ਮੋਗਾ ‘ਚ ਕਾਂਗਰਸੀ ਆਗੂ ਦੇ ਪਤੀ ਵੱਲੋਂ ਫਾਇਰਿੰਗ ਲੋਕਾਂ ਨੇ ਮੌਕੇ ‘ਤੇ ਫੜ ਕੇ ਖੂਬ ਕੀਤੀ ਛਿੱਤਰ ਪਰੇਡ, ਮੁੱਖ ਮੰਤਰੀ ਦਰਬਾਰ ਤੱਕ ਖੜ੍ਹਕ ਗਈਆਂ ਘੰਟੀਆਂ, ਖੂਫੀਆ ਏਜੰਸੀਆਂ ਸਤਰਕ

TeamGlobalPunjab
4 Min Read

ਮੋਗਾ : ਸੂਬੇ ਅੰਦਰ ਸ਼ਰੇਆਮ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਇੱਥੋਂ ਦੇ ਪਿੰਡ ਧੱਲੇ ਕੇ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਸੱਤਾਧਾਰੀ ਪਾਰਟੀ ਦੀ ਇੱਕ ਮਹਿਲਾ ਪ੍ਰਧਾਨ ਵੀਰਪਾਲ ਕੌਰ ਦੇ ਪਤੀ ਠਾਣਾ ਸਿੰਘ ਜੌਹਲ ‘ਤੇ ਦੋਸ਼ ਲੱਗੇ ਹਨ ਕਿ ਉਹ ਗਰੀਬਾਂ ਤੋਂ ਜ਼ਬਰੀ ਗੁੰਡਾ ਟੈਕਸ ਵਸੂਲਦਾ ਸੀ ਜਿਸ ਦਾ ਪਿੰਡ ਵਾਲਿਆਂ ਵੱਲੋਂ ਵਿਰੋਧ ਕੀਤੇ ਜਾਣ ‘ਤੇ ਇਹ ਮਾਹੌਲ ਇਸ ਕਦਰ ਗਰਮਾ ਗਿਆ ਕਿ ਗੱਲ ਹੱਥੋਪਾਈ ਤੋਂ ਵਧਦੀ ਹੋਈ ਗੋਲੀਆਂ ਚੱਲਣ ਤੱਕ ਜਾ ਪੁੱਜੀ ।

ਇਸ ਸਬੰਧੀ ਪਿੰਡ ਦੇ ਪੰਚਾਇਤ ਮੈਂਬਰ ਸੁਰੈਣ ਸਿੰਘ ਨੇ ਦੱਸਿਆ ਕਿ ਉਹ ਮਹਿਲਾ ਕਾਂਗਰਸ ਪ੍ਰਧਾਨ ਦਾ ਪਤੀ ਠਾਣਾ ਸਿੰਘ ਜੌਹਲ ਨੂੰ ਸਮਝਾਉਣ ਲਈ ਉਸ ਕੋਲ ਗਏ ਸਨ, ਪਰ ਉਸ ਨੇ ਆਪਣੇ ਕੋਲ ਫੜੀ ਗੰਡਾਸੀ ਨਾਲ ਲਕੀਰ ਖਿੱਚਦਿਆਂ ਕਿਹਾ ਕਿ ਜਿਹੜਾ ਵੀ ਇਸ ਦੀ ਤੋਂ ਅੱਗੇ ਆਇਆ ਉਸ ਨੂੰ ਉਹ (ਜੌਹਲ) ਠੋਕ ਦੇਵੇਗਾ। ਸੁਰੈਣ ਸਿੰਘ ਅਨੁਸਾਰ ਇਸ ਤੋਂ ਬਾਅਦ ਪਿੰਡ ਦਾ ਸਰਪੰਚ ਉਸ ਨੂੰ ਸਮਝਾਉਣ ਲਈ ਅੱਗੇ ਵਧਿਆ ਤਾਂ ਉਸ ਨੇ ਹਮਲਾ ਕਰ ਦਿੱਤਾ ਅਤੇ ਉਸ ਨੇ ਪਸਤੌਲ ਨਾਲ ਹਵਾਈ ਫਾਇਰ ਵੀ ਕਰਨੇ ਸ਼ੁਰੂ ਕਰ ਦਿੱਤੇ। ਸੁਰੈਣ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਕੁਝ ਤਾਂ ਉੱਥੋਂ ਭੱਜ ਗਏ ਪਰ ਕੁਝ ਇੰਨੇ ਗੁੱਸੇ ‘ਚ ਸਨ ਕਿ ਉਨ੍ਹਾਂ ਨੇ ਜੌਹਲ ਤੋਂ ਪਸਤੌਲ ਖੋਹ ਲਿਆ ਅਤੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਇੱਧਰ ਪਿੰਡ ਵਿੱਚ ਰੇਹੜੀ ਲੈ ਕੇ ਆਏ ਇੱਕ ਮਨਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਠਾਣਾ ਸਿੰਘ ਜੌਹਲ ਨੇ ਉਸ ਦੀ ਵੀ ਪਰਚੀ ਕੱਟੀ ਹੈ ਤੇ ਉਸ ਤੋਂ 100 ਰੁਪਏ ਵਸੂਲੇ ਸਨ।

ਇਸ ਸਬੰਧੀ ਜਦੋਂ ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਦੇ ਪਤੀ ਠਾਣਾ ਸਿੰਘ ਜੌਹਲ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਗਲਤ ਕੰਮ ਰੋਕਣ ਲਈ ਇੱਕ ਮੁਹਿੰਮ ਚਲਾਈ ਸੀ ਜਿਸ ਕਾਰਨ ਉਸ ਦਾ ਪਿੰਡ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਚੋਰੀ ਹੋਈ ਸੀ ਜਿਸ ਕਾਰਨ ਉਸ (ਠਾਣਾ ਸਿੰਘ) ਨੇ ਰੂਪ ਸਿੰਘ ਨਾਮ ਦੇ ਇੱਕ ਬਾਬੇ ਵਿਰੁੱਧ ਪਰਚਾ ਦਰਜ ਕਰਵਾਇਆ ਸੀ ਜਿਸ ਕਾਰਨ ਪਿੰਡ ਵਾਲੇ ਉਸ ਦਾ ਵਿਰੋਧ ਕਰ ਰਹੇ ਸਨ। ਪਰਚੀ ਕੱਟਣ ਵਾਲੇ ਮਸਲੇ ‘ਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਰੇਹੜੀ ਵਾਲਿਆਂ ਦੀ ਪਰਚੀ ਕੱਟਦੇ ਹਨ ਜਿਹੜੇ ਲਾਊਡ ਸਪੀਕਰਾਂ ਦੀ ਵਰਤੋਂ ਕਰਦੇ ਹਨ ਪਰ ਉਹ ਉਨ੍ਹਾਂ ਦੀ ਵੀ 100 ਰੁਪਏ ਦੀ ਪਰਚੀ ਕੱਟ ਕੇ ਚੇਤਾਵਨੀ ਦੇ ਕੇ ਛੱਡ ਦਿੰਦੇ ਹਨ। ਉਨ੍ਹਾਂ ਕਿਹਾ 1100 ਰੁਪਏ ਦੀ ਪਰਚੀ ਕੱਟਣ ਵਾਲੇ  ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਇਹ ਪੈਸੇ ਉਹ ਕਿਸੇ ਡੇਰੇ ਨੂੰ ਦਾਨ ਕਰਦਾ ਹੈ। ਗੋਲੀ ਚਲਾਉਣ ਬਾਰੇ ਠਾਣਾ ਸਿੰਘ ਨੇ ਦੱਸਿਆ ਕਿ ਉਸ ਨੇ ਗੋਲੀ ਉਸ ਸਮੇਂ ਚਲਾਈ ਜਦੋਂ ਪਿੰਡ ਵਾਲਿਆਂ ਨੇ ਉਸ ਨੂੰ ਢਾਹ ਲਿਆ ਅਤੇ ਉਸ ਦੀ ਪੱਗ ਦੀ ਬੇਅਦਬੀ ਕੀਤੀ, ਜਿਸ ਤੋਂ ਬਾਅਦ ਉਸ ਨੇ ਸਵੈ ਰੱਖਿਆ ਲਈ ਹਵਾਈ ਫਾਇਰ ਕੀਤੇ ਸਨ।

ਇਸ ਸਬੰਧੀ ਜਦੋਂ ਪੁਲਿਸ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਦੋਸ਼ ਲੱਗ ਰਹੇ ਹਨ ਕਿ ਇਹ ਵਿਅਕਤੀ (ਠਾਣਾ ਸਿੰਘ) ਜਬਰੀ ਕੋਈ ਪਰਚੀਆਂ ਕੱਟਦਾ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜਾਂਚ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਈ ਉਸ ਅਨੁਸਾਰ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

- Advertisement -

Share this Article
Leave a comment