ਜਲੰਧਰ : ਸੂਬੇ ਅੰਦਰ ਦੁਰਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੀ ਕੱਲ੍ਹ ਜਿੱਥੇ ਪਟਿਆਲਾ ਅੰਦਰ ਹੋਈ ਦੁਰਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਉੱਥੇ ਹੀ ਅੱਜ ਜਲੰਧਰ ਅਮ੍ਰਿਤਸਰ ਹਾਈਵੇਅ ‘ਤੇ ਵੀ ਹੋਏ ਹਾਦਸੇ ‘ਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਇੱਕ ਸ਼ਰਧਾਲੂਆਂ ਦਾ ਜਥਾ ਨਤਮਸਤਕ ਹੋ ਕੇ ਛੋਟੇ ਹਾਥੀ ਰਾਹੀਂ ਵਾਪਸ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਇਨਡੈਵਰ ਗੱਡੀ ਨਾਲ ਟੱਕਰ ਹੋ ਗਈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੌਰਾਨ ਛੋਟੇ ਹਾਥੀ ਦੇ ਪਰਖੱਚੇ ਉੱਡ ਗਏ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ 15 ਹੋਰ ਵਿਅਕਤ਼ੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ 1 ਦੀ ਪੁਲਿਸ ਮੌਕੇ ‘ਤੇ ਪਹੁੰਚੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਪਹੁੰਚੇ ਐਂਬੂਲੈਂਸ ਅਧਿਕਾਰੀ ਨੀਰਜ ਸ਼ਰਮਾਂ ਨੇ ਦੱਸਿਆ ਕਿ ਇਨਡੈਵਰ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਤਾਂ ਉਹ ਸ਼ਰਧਾਲੂਆਂ ਦੇ ਛੋਟੇ ਹਾਥੀ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਮਰੀਜਾਂ ਨੂੰ ਸਿਟੀ ਹਸਪਤਾਲ ਜਲੰਧਰ ‘ਚ ਭਰਤੀ ਕਰਵਾਇਆ ਗਿਆ ਹੈ। ਅਧਕਾਰੀ ਅਨੁਸਾਰ ਕੋਲ 15 ਤੋਂ 20 ਮਰੀਜ਼ ਹਨ ਜਿਨ੍ਹਾਂ ਵਿੱਚ 5 ਦੀ ਹਾਲਤ ਜਿਆਦਾ ਗੰਭੀਰ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਕਿ ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।