ਚੰਡੀਗੜ੍ਹ, (ਅਵਤਾਰ ਸਿੰਘ): ਕਾਰ ਸੇਵਾ ਸੰਪਰਦਾ ਦੇ ਬਾਬਾ ਅਮਰੀਕ ਸਿੰਘ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸਿੱਖ ਚੈਨਲ ਇੰਗਲੈਂਡ ਦੇ ਅੰਮ੍ਰਿਤਸਰ ਇੰਚਾਰਜ ਹਰਿੰਦਰ ਸਿੰਘ ਗਿੱਲ ਅਤੇ ਭਾਈ ਬਲਿਹਾਰ ਸਿੰਘ, ਭਾਈ ਜੱਜਬੀਰ ਸਿੰਘ ਨੇ ਅੰਮ੍ਰਿਤਸਰ ਵਿਖੇ ਅਪਰ-ਬਾਰੀ ਦੁਆਬ ਨਹਿਰ ਦੇ ਤਾਰਾਂ ਵਾਲੇ ਪੁਲ਼ ਦੇ ਨਜ਼ਦੀਕ ਉਸ ਹੌਦ ਦੀ ਚਾਰਦੀਵਾਰੀ ਦੇ ਨਾਲ ਨਾਲ ਬੂਟੇ ਲਾਏ, ਜਿਥੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਚਾਰ ਸਰੋਵਰਾਂ ਨੂੰ ਜਲ ਮੁਹੱਈਆ ਕੀਤਾ ਜਾਂਦਾ ਹੈ।
ਇਸ ਮੌਕੇ ਉਪਰੋਕਤ ਸਖਸ਼ੀਅਤਾਂ ਵਲੋਂ ਗੁਲਮੋਹਰ, ਅਮਲਤਾਸ, ਸੁਖਚੈਨ, ਚਕਰਸੀਆ ਅਤੇ ਨਿੰਮ ਆਦਿ ਵੱਖ-ਵੱਖ ਕਿਸਮਾਂ ਦੇ ਦੋ ਸੌ ਤੋਂ ਵੱਧ ਬੂਟੇ ਲਾਏ ਗਏ। ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਬੂਟਿਆਂ ਦੁਆਲੇ ਸੀਮੈਂਟ ਦੇ ਖੰਭੇ (ਪਿੱਲਰ) ਅਤੇ ਤਾਰਾਂ ਲਾਈਆਂ ਗਈਆਂ।
ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਮਨੁੱਖੀ ਜੀਵਨ ਦੀ ਹੋਂਦ ਲਈ ਬੂਟਿਆਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਬਾਬਾ ਅਮਰੀਕ ਸਿੰਘ ਨੇ ਬੂਟੇ ਲਾਉਣ ਦੀ ਯੋਜਨਾ ਦਾ ਖੁਲਾਸਾ ਕਰਦਿਆਂ ਹੋਇਆਂ ਦੱਸਿਆ ਕਿ ਨਹਿਰ ਦੇ ਕੰਢੇ ਪੰਜ ਤੋਂ ਛੇ ਸੌ ਬੂਟੇ ਲਾਏ ਜਾਣਗੇ। ਬੂਟਿਆਂ ਦੀ ਸਾਂਭ-ਸੰਭਾਲ ਲਈ ਭਾਈ ਕੈਪਟਨ ਸਿੰਘ, ਭਾਈ ਸਤਿਬੀਰ ਸਿੰਘ ਅਤੇ ਭਾਈ ਜਗਤਾਰ ਸਿੰਘ ਦੀ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਹਰਿਆਵਲ ਹੋਣ ਨਾਲ ਮਨੁੱਖੀ ਜੀਵਨ ਨੂੰ ਰਾਹਤ ਮਿਲਦੀ ਹੈ।