ਚੰਡੀਗੜ੍ਹ/ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਅਪੀਲ ਕਰਦਿਆਂ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਨੱਥ ਪਾਉਣ ਲਈ ਆਖਿਆ ਹੈ, ਜਿਹੜੇ ਪੰਜਾਬੀਆਂ ਨੂੰ ਇੰਨਾ ਜ਼ਲੀਲ ਕਰ ਰਹੇ ਹਨ ਕਿ ਉਹ ਔਰਤਾਂ ਅਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ ਰਹੇ ਹਨ।
ਸਰਦਾਰ ਬਾਦਲ ਨੇ ਪਾਰਟੀ ਆਗੂਆਂ ਖਾਸ ਕਰਕੇ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦਾ ਡਟ ਕੇ ਸਾਥ ਦੇਣ ਅਤੇ ਉਹਨਾਂ ਤਕ ਜਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਲੋਕਾਂ ਅਤੇ ਪ੍ਰਸਾਸ਼ਨ ਵਿਚਕਾਰ ਲੋੜੀਂਦਾ ਤਾਲਮੇਲ ਬਣਾਉਣ। ਉਹਨਾਂ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਹੰਗਾਮੀ ਮੱਦਦ ਦੀ ਲੋੜ ਪ੍ਰਤੀ ਉਹ ਚੌਕਸ ਰਹਿਣ ਅਤੇ ਲੋੜਵੰਦਾਂ ਤਕ ਤੁਰੰਤ ਮੱਦਦ ਪਹੁੰਚਾਉਣ। ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦੀ ਸੇਵਾ ਕਰਦਿਆਂ ਜੇਕਰ ਉਹਨਾਂ ਨੂੰ ਕੋਈ ਮੁਸ਼ਕਿਲ ਆਵੇ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰਨ। ਉਹਨਾਂ ਕਿਹਾ ਕਿ ਪ੍ਰਸਾਸ਼ਨ ਨਾਲ ਸਹਿਯੋਗ ਕਰੋ ਅਤੇ ਲੋਕਾਂ ਕੋਲੋਂ ਸਹਿਯੋਗ ਮੰਗੋ। ਪਰ ਜਿੱਥੇ ਵੀ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਸਿੱਧਾ ਮੇਰੇ ਨਾਲ ਸੰਪਰਕ ਕਰੋ।
ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੂਬੇ ਅੰਦਰ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਕੰਮ ਕਰੇਗੀ ਅਤੇ ਕਿਸੇ ਵੀ ਔਖੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਦੇ ਸਾਰੇ ਉਸਾਰੂ ਯਤਨਾਂ ਦਾ ਸਮਰਥਨ ਕਰੇਗੀ। ਉਹਨਾਂ ਕਿਹਾ ਕਿ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਇਹ ਇੱਕਜੁਟ ਰਹਿਣ ਦਾ ਸਮਾਂ ਹੈ ਅਤੇ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਹਰ ਕੋਸ਼ਿਸ਼ ਦੀ ਹਮਾਇਤ ਕਰਾਂਗੇ। ਅਸੀਂ ਤਦ ਤਕ ਕੋਈ ਨੁਕਤਾਚੀਨੀ ਨਹੀਂ ਕਰਾਂਗੇ, ਜਦ ਤਕ ਕੁੱਝ ਜ਼ਿਆਦਾ ਜੋਸ਼ੀਲੇ ਅਧਿਕਾਰੀ ਹੱਦ ਪਾਰ ਨਹੀਂ ਕਰਦੇ। ਮੈਂ ਇਸ ਲੜਾਈ ਵਿਚ ਮੁੱਖ ਮੰਤਰੀ ਨੂੰ ਵਿਰੋਧੀ ਧਿਰ ਵੱਲੋਂ ਹਰ ਤਰ੍ਹਾਂ ਦੀ ਮੱਦਦ ਕਰਨ ਦੀ ਪੇਸ਼ਕਸ਼ ਦੁਹਰਾਉਂਦਾ ਹਾਂ, ਪਰ ਮੁੱਖ ਮੰਤਰੀ ਨੂੰ ਵੀ ਇਸ ਔਖੀ ਘੜੀ ਵਿਚ ਚਿੰਤਾ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਪ੍ਰਤੀ ਕੁੱਝ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਆਖਿਆ ਕਿ ਹੇਠਲੇ ਪੱਧਰ ਤਕ ਸਾਰੇ ਪੁਲਿਸ ਕਰਮਚਾਰੀ ਲੋਕਾਂ ਨੂੰ ਗੱਲਬਾਤ ਨਾਲ ਸਮਝਾਉਣ ਅਤੇ ਜੇਕਰ ਲੋੜ ਹੋਵੇ ਤਾਂ ਡੰਡੇ ਦੀ ਤਾਕਤ ਦਾ ਇਸਤੇਮਾਲ ਕਰਨ ਦੀ ਬਜਾਇ ਸਖ਼ਤ ਲਹਿਜ਼ੇ ਦਾ ਇਸਤੇਮਾਲ ਕਰਨ। ਉਹ ਇਸ ਵੱਡੇ ਕਾਰਜ ਨੂੰ ਨੇਪਰੇ ਚਾੜ੍ਹਦੇ ਸਮੇਂ ਲੋਕਾਂ ਪ੍ਰਤੀ ਕਠੋਰਤਾ ਨਾ ਵਿਖਾਉਣ।
ਅਕਾਲੀ ਦਲ ਪ੍ਰਧਾਨ ਨੇ ਅਫਸੋਸ ਪ੍ਰਗਟ ਕੀਤਾ ਕਿ ਬੇਸ਼ੱਕ ਮੁੱਖ ਮੰਤਰੀ ਨੇ ਆਪਣੇ ਤਾਜ਼ਾ ਬਿਆਨ ਵਿਚ ਸਵੀਕਾਰ ਕੀਤਾ ਹੈ ਕਿ ਕੁੱਝ ਥਾਂਵਾਂ ਉੱਤੇ ਪੁਲਿਸ ਅਧਿਕਾਰੀਆਂ ਦੁਆਰਾ ਪੰਜਾਬ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ, ਪਰ ਮੁੱਖ ਮੰਤਰੀ ਨੇ ਇਸ ਬਦਸਲੂਕੀ ਲਈ ਪਛਤਾਵੇ ਦਾ ਇੱਕ ਵੀ ਸ਼ਬਦ ਨਹੀਂ ਆਖਿਆ ਹੈ ਅਤੇ ਨਾ ਹੀ ਪੁਲਿਸ ਨੂੰ ਡੰਡੇ ਦੀ ਵਰਤੋਂ ਕਰਨ ਦੀ ਬਜਾਇ ਲੋਕਾਂ ਨੂੰ ਸਮਝਾ ਬੁਝਾ ਕੇ ਇਸ ਤਰ੍ਹਾਂ ਸਹਿਯੋਗ ਮੰਗਣ ਦਾ ਨਿਰਦੇਸ਼ ਦਿੱਤਾ ਹੈ ਕਿ ਹਰ ਕੋਈ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰੇ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਪੁਲਿਸ ਅਧਿਕਾਰੀ ਵੀ ਆਪਣੇ ਆਪ ਨੂੰ ਖਤਰੇ ਵਿਚ ਪਾ ਕੇ ਅਤੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਇੱਕ ਮੁਸ਼ਕਿਲ ਡਿਊਟੀ ਨਿਭਾ ਰਹੇ ਹਨ। ਇਸ ਮੁਸ਼ਕਿਲ ਦੀ ਘੜੀ ਵਿਚ ਮੈਂ ਤੁਹਾਡੇ ਯੋਗਦਾਨ ਦਾ ਬੇਹੱਦ ਸਤਿਕਾਰ ਕਰਦਾ ਹਾਂ। ਪਰ ਤੁਸੀਂ ਵੀ ਥੋੜ੍ਹੀ ਸੂਝ ਬੂਝ ਤੋਂ ਕੰਮ ਲਓ। ਲੋਕ ਤੁਹਾਡੇ ਕਹਿਣੇ ਤੋਂ ਬਾਹਰ ਨਹੀਂ ਹਨ। ਲੋਕਾਂ ਖ਼ਿਲਾਫ ਤੁਹਾਨੂੰ ਗੈਰਮਨੁੱਖੀ ਅਤੇ ਕੋਝੇ ਤਰੀਕੇ ਅਪਣਾਉਣ ਦੀ ਲੋੜ ਨਹੀਂ ਹੈ। ਕੋਈ ਵੀ ਪੰਜਾਬੀ ਸਹਿਯੋਗ ਕਰਨ ਤੋਂ ਇਨਕਾਰ ਨਹੀਂ ਕਰੇਗਾ। ਉਹਨਾਂ ਨੂੰ ਸਮਝਾ ਬੁਝਾ ਕੇ ਸਹਿਯੋਗ ਮੰਗੋ ਅਤੇ ਜੇਕਰ ਲੋੜ ਪਵੇ ਤਾਂ ਲਹਿਜ਼ਾ ਥੋੜ੍ਹਾ ਸਖ਼ਤ ਕਰ ਲਓ, ਪਰ ਡੰਡੇ ਦਾ ਇਸਤੇਮਾਲ ਨਾ ਕਰੋ।
ਮੁੱਖ ਮੰਤਰੀ ਪੁਲਿਸ ਨੂੰ ਨਿਰਦੇਸ਼ ਦੇਣ ਕਿ ਉਹ ਪੰਜਾਬੀਆਂ ਨੂੰ ਸਮਝਾ ਬੁਝਾ ਕੇ ਸਹਿਯੋਗ ਲਵੇ ਅਤੇ ਉਹਨਾਂ ਨੂੰ ਜ਼ਲੀਲ ਕਰਨਾ ਬੰਦ ਕਰੇ: ਸੁਖਬੀਰ ਸਿੰਘ ਬਾਦਲ
Leave a comment
Leave a comment