ਚੰਡੀਗੜ੍ਹ: ਬਠਿੰਡਾ ਦੇ ਪਿੰਡ ਭਗਤਾ ਭਾਈ ਵਿੱਚ ਸ਼ੁਕਰਵਾਰ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਦੇ ਰੋਸ ਵਿੱਚ ਡੇਰਾ ਪ੍ਰੇਮੀਆਂ ਨੇ ਅੱਜ ਪਿੰਡ ਸਲਾਬਤਪੁਰਾ ਨਜ਼ਦੀਕ ਬਰਨਾਲਾ-ਮੁਕਤਸਰ ਮੁੱਖ ਮਾਰਗ ਜਾਮ ਕਰ ਦਿੱਤਾ। ਡੇਰਾ ਪ੍ਰੇਮੀਆਂ ਨੇ ਹਾਈਵੇਅ ਉਪਰ ਮ੍ਰਿਤਕ ਮਨੋਹਰ ਲਾਲ ਦੀ ਲਾਸ਼ ਨਾਲ ਵੱਡੀ ਗਿਣਤੀ ਵਿੱਚ ਮਰਹੂਮ ਮਨੋਹਰ ਲਾਲ ਦੇ ਪਰਿਵਾਰ ਨਾਲ ਬੈਠ ਗਏ। ਪ੍ਰੇਮੀਆਂ ਨੇ ਦੱਸਿਆ ਹੈ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ। ਦੱਸਣਯੋਗ ਹੈ ਕਿ ਪਿੰਡ ਸਲਾਬਤਪੁਰਾ ਵਿੱਚ ਡੇਰਾ ਸੱਚਾ ਸੌਦਾ ਦਾ ਕੇਂਦਰ ਹੈ ਤੇ ਵੱਡੀ ਗਿਣਤੀ ਵਿੱਚ ਇਸ ਪਿੰਡ ’ਚ ਡੇਰਾ ਪ੍ਰੇਮੀ ਰਹਿੰਦੇ ਹਨ। ਜਿਓਂ ਜਿਓਂ ਧਰਨੇ ਬਾਰੇ ਪਤਾ ਲੱਗ ਰਿਹਾ ਹੈ ਡੇਰਾ ਪ੍ਰੇਮੀ ਇਥੇ ਪਹੁੰਚ ਰਹੇ ਹਨ। ਧਰਨੇ ਦੀ ਖ਼ਬਰ ਮਿਲਦੇ ਹੀ ਪੁਲਿਸ ਮੁਖੀ (ਐੱਸਐੱਸਪੀ) ਭੁਪਿੰਦਰਜੀਤ ਸਿੰਘ ਵਿਰਕ ਨੇ ਮੌਕੇ ਉਪਰ ਪਹੁੰਚ ਕੇ ਡੇਰਾ ਪ੍ਰੇਮੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਫੋਰਸ ਤੋਂ ਬਿਨਾ ਪ੍ਰਸ਼ਾਸ਼ਨ ਦੇ ਹੋਰ ਅਫਸਰ ਵੀ ਮੌਕੇ ‘ਤੇ ਪਹੁੰਚ ਗਏ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਡੇਰਾ ਸੱਚਾ ਸੌਦਾ ਦੀ ਸੂਬਾ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਦੱਸਿਆ ਹੈ ਕਿ ਪ੍ਰੇਮੀਆਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼ਰਾਰਤੀ ਅਨਸਰ ਸੂਬੇ ਦਾ ਅਮਨ ਚੈਨ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ 7ਵਾਂ ਕਤਲ ਹੈ। ਪੁਲਿਸ ਕੇਸ ਦਰਜ ਕਰਦੀ ਹੈ ਪਰ ਕੁਝ ਮਹੀਨਿਆਂ ਬਾਅਦ ਹੋਰ ਕਤਲ ਹੋ ਜਾਂਦਾ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਨੋਹਰ ਲਾਲ ਦੇ ਕਤਲ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਛੇਤੀ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।