ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਹਿੰਦੂਤਵ’ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੇ ਉੱਘੇ ਨੇਤਾ ਸੁਰੇਸ਼ ਭਈਆਜੀ ਜੋਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ‘ਹਿੰਦੂ’ ਅਤੇ ‘ਹਿੰਦੂਤਵ’ ਇੱਕੋ ਚੀਜ਼ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਵੱਖਰਾ ਦੱਸ ਕੇ ਗਲਤ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਈਆਜੀ ਜੋਸ਼ੀ ਨੇ ਕਿਹਾ, “‘ਹਿੰਦੂ’ ਅਤੇ ‘ਹਿੰਦੂਤਵ’ ਦੋ ਵੱਖ-ਵੱਖ ਵਿਚਾਰ ਨਹੀਂ ਹਨ, ਇਹ ਇੱਕ ਹੀ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ‘ਤੇ ਬੇਲੋੜਾ ਵਿਵਾਦ ਛੇੜ ਕੇ ਗਲਤ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਹਿੰਦੂ ਹੈ ਤਾਂ ਹਿੰਦੂਤਵ ਉਸ ਦੇ ਕਿਰਦਾਰ ਨੂੰ ਦਰਸਾਉਂਦਾ ਹੈ। ਜੋਸ਼ੀ ਨੇ ਕਿਹਾ, ”ਕੁਝ ਲੋਕ ਇਸ ਮਾਮਲੇ ਨੂੰ ਲੈ ਕੇ ਅਫਵਾਹਾਂ ਫੈਲਾਉਣ ‘ਚ ਲੱਗੇ ਹੋਏ ਹਨ, ਜੋ ਵਿਵਾਦ ਫੈਲਾਉਣ ‘ਚ ਲੱਗੇ ਹੋਏ ਹਨ, ਉਹ ਅਫਵਾਹਾਂ ਦੇ ਆਧਾਰ ‘ਤੇ ਇਸ ਦਾ ਨੀਂਹ ਪੱਥਰ ਰੱਖ ਰਹੇ ਹਨ।
ਦਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਿੰਦੂ ਅਤੇ ਹਿੰਦੂਤਵ ਦੇ ਫਰਕ ਦੀ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਸੀ ਕਿ ਹਿੰਦੂਤਵਵਾਦੀ ਗੰਗਾ ‘ਚ ਇਕੱਲਾ ਇਸ਼ਨਾਨ ਕਰਦਾ ਹੈ, ਜਦਕਿ ਹਿੰਦੂ ਉਹ ਹੈ ਜੋ ਕਰੋੜਾਂ ਲੋਕਾਂ ਨੂੰ ਨਾਲ ਲੈ ਕੇ ਜਾਂਦਾ ਹੈ। ਆਪਣੇ ਸਾਬਕਾ ਲੋਕ ਸਭਾ ਹਲਕਾ ਅਮੇਠੀ ਦੇ ਜਗਦੀਸ਼ਪੁਰ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਹਿੰਦੂ ਦਾ ਅਸਲੀ ਅਰਥ ਉਹ ਹੈ ਜੋ ਸਿਰਫ਼ ਸੱਚ ਦੇ ਮਾਰਗ ‘ਤੇ ਚੱਲਦਾ ਹੈ ਅਤੇ ਕਦੇ ਵੀ ਆਪਣੇ ਡਰ ਨੂੰ ਹਿੰਸਾ, ਨਫ਼ਰਤ ਅਤੇ ਗੁੱਸੇ ਵਿਚ ਨਹੀਂ ਬਦਲਦਾ।