ਬੰਗਾ : ਕੋਵਿਡ-19 ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਸਹਿਕਾਰਤਾ ਵਿਭਾਗਾਂ ਨੇ ਵੱਡਾ ਉਪਰਾਲਾ ਕੀਤਾ ਹੈ। ਵਿਭਾਗ ਨੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਥਿਤ ਆਪਣੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਪਿੰਡਾਂ ਵਿੱਚ ਲੋਕਾਂ ਦੀਆਂ ਜ਼ਰੂਰੀ ਵਸਤਾਂ ਨਾਲ ਸਬੰਧਤ ਲੋੜਾਂ ਨੂੰ ਪੂਰਾ ਕਰਨ ਲਈ ਘਰਾਂ ਤੱਕ ਸਪਲਾਈ ਪੁੱਜਦੀ ਕਰਨ ਲਈ ਕਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਬੰਗਾ ਦੇ ਕੁਆਰਨਟਾਈਨ (ਸੀਲ) ਕੀਤੇ ਪਿੰਡਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਭਾਵਾਂ ਸ਼ਨਿੱਚਰਵਾਰ ਤੋਂ ਰਾਸ਼ਨ ਦੀ ਸਪਲਾਈ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਭਾਵਾਂ ਵੱਲੋਂ ਰਾਸ਼ਨ ਦੀ ਸਪਲਾਈ ਹਾਸਲ ਕਰ ਲਈ ਗਈ ਹੈ, ਉਨ੍ਹਾਂ ਵਿੱਚ ਜੰਡਿਆਲਾ, ਕੰਗਰੌੜ, ਮਕਸੂਦਪੁਰ, ਬੀਸਲਾ, ਕਲੇਰਾਂ, ਮਾਹਿਲ ਗਹਿਲਾਂ, ਪੂਨੀਆਂ, ਬਾਹੜੋਵਾਲ, ਘੁੰਮਣ, ਜੱਸੋ ਮਜਾਰਾ, ਸਰਹਾਲ ਰਾਣੂਆਂ, ਜੰਡਿਆਲੀ, ਮੇਹਲੀ, ਜੀਂਦੋਵਾਲ, ਮੱਲੂ ਪੋਤਾ, ਹੱਪੋਵਾਲ, ਕੁਲਥਮ, ਹਕੀਮਪੁਰ, ਲਿੱਧੜ ਕਲਾਂ, ਮੁਕੰਦਪੁਰ, ਤਲਵੰਡੀ ਫੱਤੂ, ਰਟੈਂਡਾ, ਜਗਤਪੁਰ, ਲੰਗੇਰੀ, ਚੱਕ ਬਿਲਗਾ, ਕੱਟ, ਚੱਕ ਰਾਮੂੰ, ਰਹਿਪਾ, ਝਿੰਗੜਾਂ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਹ ਸਭਾਵਾਂ ਮਸਰ ਦਾਲ, ਮਸਰ ਸਾਬਤ, ਚਨਾ ਦਾਲ, ਮਾਂਹ ਦਾਲ, ਸਰੋਂ ਦਾ ਤੇਲ, ਘਿਉ, ਰਿਫ਼ਾਇੰਡ, ਆਟਾ, ਖੰਡ, ਚਾਹਪੱਤੀ, ਚਾਵਲ, ਵੇਸਣ, ਸਰਫ਼, ਸਾਬਣ, ਨਮਕ, ਮਿਰਚ, ਮਸਾਲਾ, ਹਲਦੀ, ਚਨਾ ਕਾਲਾ, ਆਦਿ ਵਸਤਾਂ ਪਹਿਲ ਦੇ ਆਧਾਰ ‘ਤੇ ਅਤੇ ਬਾਕੀ ਆਪਣੀ ਸਹੂਲਤ ਮੁਤਾਬਕ ਆਪਣੇ ਘੇਰੇ ਵਿੱਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਸਪਲਾਈ ਕਰਨਗੀਆਂ।
ਉੱਪ ਰਜਿਸਟਰਾਰ ਅਨੁਸਾਰ ਸਭਾਵਾਂ ਦਾ ਪਿੰਡਾਂ ਵਾਲਿਆਂ ਨਾਲ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਪਹਿਲਾਂ ਤੋਂ ਹੀ ਨੇੜਲਾ ਸਬੰਧ ਬਣਿਆ ਹੋਣ ਕਾਰਨ, ਹਰ ਇੱਕ ਨੂੰ ਸਭਾਵਾਂ ਦੇ ਸੰਪਰਕ ਨੰਬਰ ਪਤਾ ਹੁੰਦੇ ਹਨ, ਇਸ ਲਈ ਕਿਸੇ ਨੂੰ ਵੀ ਸਮਾਨ ਹਾਸਲ ਕਰਨ ਵਿੱਚ ਮੁਸ਼ਕਿਲ ਨਹੀਂ ਆਵੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਭਾਵਾਂ ਨੂੰ ਪਿੰਡਾਂ ਦੇ ਦਾਨੀ ੱਜਣਾਂ ਅਤੇ ਪੰਚਾਇਤਾਂ ਨਾਲ ਸਹਿਯੋਗ ਕਰਕੇ, ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਮਾਨਵੀ ਹਮਦਰਦੀ ਦੇ ਆਧਾਰ ‘ਤੇ ਰਾਸ਼ਨ ਪਹੁੰਚਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ।
- Advertisement -
ਉਨ੍ਹਾਂ ਅੱਗੇ ਦੱਸਿਆ ਕਿ ਬੰਗਾ ਦੇ ਸੀਲ ਕੀਤੇ ਪਿੰਡਾਂ ਵਿੱਚ ਵੀ ਸਹਿਕਾਰਤਾ ਵਿਭਾਗ ਰਾਹੀਂ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਹੀ ਸਪਲਾਈ ਹੁੰਦੀ ਹੋਣ ਕਾਰਨ, ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ।
ਡਿਪਟੀ ਰਜਿਸਟਰਾਰ ਅਨੁਸਾਰ ਬੰਗਾ ਵਿੱਚ ਸਹਿਕਾਰੀ ਖੇਤੀਬਾੜੀ ਸਭਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਤੋਂ ਬਾਅਦ ਨਵਾਂਸ਼ਹਿਰ ਅਤੇ ਬਲਾਚੌਰ ਵਿੱਚ ਵੀ ਇਨ੍ਹਾਂ ਸਭਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ ਤਾਂ ਜੋ ਕਰਫ਼ਿਊ ਦੌਰਾਨ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਰਹੇ।