ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਫਗਾਨਿਸਤਾਨ ਤੋਂ ਵਾਪਸ ਆਉਣ ਦੇ ਚਾਹਵਾਨ ਸਿੱਖਾਂ ਦੀ ਏਅਰਲਿਫਟਿੰਗ ਦਾ ਪ੍ਰਬੰਧ ਕਰਨ ਲਈ ਆਖਿਆ

TeamGlobalPunjab
2 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਫਗਾਨਿਸਤਾਨ ਵਿਚ ਫਸੇ ਉਹਨਾਂ ਸਿੱਖਾਂ ਦੀ ਤੁਰੰਤ ਏਅਰਲਿਫਟਿੰਗ ਦਾ ਪ੍ਰਬੰਧ ਕਰਵਾਉਣ ਲਈ ਆਖਿਆ ਹੈ, ਜਿਹੜੇ ਆਪਣੇ ਮੁਲਕ ਵਾਪਸ ਆਉਣਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਸਰਦਾਰ ਬਾਦਲ ਨੇ ਬੇਨਤੀ ਕੀਤੀ ਹੈ ਕਿ ਕਾਬੁਲ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਪੰਜਾਬੀਆਂ ਖਾਸ ਕਰਕੇ ਸਿੱਖ ਆਗੂਆਂ ਨਾਲ ਇਸ ਸੰਬੰਧੀ ਤਾਲਮੇਲ ਬਣਾਉਣ ਲਈ ਆਖਿਆ ਜਾਵੇ। ਉਹਨਾਂ ਕਿਹਾ ਕਿ ਉੱਥੇ ਵੱਡੀ ਗਿਣਤੀ ਵਿਚ ਸਿੱਖ ਪਰਿਵਾਰ ਰਹਿੰਦੇ ਹਨ, ਜਿਹੜੇ ਜਲਦੀ ਤੋਂ ਜਲਦੀ ਉਸ ਦੇਸ਼ ਵਿਚੋਂ ਨਿਕਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਪਰਿਵਾਰਾਂ ਨੂੰ ਏਅਰਲਿਫਟਿੰਗ ਰਾਹੀਂ ਵਾਪਸ ਆਪਣੇ ਮੁਲਕ ਲਿਆਉਣ ਲਈ ਤੁਰੰਤ ਜਲਦੀ ਪ੍ਰਬੰਧ ਕਰਨ ਦੀ ਲੋੜ ਹੈ।
ਅਕਾਲੀ ਦਲ ਪ੍ਰਧਾਨ ਨੇ ਦੱਸਿਆ ਕਿ ਕਰੋਨਾਵਾਇਰਸ ਵਿਰੁੱਧ ਆਲਮੀ ਪੱਧਰ ਉੱਤੇ ਚੱਲ ਰਹੀ ਜੰਗ ਕਰਕੇ ਉਹ ਸਰਕਾਰ ਉੱਤੇ ਪਏ ਦਬਾਵਾਂ ਬਾਰੇ ਪੂਰੀ ਤਰ੍ਹਾਂ ਸੁਚੇਤ ਹਨ, ਪਰ ਸਮੁੱਚਾ ਸ਼ਾਂਤੀ ਪਸੰਦ ਅਤੇ ਦੇਸ਼ ਭਗਤ ਸਿੱਖ ਭਾਈਚਾਰਾ ਤੁਹਾਡੇ ਵੱਲ ਨਜ਼ਰਾਂ ਲਾਈ ਬੈਠਾ ਹੈ ਕਿ ਜਿੱਥੇ ਵੀ ਸਿੱਖਾਂ ਨੂੰ ਕੋਈ ਸੰਭਾਵੀ ਖਤਰਾ ਹੈ, ਤੁਸੀਂ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕੋ।
ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਅਫਗਾਨਿਸਤਾਨ ਦੇ ਸਿੱਖਾਂ ਦੀ , ਸਗੋਂ ਉਹਨਾਂ ਸਾਰੇ ਸੰਵੇਦਵਸ਼ੀਲ ਮੁਲਕਾਂ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਤਰਾਸ਼ਟਰੀ ਪੱਧਰ ਉੱਤੇ ਸਿੱਧੀ ਪਹੁੰਚ ਕਰਨ, ਜਿਹਨਾਂ ਨੂੰ ਕਦੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਾਜ਼ੁਕ ਸਥਿਤੀ ਹੈ ਅਤੇ ਦੇਸ਼ ਨੂੰ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਕੂਟਨੀਤਿਕ ਚੈਨਲਾਂ ਦਾ ਇਸਤੇਮਾਲ ਕਰਨ ਦੀ ਲੋੜ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਅਫਗਾਨਿਤਸਾਨ ਅਤੇ ਬਾਕੀ ਮੁਲਕਾਂ ਵਿਚ ਰਹਿੰਦੇ ਬਹੁਤ ਸਾਰੇ ਸਿੱਖਾਂ ਦੇ ਫੋਨ ਆਏ ਹਨ, ਜੋ ਕਿ ਆਪਣੀ ਸੁਰੱਖਿਆ ਵਾਸਤੇ ਸਰਕਾਰ ਵੱਲੋਂ ਤੇਜ਼ ਕੂਟਨੀਤਿਕ ਕਾਰਵਾਈ ਦੀ ਮੰਗ ਕਰ ਰਹੇ ਹਨ।

Share this Article
Leave a comment