ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਸਮਾਜ ਮੋਰਚਾ ਚੋਣਾਂ ‘ਤੇ ਬਦਲਵੀਂ ਰਾਜਨੀਤੀ

TeamGlobalPunjab
14 Min Read

ਡਾ. ਪਿਆਰਾ ਲਾਲ ਗਰਗ:

ਦਿੱਲੀ ਦੀਆਂ ਬਰੂਹਾਂ‘ਤੇ ਲਗਾਤਾਰ ਠੰਢ ਗਰਮੀ ਮੀਂਹ ਦੇ ਮੌਸਮਾਂ ਨੂੰ ਝੱਲਦੇ ਹੋਏ, 380-384 ਦਿਨ ਕਿਸਾਨ ਜਥੇਬੰਦੀਆਂ ਨੇ ਸਿਦਕ ਸਿਰੜ ਸਬਰ ਤੇ ਸੰਤੋਖ ਦੀ ਗੰਢ ਬੰਨ੍ਹੀ ਲੱਖਾਂ ਕਿਸਾਨਾਂ, ਮਜਦੂਰਾਂ, ਔਰਤਾਂ, ਨੌਜੁਆਨਾਂ, ਵਿਦਿਆਰਥੀਆਂ, ਬੱਚਿਆਂ, ਪੇਂਡੂਆਂ ਤੇ ਸ਼ਹਿਰੀਆਂ ਨੂੰ ਸ਼ਾਮਲ ਕਰਕੇ 700 ਤੋਂ ਵੱਧ ਸ਼ਹੀਦੀਆਂ  ਦੇ ਕੇ ਜਿੱਤ ਪ੍ਰਾਪਤ ਕੀਤੀ ! ਜਸ਼ਨ ਮਨਾਏ ਤੇ ਆਪਣੇ-ਆਪਣੇ ਸੂਬਿਆਂ ਵੱਲ ਨੂੰ ਚਾਲੇ ਪਾਏ! ਇਸ ਜਿੱਤ ਨੇ ਬਹੁਤੇ ਮਾਹਰਾਂ, ਨੀਤੀਘਾੜਿਆਂ, ਰਾਜਸੀ ਆਗੂਆਂ ਕੋਸ਼ਿਸ਼ਾਂ ਤੇ ਕਿਆਸਾਂ ਨੂੰ ਮਾਤ ਦੇ ਦਿੱਤੀ ! ਸਿਆਸਤਦਾਨਾਂ ਦਾ ਦਖਲ ਰੋਕਕੇ, ਸਮੂਹਕਿ ਫੈਸਲੇ ਲੈਣ ਦੇ ਅਮਲ ਨੂੰ ਲਾਗੂ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ! ਇਸ ਅੰਦੋਲਨ ਦਾ ਅੰਨਾ-ਅੰਦੋਲਨ ਨਾਲੋਂ ਵਿਸ਼ੇਸ਼ ਅੰਤਰ ਹੈ ਕਿ ਉਹ ਬਹੁਤਾ ਕਰਕੇ ਸ਼ਹਿਰੀ ਮੱਧ ਵਰਗ ਦਾ ਭਰਿਸ਼ਟਾਚਾਰ ਵਿਰੁੱਧ ਅੰਦੋਲਨ ਸੀ ਜਦਕਿ ਕਿਸਾਨ ਅੰਦੋਲਨ ਕ੍ਰਿਤੀਆਂ ਦਾ ਅਤੇ ਦਬੇ-ਕੁਚਲਿਆਂ ਦਾ ਅੰਦੋਲਨ ਹੈ! ਅਧੂਰੀ ਜਿੱਤ ‘ਤੇ ਹੀ ਉਸ ਵੇਲੇ ਇੱਕ ਹਿੱਸੇ ਨੇ ਸਿਆਸੀ ਪਾਰਟੀ ਬਣਾ ਲਈ ਸੀ! ਜਿੱਤ ਤਾਂ ਉਸ ਨਾਲੋਂ ਇਸਦੀ ਕਿਤੇ ਵੱਡੀ ਹੈ ਪਰ ਹੈ ਅਜੇ ਅਧੂਰੀ! ਇਸਦੀ ਇੱਕ ਧਿਰ ਵੀ ਚੋਣਾਂ ਵਿੱਚ ਕੁੱਦ ਪਈ ਹੈ ! ਕਾਨੂੰਨ ਰੱਦ ਕਰਵਾ ਲਏ ਪਰ ਅਜੇ ਸਰਕਾਰ ਨੇ ਖੇਤੀ ਨੂੰ ਸੂਬਿਆਂ ਦਾ ਅਧਿਕਾਰ ਨਹੀਂ ਮੰਨਿਆ, ਸ਼ਹੀਦ ਕਿਸਾਨਾਂ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਰਾਹਤ ਅਜੇ ਨਹੀਂ ਮਿਲੀ ! ਫੌਜਦਾਰੀ ਕੇਸ ਵਾਪਸ ਨਹੀਂ ਹੋਏ! ਐਮਐਸਪੀ ‘ਤੇ ਖ੍ਰੀਦ ਦੀ ਗਰੰਟੀ ਦੇ ਕਾਨੂੰਨ ਦੀ ਤਾਂ ਕਾਰਵਾਈ ਵੀ ਸੁਰੂ ਨਹੀਂ ਹੋਈ ! ਸੂਬਿਆਂ ਵੱਲ ਕਿਸਾਨੀ ਅਜੰਡਾ ਸੁਰੂ ਹੀ ਹੋਇਆ ਹੈ ! ਖੇਤ ਮਜਦੂਰਾਂ ਨਾਲ ਸਾਂਝ ਵਧਾਉਣੀ ਤੇ ਪੱਕੀ ਕਰਨੀ ਹੈ ! ਅੰਨਾ ਅੰਦੋਲਨ ਦੀ ਪਿੱਠ ‘ਤੇ ਵਿਰੋਧੀ ਸਿਆਸੀ ਪਾਰਟੀ ਖੜ੍ਹੀ ਸੀ ! ਪਰ ਕਿਸਾਨੀ ਅੰਦੋਲਨ ਨੇ ਜਨਤਕ ਤਾਕਤ ਦੇ ਸਹਾਰੇ ਸੰਗਤ, ਪੰਗਤ, ਭਾਈਚਾਰੇ ਤੇ ਏਕੇ ਦੇ ਸਹਾਰੇ ਬਿਨਾ ਸਿਆਸੀ ਦਖਲਅੰਦਾਜ਼ੀ ਦੇ ਜਿੱਤ ਦਾ ਡੰਕਾ ਵਜਾਇਆ ਹੈ !

ਅੰਨਾ ਅੰਦੋਲਨ ਦੀ ਪਾਰਟੀ ਕੋਲ ਪ੍ਰਚਾਰ ਲਈ ਸਮਾਂ ਕਾਫੀ ਸੀ ਪਰ ਸੰਯੁਕਤ ਸਮਾਜ ਮੋਰਚੇ ਕੋਲ ਸਮਾ ਬਹੁਤ ਘੱਟ ਹੈ।ਹੁਣ ਵਾਲੀ ਸਿਆਸੀ ਧਿਰ ਬਣਾਉਣ ਵਾਲਿਆਂ ਨੇ ਤਾਂ ਆਪਣੇ ਯੁੱਧ ਸਾਥੀਆਂ ਦੇ ਵਿਰੁੱਧ ਹੀ ਦੂਸ਼ਣਬਾਜੀ ਤੇ ਕਰਨੀ ਤੇ ਉਨ੍ਹਾਂ ਨੂੰ ਆਪਣਾ ਵਿਰੋਧੀ ਕਹਿਣਾ ਸ਼ੁਰੂ ਕਰ ਦਿੱਤਾ ! ਹੁਣ ਵਾਲੀ ਧਿਰ ਨੂੰ ਕੁੱਝ ਜਿਆਦਾ ਹੀ ਮਾਨ ਹੋ ਗਿਆ ਜਾਪਦਾ ਹੈ ! ਆਪ ਪਾਰਟੀ ਨੇ ਚੋਣਾਂ 2014 ਵਿੱਚ ਵੀ ਆਪਣੇ ਬਲਬੂਤੇ ਲੜੀਆਂ ਪਰ ਸੰਯੁਕਤ ਸਮਾਜ ਮੋਰਚੇ ਨੇ ਤਾਂ ਹੁਣੇ ਹੀ ਰਵਾਇਤੀ ਪਾਰਟੀਆਂ ਵੱਲ ਜਾਂ ਉਨ੍ਹਾਂ ਨਾਮ ਨਿਹਾਦ ਸਿਆਸੀ ਨੌ-ਸਿੱਖਿਆਂ ਵੱਲ ਵੀ ਕਦਮ ਵਧਾਉਣੇ ਸੁਰੂ ਕਰ ਦਿੱਤੇ ਜਿਹੜੇ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਸਨ ਜਾਂ ਕਹਿੰਦੇ ਸਨ ਕਿ ਇਹ ਵਾਪਸ ਨਹੀਂ ਹੋ ਸਕਦੇ, ਇਨ੍ਹਾਂ ਨਾਲ ਹੀ ਰਹਿਣਾ ਸਿੱਖੋ !

ਖੇਤੀ ਨਾਲ ਜੁੜੀਆਂ ਮੰਗਾਂ ‘ਤੇ ਕੀ ਪਵੇਗਾ ਪ੍ਰਭਾਵ?

- Advertisement -

ਸੰਯੁਕਤ ਕਿਸਾਨ ਮੋਰਚੇ ਦੀ ਜੋ ਟੁੱਟ-ਭੱਜ ਹੋਈ ਹੈ ਉਹ ਬਹੁਤ ਹੀ ਮੰਦਭਾਗੀ ਹੈ ਅਤੇ ਸਰਕਾਰ ਨੂੰ , ਬੀਜੇਪੀ ਨੂੰ ਤੇ ਹੋਰ

ਵਿਰੋਧੀ ਪਾਰਟੀਆਂ  ਤੇ ਰਾਜ ਕਰਦੀਆਂ ਧਿਰਾਂ ਨੂੰ ਮੌਕਾ ਦਿੰਦੀ ਹੈ ਕਿ ਉਹ ਲੋਕਾਂ ਦੀ ਉੱਠੀ ਕਾਂਗ ਨੂੰ ਰੋਕਾ ਲਾ ਸਕਣ ਤੇ ਵਾਇਦਾ ਖਿਲਾਫੀ ਕਰ ਸਕਣ ! ਇਸਦੇ ਨਾਲ ਹੀ ਲੋਕਾਂ ਨੂੰ ਅੱਡੋ ਫਾਟ ਕਰਨ ਲਈ ਤੇ ਪਿੰਡਾਂ ਦਾ ਭਾਈਚਾਰਾ ਤੋੜਨ ਲਈ ਮੌਕਾ ਮਿਲੇਗਾ ! ਬੀ ਜੇ ਪੀ ਨੂੰ ਹਾਰ ਦਾ ਬਦਲਾ ਲੈਣ ਲਈ  ਹਰਿਆਣਾ , ਯੂਪੀ ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਪੰਜਾਬ ਵਿਰੁੱਧ ਭੜਕਾਉਣ ਦਾ ਮੌਕਾ ਮਿਲੇਗਾ ! ਪੰਜਾਬ ਤੇ ਹਰਿਆਣਾ ਦੀ ਹੋਈ ਮਿਸਾਲੀ ਏਕਤਾ ਨੂੰ ਚੰਡੀਗੜ੍ਹ , ਦਰਿਆਈ ਪਾਣੀਆਂ ਅਤੇ ਇਲਾਕਿਆਂ ਦਾ ਮੁੱਦਾ ਖੜ੍ਹਾ ਰਕੇ ਤੋੜਨ ਦੀਆਂ ਕੋਸ਼ਿਸ਼ਾਂ ਦਾ ਰਾਹ ਖੁੱਲੇਗਾ !

ਕਿਉਂ ਬਣਿਆ ਸੰਯੁਕਤ ਸਮਾਜ ਮੋਰਚਾ ?

ਪੰਜਾਬ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਸਤੇ ਕਿਸਾਨਾਂ ਕੋਲੋਂ ਮੰਗ ਕੀਤੀ ਜਾ ਰਹੀ ਸੀ! ਲੋਕਾਂ ਨੂੰ ਵੀ ਲੱਗਦਾ ਹੈ ਕਿ ਕਿਸਾਨ ਆਗੂ ਹੀ ਪੰਜਾਬ ਦੀ ਉਲਝੀ ਤਾਣੀ ਸੁਲਝਾ ਸਕਦੇ ਹਨ। ਕਈ ਹੋਰ ਵਿਅਕਤੀ ਅਤੇ ਰਾਇ ਬਣਾਉਣ ਵਾਲੇ ਦਾਨਸ਼ਮੰਦ ਵੀ ਚੋਣਾ ਵਿੱਚ ਹਿੱਸਾ ਲੈਣ ਦੇ ਪੱਖੀ ਸਨ! ਕੁੱਝ ਕਿਸਾਨੀ ਆਗੂ ਵੀ ਆਪਣੇ ਆਪ ਨੂੰ ਭਵਿੱਖੀ ਮੁੱਖ ਮੰਤਰੀ ਤੇ ਮੰਤਰੀ ਵੇਖ ਰਹੇ ਹਨ! ਪ੍ਰਚਾਰ ਹੈ ਕਿ ਅੰਦੋਲਨ ਕਰਕੇ ਸ਼ਹੀਦੀਆਂ ਕਰਵਾ ਕੇ, ਦੁਖੜੇ ਝੱਲ ਕੇ ਕਾਨੂੰਨ ਵਾਪਸੀ ਵਾਸਤੇ ਲੜਣ ਦੀ ਥਾਂ ਕਿਉਂ ਨਾ ਖੁਦ ਹੀ ਕਾਨੂੰਨ ਬਣਾਉਣ ਵਾਲੇ ਬਣੀਏ?

ਕੀ ਹੈ ਹੁਣ ਤਵੱਕੋ ਸੰਯੁਕਤ ਸਮਾਜ ਮੋਰਚੇ ਤੋਂ ?

- Advertisement -

ਹੁਣ ਜਦ ਕਿਸਾਨਾਂ ਦੀ ਇੱਕ ਧਿਰ ਨੇ ਸਿਆਸਤ ਵਿੱਚ ਗੋਤਾ ਲਗਾ ਹੀ ਲਿਆ ਤਾਂ ਉਨ੍ਹਾਂ ਤੋਂ ਨਰੋਈਆਂ ਕਦਰਾਂ ਕੀਮਤਾਂ ਵਾਲੀ ਸਿਆਸਤ ਦੀ ਉਮੀਦ ਕੀਤੀ ਜਾਂਦੀ ਹੈ ! ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲਾਂ ਹੀ ਟੁੱਟ-ਭੱਜ ਤੇ ਇਲਜ਼ਾਮ ਤਰਾਸ਼ੀ ਦੀਆਂ ਸ਼ਿਕਾਰ ਹਨ, ਤੋਂ ਦੂਰ ਰਹਿ ਕੇ ਪੰਜਾਬ ਨੂੰ ਮੁੱਦਾ ਆਧਾਰਤ ਸਿਆਸਤ ਦੇਣ ਦੇ ਯਤਨਾਂ ਦੀ ਕੋਸ਼ਿਸ਼ ਦੀ ਉਮੀਦ ਕੀਤੀ ਜਾਂਦੀ ਹੈ । ਜਿੰਨ੍ਹਾਂ ਨੇ ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ ਜਾਂ ਉਨ੍ਹਾਂ ਨਾਲ ਹੀ ਜਿਉਣ ਦਾ ਨਾਹਰਾ ਦਿੱਤਾ ਉਹੋ ਜਿਹੇ ਵਿਅਕਤੀਆਂ ਲੋਕ ਹਿਤਾਂ ਦੇ ਨਾਮ ਤੇ ਚਲਾਈਆਂ ਜਥੇਬੰਦੀਆਂ ਤੋਂ ਬਿਲਕੁਲ ਹੀ ਕਿਨਾਰਾ ਕਰਕੇ ਰੱਖਣਾ ਬਣਦਾ ਹੈ ! ਕੇਵਲ ਜਿੱਤਣ ਦੀ ਲਾਲਸਾ ਵਿੱਚ ਅਸੂਲ ਅਤੇ ਆਪਣਾ ਕੱਦ ਬੁੱਤ ਛੱਡ ਕੇ, ਮਿਹਣੋ ਮਿਹਣੀ ਹੋਕੇ, ਅੰਦੋਲਨ ਦੇ ਭਾਈਵਾਲਾਂ ‘ਤੇ ਦੂਸਣਬਾਜੀ ਕਰਕੇ, ਆਮ ਆਦਮੀ ਪਾਰਟੀ ਨੂੰ ਸਮਝੌਤੇ ਵਾਸਤੇ ਮਜਬੂਰ ਕਰਨ ਲਈ ਹਰਾਉਣ ਦਾ ਦਬਾਓ ਦੇਣ ਵਾਲੀ ਬਿਆਨਬਾਜੀ ਤੋਂ ਗੁਰੇਜ ਦੀ ਲੋੜ ਹੈ ਨਹੀਂ ਤਾਂ ਇਸ ਨਾਲ ਸੰਯੁਕਤ ਸਮਾਜ ਮੋਰਚੇ ਨੂੰ ਵੀ ਰਵਾਇਤੀ ਰੰਗਤ ਮਿਲੇਗਾ ਹੀ ! ਵਖਰੇਵਾਂ ਖਤਮ ਹੋ ਜਾਵੇਗਾ ! ਸੰਯੁਕਤ ਸਮਾਜ ਮੋਰਚੇ ਤੋਂ ਆਗੂਆਂ ਦੇ ਦਾਅਵੇ ਮੁਤਾਬਕ ਤਾਂ ਸਿਆਸਤ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ! ਇਸ ਲਈ ਅਮਲ ਵੀ ਨਰੋਏ ਹੀ ਹੋਣੇ ਚਾਹੀਦੇ ਹਨ । ਠਰ੍ਹਮਾ ਸਾਬਤ ਕਦਮੀ ਤੇ ਸਿਰੜ ਦਾ ਪੱਲਾ ਨਾ ਛੱਡਣ ਦੀ ਉਮੀਦ ਹੈ! ਘਬਰਾਹਟ ਤੇ ਜਿਦ ਵਿੱਚ ਆ ਕੇ ਕੁੱਝ ਵੀ ਕਰੀ ਜਾਣ ਦਾ ਅਮਲ ਬਿਆਨੇ ਗਏ ਉਦੇਸਾਂ ਤੋਂ ਦੂਰ ਹੋਵੇਗਾ ! ਅਮਲਾਂ ਉਪਰ ਹੋਗ ਨਬੇੜਾ ਕਿਆ ਸੂਫੀ ਕਿਆ ਭੰਗੀ !

ਜੇ ਇਨ੍ਹਾਂ ਦਾ ਉਦੇਸ਼ ਸਿਆਸਤ ਵਿੱਚ ਆਉਣਾ ਅਤੇ ਹਰ ਹੀਲੇ ਹਰਬਿਆਂ ਰਾਹੀਂ ਜਿੱਤਣਾ ਨਹੀਂ ਤਾਂ ਕੀ ਕਰਨ?

ਸੰਯੁਕਤ ਸਮਾਜ ਮੋਰਚਾ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਲਈ ਮੀਲ ਪੱਥਰ ਸਥਾਪਤ ਕਰ ਸਕਦਾ ਹੈ ! ਅੱਜ ਪੰਜਾਬ ਨੂੰ ਸਿਆਸਤ ਵਿੱਚ ਇੱਕ ਮੁੱਦਾ ਆਧਾਰਤ, ਵਿਸਤਰਿਤ ਹੱਲ ਦੱਸਣ ਵਾਲੇ ਚੋਣ ਮਨੋਰਥ ਪੱਤਰ ਦੀ ਲੋੜ ਹੈ। ਇਨ੍ਹਾਂ ਵੱਲੋਂ ਦੱਸਣਾ ਬਣਦਾ ਹੈ ਕਿ ਉਹ ਸਿੱਖਿਆ ਦੀ ਨਿਘਰਦੀ ਹਾਲਤ, ਪੰਜਾਹ ਹਜਾਰ ਤੋਂ ਵੱਧ ਪ੍ਰਤੀ ਬੱਚੇ ਦੇ ਖਰਚੇ ਦੇ ਬਾਵਜੂਦ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ, ਝੂਠੀਆਂ ਡਿਗਰੀਆਂ ਪ੍ਰਾਈਵੇਟ ਦੀਆਂ ਫੀਸਾਂ ਤੇ ਅਮਲੇ ਦੀਆਂ ਤਨਖਾਹਾਂ ਆਦਿ ਦਾ ਕੀ ਕਰਨਗੇ, ਸਿਹਤ ਸੇਵਾਵਾਂ, ਪਿੰਡਾਂ ਵਿੱਚੋਂ ਡਾਕਟਰਾਂ ਦੀ ਤੇ ਅਮਲੇ ਦੀ ਗੈਰ ਹਾਜਰੀ, ਪੇਂਡੂ ਖੇਤਰ ਵਿੱਚ ਐਮਰਜੈਂਸੀ ਤੇ ਮਾਹਰਾਂ ਦੀਆਂ ਸੇਵਾਵਾਂ ਦਾ ਕੀ ਕਰਨਗੇ! ਪ੍ਰਾਈਵੇਟ ਨੂੰ ਕਿਵੇਂ ਨਿਯੰਤ੍ਰਤ ਕਰਨਗੇ? ਰੁਜਗਾਰ ਦਾ ਪ੍ਰਬੰਧ, ਨਵੇਂ ਰੁਜਗਾਰ ਸਿਰਜਣੇ, ਮਗਨਰੇਗਾ ਦਾ ਪੂਰਾ ਰੁਜਗਾਰ, ਸਰਕਾਰ ਵਿੱਚ ਠੇਕੇ ਵਾਲਿਆਂ ਨੂੰ ਤੇ ਪ੍ਰਾਈਵੇਟ ਵਿੱਚ ਮੁਲਾਜਮਾਂ ਕਾਮਿਆਂ ਨੂੰ ਘੱਟੋ ਘੱਟ ਉਜਰਤ ਯਕੀਨੀ ਬਣਾਉਣ ਤੇ ਕੰਮ ਹਾਲਤਾਂ ਸਹੀ ਬਣਾਉਣ ਵਿੱਚ ਕੀ ਕਰਨਗੇ? ਅਨੁਸੂਚਿਤ ਜਾਤੀਆਂ ਵਿੱਚ ਬਾਲਮੀਕੀਆਂ ਨੂੰ ਤੇ ਰਵੀਦਾਸੀਆਂ ਜਾਂ ਹੋਰਾਂ ਦੇ 95% ਪਿੱਛੇ ਛੱਡਿਆਂ ਨਾਲ ਰਾਖਵੇਂਕਰਨ ਵਿੱਚ ਲਾਭ ਨਾ ਮਿਲਣ ਦਾ ਕੀ ਹੱਲ ਕਰਨਗੇ, ਸਰਕਾਰੀ ਭਲਾਈ ਸਕੀਮਾਂ ਦੇ ਭਰਿਸ਼ਟਾਚਾਰ ਨੂੰ ਕਿਵੇਂ ਰੋਕਣਗੇ, ਪਾਣੀ ਮਿੱਟੀ ਤੇ ਹਵਾ ਪ੍ਰਦੂਸ਼ਣ ‘ਤੇ ਕੀ ਕਰਨਗੇ? ਪਰਿਆਵਰਣ ਵਿਗਾੜ ਦਾ, ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆ ਦੀ ਲਤ ਦਾ ਕੀ ਕਰਨਗੇ ਤੇ ਕਿਵੇਂ ਕਰਨਗੇ , ਗੁਟਕਾ ਸਾਹਿਬ ਦੀ ਸੌਂਹ ਨਹੀਂ ਚਾਹੀਦੀ ਨਾ ਹੀ ਕਾਨੂੰਨ ਬਦਲਾਅ ਨੂੰ ਤੇ ਨਾ ਹੀ ਤੁੰਨ ਦੇਣ ਨੂੰ ਕੋਈ ਕੰਮ ਸਮਝਿਆ ਜਾਵੇਗਾ ਜੇ ਨਸ਼ੇ ਚਲਦੇ ਰਹਿਣੇ ਨੇ! ਕੇਂਦਰ ਤੋਂ ਖੁੱਸੇ ਹੱਕ ਕਿਵੇਂ ਵਾਪਸ ਲੈਣਗੇ,ਖਜਾਨਾ ਕਿਵੇਂ ਭਰਨਗੇ, ਟੈਕਸਾਂ ਦੀ ਚੋਰੀ ਕਿਵੇਂ ਰੋਕਣਗੇ, ਭਰਿਸਟਾਚਾਰ ਨੂੰ ਨੱਥ ਪਾਉਣ ਲਈ ਕੀ ਕਰਨਗੇ, ਗ੍ਰਮ ਸਭਾਵਾਂ, ਪੰਚਾਇਤੀ ਰਾਜ ਸੰਸਥਾਵਾਂ ਤੇ ਮਿਉਂਸਪਲ ਕਮੇਟੀਆਂ ਵਾਰਡ ਸਭਾਵਾਂ ਆਦਿ ਦੇ ਹੱਕਾਂ ਦੀ ਬਹਾਲੀ ਕਿਵੇਂ ਕਰਨਗੇ, ਹਲਕਾ ਇੰਚਾਰਜਾਂ ਦੀ ਪ੍ਰਥਾ ਖਤਮ ਕਰਕੇ ਵਿਰੋਧੀ ਧਿਰ ਦੇ ਚੁਣੇ ਵਿਧਾਇਕ ਨੂੰ ਉਸਦੇ ਹਲਕੇ ਵਿੱਚ ਉਸਦੇ ਸੰਵਿਧਾਨਕ ਤੇ ਕਾਨੂੰਨੀ ਹੱਕ ਕਿਵੇਂ ਯਕੀਨੀ ਬਣਾਉਣਗੇ, ਵਿਧਾਨ ਸਭਾ ਦੇ ਅਜਲਾਸ ਲੰਬੇ ਕਰਕੇ ਪੰਜਾਬ ਦੀਆਂ ਸਮੱਸਿਆਵਾਂ ‘ਤੇ ਲਹਗਾਤਾਰ ਚਰਚਾਵਾਂ ਕਰਕੇ ਕਿਵੇਂ ਨੀਤੀ ਤਹਿ ਕਰਨਗੇ, ਵਿਧਾਇਕਾਂ ਦੀਆਂ ਕਈ ਕਈ ਪੈਨਸ਼ਨਾਂ, ਤਨਖਾਹਾਂ ਤੇ ਪੈਨਸ਼ਨਾਂ ਦੋਵੇਂ, ਉਨ੍ਹਾਂ ਦੇ ਟੈਕਸ ਦੀ ਅਦਾਇਗੀ ਖਜਾਨੇ ਵਿੱਚੋਂ ਰੋਕਣ ਲਈ ਕੀ ਕਰਨਗੇ, ਨੌਕਰੀਆਂ ਤੇ ਪ੍ਰਸ਼ਾਸ਼ਨ ਵਿੱਚ ਪਾਰਦਰਸ਼ਤਾ, ਜਿੰਮੇਵਾਰੀ, ਜਵਾਬਦੇਹੀ ਕਿਵੇਂ ਸਥਪਤ ਕਰਨਗੇ? ਚੋਣਾਂ ਦੌਰਾਨ ਭਰਿਸ਼ਟਾਚਾਰ, ਬਾਹੂਬਲ ਤੇ ਧਨ  ਦੇ ਬੋਲ ਬਾਲੇ ਨੂੰ ਕਿਵੇਂ ਨੱਥ ਪਾਉਣਗੇ? ਸਰਕਾਰੀ ਤੇ ਪ੍ਰਾਈਵੇਟ ਦੀਆਂ ਤਨਖਾਹਾਂ ਦੇ ਅੰਤਾਂ ਦੇ ਪਾੜੇ ਨੂੰ ਕਿਵੇਂ ਘਟਾਉਣਗੇ? ਖੇਤੀ ਸੰਕਟ ਦਾ ਕੀ ਹੱਲ ਕਰਨਗੇ, ਕੀ ਹੋਵੇਗਾ ਖੇਤੀ ਦਾ ਅਜੰਡਾ ਤੇ ਖੇਤੀ ਨੀਤੀ ? ਭਾਈਚਾਰਾ ਕਾਇਮ ਰੱਖਣ ਵਾਸਤੇ ਕੀ ਕਰਨਗੇ ? ਪਾੜੋ ਤੇ ਰਾਜ ਕਰੋ ਦੀ ਚੱਲ ਰਹੀ ਰਾਜਨੀਤੀ ਨੂੰ ਕਿਵੇਂ ਠੱਲ੍ਹ ਪਾਉਣਗੇ ?

ਭਰਿਸ਼ਟਾਚਾਰ ਤੇ ਮਾਫੀਏ ਦਾ ਰਾਜ, ਰੇਤ ਮਾਫੀਆ, ਨਸ਼ਾ ਮਾਫੀਆ , ਕੇਬਲ ਮਾਫੀਆ, ਸ਼ਰਾਬ ਮਾਫੀਆ , ਟਰਾਂਸਪੋਰਟ ਮਾਫੀਆ, ਭੂ ਮਾਫੀਆ, ਕਬਜਾ ਕਰੂ ਮਾਫੀਆ, ਸਰਕਾਰੀ ਜਾਇਦਾਦਾਂ ਵੇਚੂ ਮਾਫੀਆ, ਰਿਸ਼ਵਤ ਦਿਵਾਊ ਮਾਫੀਆ, ਨੌਕਰੀ ਦਿਵਾਊ ਮਾਫੀਆ , ਨਕਲ ਕਰਵਾਊ, ਪੇਪਰ ਲੀਕ ਕਰੂ ਮਾਫੀਆ, ਬਦਲੀ ਕਰਵਾਊ ਮਾਫੀਆ, ਬਲ਼ੇਕਮੇਲ ਮਾਫੀਆ ਆਦਿ ‘ਤੇ ਕਾਬੂ ਪਾਉਣ ਲਈ ਜਰੂਰੀ ਹੈ ਕਿ ਸਿਆਸਤ ਨੂੰ ਇੱਕ ਨਵਾਂ ਤੇ ਹਾਂ ਪੱਖੀ ਮੋੜਾ ਦਿੱਤਾ ਜਾਵੇ!

ਇਸ ਕਾਰਜ ਦੀ ਪੂਰਤੀ ਲਈ ਕੀ ਕੀਤਾ ਜਾਵੇ ?

ਇਸ ਕਾਰਜ ਵਾਸਤੇ ਅਸੂਲਾਂ ਦੇ ਆਧਾਰ ‘ਤੇ ਸਿਆਸਤ ਕਰਨ ਵਾਸਤੇ ਨਰੋਈ ਰਾਜਨੀਤੀ ਦਾ ਮੁੱਢ ਬੰਨ੍ਹਿਆ ਜਾਣ ਦੀ ਉਮੀਦ ਇਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਇਨ੍ਹਾਂ ਤੋਂ ਕੀਤੀ ਜਾਂਦੀ ਹੈ! ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਹ ਆਪਣੀ ਤਾਕਤ, ਅਤੇ ਨਰੋਈ ਸੋਚ ‘ਤੇ ਯਕੀਨ ਕਰਦੇ ਹੋਏ ਕਿਸੇ ਰਵਾਇਤੀ ਪਾਰਟੀ ਜਾਂ ਗਰੁੱਪ ਦੇ ਨਾਲ ਸਮਝੋਤੇ ਦੇ ਪਿੱਛੇ ਨਹੀਂ ਭਜਦੇ! ਜਿਹੜੇ ਕਿਸਾਨੀ ਕਾਨੂੰਨਾਂ ਨੂੰ ਸਹੀ ਠਹਿਰਾਉਂਦੇ ਰਹੇ ਹਨ ਅਤੇ ਕਹਿੰਦੇ ਰਹੇ ਹਨ ਕਿ ਸੰਸਦ ਵੱਲੋਂ ਪਾਸ ਕੀਤੇ ਕਾਨੂੰਨ ਵਾਪਸ ਨਹੀਂ ਹੋ ਸਕਦੇ ਤੇ ਹੁਣ ਇਨ੍ਹਾਂ ਦੇ ਨਾਲ ਹੀ ਰਹਿਣਾ ਸਿੱਖੀਏ ਉਨ੍ਹਾਂ ਨਾਲ ਸਮਝੋਤਾ ਕਰਕੇ ਤਾਂ ਸਾਲ ਤੋਂ ਵੱਧ ਕਟੇ ਦਸੌਂਟਿਆਂ ਦਾ ਤੇ 700 ਤੋਂ ਵੱਧ ਹੋਏ ਸ਼ਹੀਦ ਕਿਸਾਨਾਂ ਦੇ ਵਿਛੋੜੇ ਦਾ ਜਵਾਬ ਸੰਯੁਕਤ ਸਮਾਜ ਮੋਰਚੇ ਨੂੰ ਦੇਣਾ ਹੀ ਪਵੇਗਾ!

ਇਨ੍ਹਾਂ ਸੱਭ ਭਾਵਨਾਵਾਂ ਦੀ ਪੂਰਤੀ ਵਾਸਤੇ ਚੋਣਾਂ ਵਿੱਚ ਵੋਟ ਦੀ ਚੋਟ ਕਰਦੇ ਹੋਏ ਉਨ੍ਹਾਂ ਨੂੰ ਤਾਕਤ ਨਹੀਂ ਜਾਣ ਦੇਣੀ ਚਾਹੀਦੀ, ਜਿਨ੍ਹਾਂ ਨੇ ਸਾਡੀਆਂ ਮਾਵਾਂ ਭੈਣਾਂ ਨੂੰ ਦਿਹਾੜੀ ਤੇ ਆਈਆਂ ਕਹਿਣ ਦੀ ਹਿਮਾਕਤ ਕੀਤੀ, ਜਿਨ੍ਹਾਂ ਨੇ ਸਾਨੂੰ ਮਵਾਲੀ, ਅੰਦੋਲਨ ਜੀਵੀ, ਆਈ ਐਸ ਆਈ ਦੇ ਏਜੈਂਟ, ਖਾਲਸਤਾਨੀ ਨਕਸਲਾਈਟ ਦੇ ਬਿੱਲੇ ਲਾ ਕੇ ਭੰਡਣ ਦੀ ਕੋਸ਼ਿਸ਼ ਕੀਤੀ । ਸੰਯੁਕਤ ਸਮਾਜ ਮੋਰਚੇ ਦੀ ਲੋੜ ਹੈ ਕਿ ਚੋਣਾਂ ਜਿੱਤਣ ਦੀ ਉਮੀਦ ਰੱਖਦੇ ਹੋਏ ਇਹ ਯਤਨ ਵੀ ਜਾਰੀ ਰੱਖਣ ਕਿ ਅੱਜ ਉਨ੍ਹਾਂ ਧਿਰਾਂ ਨੂੰ ਕਿਸੇ ਵੀ ਰਾਜ ਵਿੱਚ ਨਾ ਜਿੱਤਣ ਦਿੱਤਾ ਜਾਵੇ ਜਿਹੜੇ ਮੁੜ ਕਿਸਾਨੀ ਕਾਨੂੰਨ ਤੇ ਕਿਸਾਨ ਵਿਰੋਧੀ ਬੀਜ ਲਿਆਉਣ ਦੇ ਮਨਸੂਬੇ ਘੜੀ ਬੈਠੇ ਹਨ !

ਕਿਸਾਨ ਅੰਦੋਲਨ ਰਾਹੀਂ ਕਾਰਪੋਰੇਟ ਦੇ ਅਗਨ ਰਥ ਨੂੰ ਰੋਕਣ ਦੇ ਲਈ  ਅਤੇ ਪੰਜਾਬ ਤੇ ਦੇਸ਼ ਨੂੰ ਨਵੀਂ ਦਿਸ਼ਾ ਦੇਣ ਦੀ ਕਵਾਇਦ ਸੁਰੂ ਹੋਈ ਸੀ। ਉਸ ਕਵਾਇਦ ਨੂੰ ਹਾਲ ਦੀ ਘੜੀ ਸਰਕਾਰ ਤੇ ਉਨ੍ਹਾਂ ਦੇ ਹਿਤੈਸੀਆਂ ਨੇ ਸ਼ਕੁਨੀ ਚਾਲਾਂ ਰਾਹੀ ਰੋਕ ਦਿੱਤਾ! ਉਸੇ ਤਰ੍ਹਾਂ ਜਿਵੇਂ ਮੋਦੀ ਦੇ ਅਗਨ ਰਥ ਨੂੰ ਕਿਸਾਨੀ ਅੰਦੋਲਨ ਨੇ ਰੋਕਿਆ ਸੀ! ਸੋਚਣ ਦੀ ਘੜੀ ਹੈ! ਪਰ ਸਰਕਾਰ ਦੀਆਂ ਚਾਲਾਂ ਨੂੰ ਮਾਤ ਦੇਣ ਵਾਸਤੇ ਸੰਯੁਕਤ ਸਮਾਜ ਮੋਰਚੇ ਕੋਲ ਮੌਕਾ ਵੀ ਹੈ ਤੇ ਜਰੂਰੀ ਵੀ ਹੈ ਕਿ ਨਵੀਂ ਪਿਰਤ ਵਜੋਂ ਪਿੰਡਾਂ ਦਾ ਏਕਾ ਬਰਕਰਾਰ ਰੱਖਦੇ ਹੋਏ ਉਥੇ ਸਾਂਝੀ ਥਾਂ ‘ਤੇ ਜਾਕੇ ਲੋਕਾਂ ਦੇ ਸਵਾਲਾਂ ਦਾ ਲਿਖਤੀ ਜਵਾਬ ਦੇਣ ਦੀ ਪ੍ਰਿਤ ਪਾਉਣ !  ਇਸ ਤਰ੍ਹਾਂ ਇਹ ਆਪਣੇ ਸੰਯੂਕਤ ਕਿਸਾਨ ਮੋਰਚੇ ਨਾਲ ਮਿਲਦੇ ਜੁਲਦੇ ਰੱਖੇ ਗਏ ਨਾਮ ਦੀ ਤਰਕਸੰਤਾ ਵੀ ਸਾਬਤ ਕਰ ਸਕਣਗੇ ਤੇ ਸਿਆਸਤ ਨੂੰ ਨਵਾਂ ਮੋੜ ਦੇਣ ਦਾ ਮੁੱਢ ਵੀ ਬੰਨ੍ਹ ਸਕਣਗੇ !

ਕੀ ਨੇ ਮਾਇਨੇ ਮੋਦੀ ਦੀ ਫੇਰੀ ਦੇ ?

ਪ੍ਰਧਾਨ ਮੰਤਰੀ ਨੇ ਆਪਣੀ ਹਾਰ ਦਾ ਬਦਲਾ ਲੈਣ ਵਾਸਤੇ ਬਹੁਤ ਹੀ ਲੱਛੇਦਾਰ ਤਰੀਕੇ ਨਾਲ ਸਾਮ ਦਾਮ ਦੰਡ ਭੇਦ ਵਾਲੀ ਨੀਤੀ ਵਰਤਣੀ ਹੈ । ਉਨ੍ਹਾਂ ਦਾ ਨਿਸ਼ਾਨਾ ਹੈ ਪੰਜਾਬ ਤੇ ਹਰਿਆਣਾ  ਦੀ ਏਕਤਾ ਤੋੜਨਾ , ਪੰਜਾਬ ਦੀ ਕਿਸਾਨੀ ਨੂੰ ਬਾਕੀਆਂ ਨਾਲੋਂ ਨਿਖੇੜਣਾ , ਸਿੱਖਾਂ ਨੂੰ ਕ੍ਰਿਤ ਕਰੋ , ਨਾਮ ਜਪੋ , ਵੰਡ ਛਕੋ ਦੀ ਥਾਂ ਸੰਵੇਦਨਸ਼ੀਲ ਮੁੱਦਿਆਂ ਉਪਰ ਲਾਮਬੰਦ ਕਰਨਾ , ਹਿੰਦੂਆਂ ਵਿੱਚ ਭੈ ਪੈਦਾ ਕਰਕੇ ਉਨ੍ਹਾਂ ਦੇ ਰਾਖੇ ਬਣਨ ਦਾ ਦਮ ਭਰਨਾ । ਬੀ ਜੇ ਪੀ ਵਿੱਚ ਬਾਕੀ ਪਾਰਟੀਆਂ ਦੀ ਟੱਟ ਭੱਜ ਸ਼ਾਮਲ ਕਰਕੇ ਵਿਖਾਉਣਾ ਕਿ ਉਨ੍ਹਾਂ ਦੀ ਬੀਜੇਪੀ ਦਾ ਪੰਜਾਬ ਵਿੱਚ ਅੰਤਾਂ ਦਾ ਸਿਆਸੀ ਪ੍ਰਭਾਵ ਹੈ ! ਬਾਕੀ ਪਾਰਟੀਆਂ ਦੀ ਤਰ੍ਹਾਂ ਹੀ ਲਾਲਚ ਦੇਣੇ ਤੇ ਆਪਣੀ ਵੋਟ ਪ੍ਰਤੀਸ਼ਤ ਵਧਾ ਕੇ ਸਾਬਤ ਕਰਨਾ ਕਿ ਬੀਜੇਪੀ ਦੀ ਸਾਖ ਵਧੀ ਹੈ ! ਇਸ ਵਾਸਤੇ ਬਹੁਤ ਸਾਰੇ ਐਲਾਨ ਮੋਦੀ ਆਪਣੀ ਫੇਰੀ ਦੌਰਾਨ ਕਰ ਸਕਦੇ ਹਨ , ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ !

Share this Article
Leave a comment