ਵਾਸ਼ਿੰਗਟਨ : ਅਮਰੀਕਾ ਦੇ ਦੋ ਚੋਟੀ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਕਾਰਨ ਲਗਭਗ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਜਿਸ ਤੋਂ ਬਾਅਦ ਵ੍ਹਾਈਟ ਹਾਊਸ ਦੇ ਟਾਸਕ ਫ਼ੋਰਸ ਦੇ ਮੈਂਬਰ ਐਂਥਨੀ ਫੌਸੀ ਅਤੇ ਡੈਬੋਰਾਹ ਬ੍ਰਿਕਸ ਨੇ ਕਿਹਾ ਕਿ ਅਮਰੀਕਾ ‘ਚ ਸਕੂਲ, ਰੈਸਟੋਰੈਂਟ, ਸਿਨੇਮਾ ਅਤੇ ਸਾਰੀਆਂ ਗ਼ੈਰ-ਜ਼ਰੂਰੀ ਗਤੀਵਿਧੀਆਂ ਬੰਦ ਕਰਨ ਦੇ ਬਾਵਜੂਦ 1,00,000 ਤੋਂ 2,40,000 ਅਮਰੀਕੀ ਮਾਰੇ ਜਾ ਸਕਦੇ ਹਨ।
ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਕੁਝ ਨਾ ਕੀਤਾ ਗਿਆ ਤਾਂ ਅਮਰੀਕਾ ‘ਚ ਮ੍ਰਿਤਕਾਂ ਦੀ ਗਿਣਤੀ 1.50 ਲੱਖ ਤੋਂ 2 ਲੱਖ ਤੱਕ ਵੀ ਪਹੁੰਚ ਸਕਦੀ ਹੈ। ਬ੍ਰਿਕਸ ਨੇ ਇੱਕ ਚਾਰਟ ਪੇਸ਼ ਕਰਦਿਆਂ ਕਿਹਾ ਕਿ ਦੇਸ਼ ‘ਚ ਇਸ ਮਹਾਂਮਾਰੀ ਕਾਰਨ 1 ਲੱਖ ਤੋਂ 2,40,000 ਲੋਕਾਂ ਦੀ ਮੌਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸੋਸ਼ਲ ਡਿਸਟੈਂਸਿੰਗ ਤੇ ਕੰਮ ਕਰ ਰਹੀ ਹੈ ਅਤੇ ਇਹ ਤਰੀਕਾ ਪ੍ਰਭਾਵਸ਼ਾਲੀ ਵੀ ਹੈ। ਹੁਣ ਤਕ ਇਹ ਸ਼ਾਇਦ ਸਭ ਤੋਂ ਵਧੀਆ ਰਣਨੀਤੀ ਹੈ।
ਡੀਬੋਰਾਹ ਬ੍ਰਿਕਸ ਨੇ ਕਿਹਾ ਕਿ ਨਾ ਤਾਂ ਕੋਈ ਮੈਜ਼ਿਕ ਬੁਲੇਟ ਹੈ ਅਤੇ ਨਾ ਹੀ ਜਾਦੂ ਜਾਂ ਥੈਰੇਪੀ ਹੈ। ਇਸ ਸੋਸ਼ਲ ਡਿਸਟੈਂਸਿੰਗ ਨਾਲ ਹੀ ਕੋਰੋਨਾ ਤੋਂ ਮੌਤ ਦੇ ਅੰਕੜਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮੌਤ ਦਾ ਅੰਕੜਾ ਦੱਸਦਿਆਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਹ ਇੱਕ ਸੀਮਾ ਹੈ। ਸਾਨੂੰ ਭਰੋਸਾ ਹੈ ਕਿ ਅਸੀ ਰੋਜ਼ਾਨਾ ਹੋਰ ਬਿਹਤਰ ਕਰ ਸਕਦੇ ਹਾਂ।