ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੂੰ ਅੱਜ ਉਦੋਂ ਗਹਿਰਾ ਸਦਮਾ ਲਗਿਆ ਜਦ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਅਕਾਲ ਚਲਾਣਾ ਕਰ ਗਏ। ਉਹ ਨਾਭੇ ਨੇੜੇ ਪਿੰਡ ਖੋਖ ਦੇ ਜੰਮਪਲ ਸਨ ਅਤੇ ਤਕਰੀਬਨ 65 ਸਾਲ ਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਦਰਸ਼ਨ ਬੁੱਟਰ ਪਰਿਵਾਰ ਨੇ ਪਤਨੀ ਦੇ ਇਲਾਜ ਲਈ ਬੜੇ ਯਤਨ ਕੀਤੇ ਪਰ ਕੁਦਰਤ ਅੱਗੇ ਜ਼ੋਰ ਨਹੀਂ ਚਲਦਾ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ੍ਰੀ ਦਰਸ਼ਨ ਬੁੱਟਰ ਦੇ ਜੱਦੀ ਪਿੰਡ ਥੂਹੀ, ਨੇੜੇ ਨਾਭਾ ਵਿਖੇ ਕਰ ਦਿਤਾ ਗਿਆ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ, ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਸਕੱਤਰ ਜਗਦੀਪ ਸਿੱਧੂ, ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ ਅਤੇ ਡਾ. ਗੁਰਮੇਲ ਸਿੰਘ ਨੇ ਸ੍ਰੀ ਦਰਸ਼ਨ ਬੁੱਟਰ ਦੀ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਉਤੇ ਸ਼ੋਕ-ਗ੍ਰਸਤ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ।