ਨਵੀਂ ਦਿੱਲੀ: ਰੂਸੀ ਰਾਸ਼ਟਰਪਤੀ ਪੂਤਿਨ ਦੀ ਯਾਤਰਾ ਦੌਰਾਨ ਦੋਵੇਂ ਦੇਸ਼ 5 ਹਜ਼ਾਰ ਕਰੋੜ ਤੋਂ ਵੱਧ ਦੀ ਏਕੇ-203 ਅਸਾਲਟ ਰਾਈਫਲ ਸੌਦੇ ‘ਤੇ ਮੋਹਰ ਲਗਾਉਣਗੇ। ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਜ਼ਾਈਲ ਰੱਖਿਆ ਪ੍ਰਣਾਲੀ ਐੱਸ-400 ਦਾ ਮਾਡਲ ਪੇਸ਼ ਕਰਨਗੇ। ਰੂਸ ਵੱਲੋਂ ਭਾਰਤ ਨੂੰ ਇਸ ਰੱਖਿਆ ਪ੍ਰਣਾਲੀ ਦੀ ਸਪਲਾਈ ਦੇ ਪ੍ਰਤੀਕ ਵਜੋਂ ਇਹ ਮਾਡਲ ਸੌਂਪਿਆ ਜਾਵੇਗਾ।ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਜ ਯਾਨੀ 6 ਦਸੰਬਰ ਤੋਂ ਭਾਰਤ ਦੌਰੇ ‘ਤੇ ਆ ਰਹੇ ਹਨ।
ਰਾਸ਼ਟਰਪਤੀ ਪੁਤਿਨ ਤੇ ਪ੍ਰਧਾਨ ਮੰਤਰੀ ਮੋਦੀ ਦੀ ਦੋ ਸਾਲ ਬਾਅਦ ਆਹਮੋ ਸਾਹਮਣੇ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾਂ ਨਵੰਬਰ 2019 ’ਚ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ’ਚ ਬ੍ਰਿਕਸ ਸੰਮੇਲਨ ਤੋਂ ਵੱਖ ਦੋਵਾਂ ਦੀ ਨਿੱਜੀ ਮੁਲਾਕਾਤ ਹੋਈ ਸੀ। ਸਿਖ਼ਰ ਸੰਮੇਲਨ ਦੌਰਾਨ ਰਾਸ਼ਟਰਪਤੀ ਪੁਤਿਨ ਤੇ ਪੀਐੱਮ ਮੋਦੀ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਸਮੀਖਿਆ ਕਰਨਗੇ। ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ’ਤੇ ਚਰਚਾ ਕਰਨਗੇ।
ਕ੍ਰੇਮਲਿਨ ’ਚ ਬੁੱਧਵਾਰ ਨੂੰ ਪੁਤਿਨ ਨੇ ਵਿਦੇਸ਼ੀ ਰਾਜਦੂਤਾਂ ਨਾਲ ਜਾਣ ਪਛਾਣ ਕਰਨ ਦੇ ਸਮਾਰੋਹ ’ਚ ਕਿਹਾ ਸੀ ਕਿ ਉਹ ਪੀਐੱਮ ਨਰਿੰਦਰ ਮੋਦੀ ਨਾਲ ਰੂਸ-ਭਾਰਤ ਦੇ ਆਪਸੀ ਵਿਸ਼ੇਸ਼ ਸਬੰਧਾਂ ਨੂੰ ਹੋਰ ਵਿਆਪਕ ਪੈਮਾਨੇ ’ਤੇ ਵਿਕਸਤ ਕਰਨ ਦੀ ਪਹਿਲ ’ਤੇ ਚਰਚਾ ਕਰਨ ਦਾ ਇਰਾਦਾ ਰੱਖਦੇ ਹਨ। ਪੁਤਿਨ ਨੇ ਕਿਹਾ ਸੀ, ‘ਇਹ ਭਾਈਵਾਲੀ ਦੋਵਾਂ ਦੇਸ਼ਾਂ ਲਈ ਅਸਲ ’ਚ ਆਪਸੀ ਲਾਭ ਪਹੁੰਚਾਉਂਦੀ ਹੈ। ਦੁਵੱਲੇ ਵਪਾਰ ’ਚ ਚੰਗੀ ਗਤੀਸ਼ੀਲਤਾ ਬਣੀ ਹੋਈ ਹੈ, ਊਰਜਾ ਖੇਤਰ, ਇਨੋਵੇਸ਼ਨ, ਪੁਲਾੜ ਤੇ ਕੋਰੋਨਾ ਵਾਇਰਸ ਵੈਕਸੀਨ ਤੇ ਦਵਾਈਆਂ ਦੇ ਉਤਪਾਦਨ ’ਚ ਸਬੰਧ ਸਰਗਰਮ ਰੂਪ ਨਾਲ ਵਿਕਸਤ ਹੋ ਰਹੇ ਹਨ।’
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ 21ਵੀਂ ਭਾਰਤ-ਰੂਸ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅੱਜ ਯਾਨੀ ਸੋਮਵਾਰ ਨੂੰ ਭਾਰਤ ਪਹੁੰਚਣਗੇ। ਦੁਨੀਆ ਦੀਆਂ ਨਜ਼ਰਾਂ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੂਤਿਨ ਵਿਚਾਲੇ ਸ਼ਾਮ ਨੂੰ ਹੋਣ ਵਾਲੀ ਮੁਲਾਕਾਤ ‘ਤੇ ਟਿਕੀਆਂ ਹੋਈਆਂ ਹਨ। ਭਾਰਤ-ਪ੍ਰਸ਼ਾਂਤ ਖੇਤਰ, ਕਵਾਡ ਅਤੇ ਅਫਗਾਨਿਸਤਾਨ ‘ਤੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਮਤਭੇਦ ਅਤੇ ਚੀਨ-ਭਾਰਤ ਤਣਾਅ ਵਿਚਾਲੇ ਪੂਤਿਨ ਦੇ ਦੌਰੇ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ।