ਅਮਰੀਕਾ ਦੀ ਸਮੁੰਦਰੀ ਫੌਜ ਈਰਾਨ ਦੇ ਜਹਾਜ਼ਾਂ ਤੇ ਕਿਸੇ ਵੀ ਵੇਲੇ ਧਾਵਾ ਬੋਲ ਸਕਦੀ ਹੈ ਕਿਉਂ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੁੰਦਰੀ ਫੌਜ ਨੂੰ ਹੁਕਮ ਦਿਤੇ ਹਨ ਕਿ ਜੇਕਰ ਈਰਾਨ ਦੇ ਜਹਾਜ਼ ਉਹਨਾਂ ਦੇ ਨੇੜੇ-ਤੇੜੇ ਆਉਂਦੇ ਹਨ ਤਾਂ ਹਮਲਾ ਕਰ ਦਿਓ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕੀਤਾ ਅਤੇ ਆਪਣੇ ਵੱਲੋਂ ਦਿਤੇ ਗਏ ਇਸ ਬਿਆਨ ਦਾ ਸਪੱਸ਼ਟੀਕਰਨ ਵੀ ਦਿਤਾ ਹੈ ਜਿਸ ਵਿਚ ਉਹਨਾਂ ਲਿਖਿਆ ਕਿ ਈਰਾਨ ਦੀ ਨੌ-ਸੇਨਾ ਦੇ ਜਹਾਜ਼ ਸਮੁੰਦਰ ਵਿਚ ਅਮਰੀਕੀ ਨੌ-ਸੇਨਾ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਅਜਿਹੀ ਸਥਿਤੀ ਵੀ ਬਣ ਗਈ ਸੀ ਕਿ ਦੋਨਾਂ ਦੇ ਜਹਾਜ਼ ਆਪਸ ਵਿਚ ਟਕਰਾ ਵੀ ਸਕਦੇ ਸਨ ਪਰ ਖੁਸ਼ਕਿਸਮਤੀ ਨਾਲ ਅਜਿਹਾ ਨਹੀਂ ਹੋਇਆ। ਦੱਸ ਦਈਏ ਕਿ ਅਮਰੀਕਾ ਅਤੇ ਈਰਾਨ ਦਰਮਿਆਨ ਪਿਛਲੇ ਹਫਤੇ ਤੋਂ ਕਾਫੀ ਜਿਆਦਾ ਖਿੱਚੋਤਾਣ ਵਧੀ ਹੋਈ ਹੈ ਅਤੇ ਇਸ ਗੱਲ ਦੀ ਚਰਚਾ ਪੂਰੀ ਦੁਨੀਆ ਦੇ ਵਿਚ ਹੋ ਰਹੀ ਹੈ। ਉਧਰ ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਸ਼ਰੀਫ ਨੇ ਵੀ ਆਪਣਾ ਟਵੀਟ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਲਿਖਿਆ ਸੀ ਕਿ ਤੁਸੀਂ ਦੂਜੇ ਦੇਸ਼ਾਂ ਦੇ ਮਾਮਲਿਆਂ ਵਿਚ ਦਖਲਅੰਦਾਜੀ ਕਰਨਾ ਬੰਦ ਕਰੋ, ਖਾਸ ਕਰਕੇ ਈਰਾਨ ਦੇ ਮਾਮਲਿਆਂ ਵਿਚ। ਕਾਬਿਲੇਗੌਰ ਹੈ ਕਿ ਇਕ ਤਾਂ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਅੰਕੜਾ ਵੱਧਦਾ ਜਾ ਰਿਹਾ ਹੈ ਦੂਜੇ ਪਾਸੇ ਅਮਰੀਕਾ ਦੀ ਚੀਨ ਤੋਂ ਬਾਅਦ ਹੁਣ ਈਰਾਨ ਦੇ ਨਾਲ ਵੀ ਖਿੱਚੋਤਾਣ ਵੱਧ ਗਈ ਹੈ।