁਪਏ ਦੇ ਬੀਜ ਘੁਟਾਲੇ ਤੇ ਬਹੁ ਕਰੋੜੀ ਰਾਸ਼ਨ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਆਪ ਸਿਧਾਂਤਕ ਵਿਰੋਧੀ ਪਾਰਟੀ ਵਜੋਂ ਆਪਣੀ ਭੂਮਿਕਾ ਖਤਮ ਕਰਨ ‘ਤੇ ਤੁਲੀ ਹੋਈ ਹੈ ਜਦਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਕਾਂਗਰਸ ਨੂੰ ਬੇਨਕਾਬ ਕਰਨ ਲਈ ਜ਼ਮੀਨੀ ਪੱਧਰ ‘ਤੇ ਲੜ ਰਿਹਾ ਹੈ।

Share this Article
Leave a comment