ਚੰਡੀਗੜ੍ਹ: ਪੀ.ਏ.ਯੂ. ਲੁਧਿਆਣਾ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਅੱਜ ਐੱਨ ਆਰ ਆਈ ਵਿਆਹਾਂ ਦੇ ਮਸਲੇ, ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਇੱਕ ਰੋਜ਼ਾ ਵੈਬੀਨਾਰ ਕਰਵਾਇਆ। ਇਹ ਵੈਬੀਨਾਰ ਰਾਸ਼ਟਰੀ ਨਾਰੀ ਕਮਿਸ਼ਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵੈਬੀਨਾਰ ਦਾ ਉਦੇਸ਼ ਪੰਜਾਬ ਵਿੱਚ ਐੱਨ ਆਰ ਆਈ ਵਿਆਹਾਂ ਦੇ ਮਸਲਿਆਂ ਬਾਰੇ ਵਿਚਾਰ ਕਰਕੇ ਉਹਨਾਂ ਦਾ ਕੋਈ ਹੱਲ ਸੁਝਾਉਣਾ ਸੀ।
ਇਸ ਵੈਬੀਨਾਰ ਦੇ ਮੁੱਖ ਮਹਿਮਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਸਨ। ਉਹਨਾਂ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਮਾਪਿਆਂ ਨੂੰ ਸਮਾਜ ਦੀ ਬਿਹਤਰੀ ਲਈ ਆਪਣੇ ਬੱਚਿਆਂ ਨੂੰ ਸਿਹਤਮੰਦ ਰੁਝਾਨਾਂ ਅਤੇ ਸੰਸਕਾਰਾਂ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਭਖਵੇਂ ਵਿਸ਼ੇ ਤੇ ਸੈਮੀਨਾਰ ਕਰਵਾਉਣ ਲਈ ਵਿਭਾਗ ਦੀ ਸ਼ਲਾਘਾ ਵੀ ਕੀਤੀ।
ਇਸ ਤੋਂ ਬਾਅਦ ਵਿਦੇਸ਼ੀ ਲਾੜਿਆਂ ਅਤੇ ਵਿਦੇਸ਼ੀ ਵਿਆਹਾਂ ਸੰਬੰਧੀ ਕਾਨੂੰਨ ਅਤੇ ਵਿਦੇਸ਼ੀ ਵਿਆਹਾਂ ਦੀ ਚੁਣੌਤੀਆਂ ਬਾਰੇ ਤਿੰਨ ਸੈਸ਼ਨ ਹੋਏ। ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਡਾ. ਰਾਜੇਸ਼ ਗਿੱਲ ਨੇ ਕਿਹਾ ਕਿ ਸਮਾਜ ਨੂੰ ਲੜਕੀਆਂ ਦੇ ਵਿਆਹ ਸੰਬੰਧੀ ਆਪਣੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਮੁੰਡਿਆਂ ਵਾਂਗ ਕੁੜੀਆਂ ਦੇ ਵਿਆਹ ਤੋਂ ਪਹਿਲਾਂ ਉਹਨਾਂ ਦੀ ਆਰਥਿਕ ਆਜ਼ਾਦੀ ਬਾਰੇ ਗੱਲ ਹੋਣੀ ਚਾਹੀਦੀ ਹੈ। ਸਰਕਾਰੀ ਕਾਲਜ ਚੰਡੀਗੜ ਦੇ ਸਹਿਯੋਗੀ ਪ੍ਰੋਫੈਸਰ ਡਾ. ਮਨੋਜ ਕੁਮਾਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਆਹ ਤੋਂ ਪਹਿਲਾਂ ਵਿਦੇਸ਼ੀ ਲਾੜਿਆਂ ਦੀ ਸਥਿਤੀ ਬਾਰੇ ਜਾਨਣਾ ਲਾਹੇਵੰਦ ਰਹੇਗਾ।
ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਡਾ. ਬਿਕਰਮਜੀਤ ਸਿੰਘ ਸਿੱਧੂ ਨੇ ਇਸ ਬਾਬਤ ਕਾਨੂੰਨੀ ਜਾਣਕਾਰੀ ਬਾਰੇ ਗੱਲ ਕੀਤੀ। ਵੈਬੀਨਾਰ ਦੇ ਕਨਵੀਨਰ ਡਾ. ਰਿਤੂ ਮਿੱਤਲ ਨੇ ਔਰਤਾਂ ਦੇ ਸ਼ਕਤੀਕਰਨ ਬਾਰੇ ਰਾਸ਼ਟਰੀ ਨਾਰੀ ਕਮਿਸ਼ਨ ਦੇ ਮਹੱਤਵ ਉੱਪਰ ਚਾਨਣਾ ਪਾਇਆ। ਕੁਮਾਰੀ ਸਤਵਿੰਦਰ ਕੌਰ ਸੱਤੀ ਨੇ ਵਿਦੇਸ਼ੀ ਲਾੜਿਆਂ ਵੱਲੋਂ ਛੱਡੀਆਂ ਕੁੜੀਆਂ ਦੇ ਮੁੜ ਵਸੇਬੇ ਸੰਬੰਧੀ ਕੁਝ ਨੁਕਤਿਆਂ ਉੱਪਰ ਚਾਨਣਾ ਪਾਇਆ। ਵਿਭਾਗ ਦੇ ਮੁਖੀ ਡਾ. ਕਮਲਜੀਤ ਕੌਰ ਨੇ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਇਸ ਵੈਬੀਨਾਰ ਦੇ ਉਦੇਸ਼ ਬਾਰੇ ਗੱਲ ਕੀਤੀ। ਸਵਾਗਤੀ ਸ਼ਬਦ ਡਾ. ਸੁਖਦੀਪ ਕੌਰ ਨੇ ਕਹੇ ਅਤੇ ਧੰਨਵਾਦ ਡਾ. ਪ੍ਰੀਤੀ ਸ਼ਰਮਾ ਨੇ ਕੀਤਾ।