Home / ਓਪੀਨੀਅਨ / ਭਾਰਤੀ ਸੰਵਿਧਾਨ ਅਤੇ ਅਨਮੋਲ ਗਗਨ ਮਾਨ ਦਾ ਵਿਵਾਦਿਤ ਬਿਆਨ !

ਭਾਰਤੀ ਸੰਵਿਧਾਨ ਅਤੇ ਅਨਮੋਲ ਗਗਨ ਮਾਨ ਦਾ ਵਿਵਾਦਿਤ ਬਿਆਨ !

-ਸੁਬੇਗ ਸਿੰਘ;

ਪਿਛਲੇ ਲਗਭਗ ਦੋ ਤਿੰਨ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਲੀਡਰ ਬੀਬਾ ਅਨਮੋਲ ਗਗਨ ਮਾਨ ਦਾ ਭਾਰਤ ਦੇ ਸੰਵਿਧਾਨ ਪ੍ਰਤੀ ਦਿੱਤਾ ਹੋਇਆ ਬਹੁਤ ਹੀ ਨਿੰਦਣਯੋਗ ਤੇ ਮੰਦਭਾਗਾ ਬਿਆਨ ਬਹੁਜਨ ਸਮਾਜ ਅਤੇ ਆਮ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਬਿਆਨ ਦੇ ਰਾਹੀਂ ਬੀਬਾ ਗਗਨ ਮਾਨ ਨੇ ਭਾਰਤ ਦੇ ਸੰਵਿਧਾਨ ਨੂੰ ਬਿਲਕੁਲ ਹੀ ਨਿਕੰਮਾ ਆਖਿਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਤੇ ਸ਼ਜਾ ਯਾਫਤਾ ਕਾਰਵਾਈ ਹੈ। ਭਾਰਤ ਦਾ ਸੰਵਿਧਾਨ ਦੇਸ਼ ਦਾ ਕਾਨੂੰਨੀ ਦਸਤਾਵੇਜ਼ ਹੈ, ਜਿਸ ਨੂੰ ਮੰਨਣਾ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਵੀ ਹੈ ਅਤੇ ਹਰ ਹਾਲਤ ਵਿੱਚ ਜਰੂਰੀ ਵੀ ਹੁੰਦਾ ਹੈ। ਦੇਸ਼ ਦੇ ਸੰਵਿਧਾਨ ਨੂੰ ਨਾ ਮੰਨਣਾ ਦੇਸ਼ ਵਿਰੋਧੀ ਤੇ ਦੇਸ਼ ਧ੍ਰੋਹੀ ਹੀ ਤਾਂ ਹੁੰਦਾ ਹੈ। ਇਸ ਤੋਂ ਇਹ ਗੱਲ ਬੜੀ ਸਪੱਸ਼ਟ ਹੈ ਕਿ ਬੀਬਾ ਗਗਨ ਮਾਨ ਨੇ ਦੇਸ਼ ਦੇ ਵਿਰੁੱਧ ਅਜਿਹਾ ਬਿਆਨ ਦੇ ਕੇ ਦੇਸ਼-ਧ੍ਰੋਹੀ ਵਾਲਾ ਕੰਮ ਹੀ ਤਾਂ ਕੀਤਾ ਹੈ, ਜੋ ਕਿ ਬਹੁਤ ਹੀ ਗੈਰ-ਜਿੰਮੇਵਾਰ ਹੈ।

ਬੀਬਾ ਗਗਨ ਮਾਨ ਦੇ ਬਿਆਨ ਨਾਲ ਸਭ ਤੋਂ ਵੱਧ ਦੁੱਖ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਹੋਇਆ ਹੈ ਕਿਉਂਕਿ ਭਾਰਤ ਦੇਸ਼ ਨੂੰ ਅਜਿਹੇ ਸੰਵਿਧਾਨ ਦੀ ਦੇਣ ਅਨੁਸੂਚਿਤ ਜਾਤੀ, ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ, ਭਾਰਤੀ ਨਾਰੀ ਦੇ ਮੁਕਤੀਦਾਤਾ ਅਤੇ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਅਤੇ ਮਹਾਨ ਰਹਿਬਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਕਾਰਨ ਹੀ ਤਾਂ ਹੈ। ਭਾਵੇਂ ਉਪਰੋਕਤ ਲੋਕਾਂ ਨੂੰ ਜਾਤ ਪਾਤ ਤੋਂ ਮੁਕਤ ਕਰਾਉਣ ਅਤੇ ਬਰਾਬਰੀ ਦਾ ਦਰਜਾ ਦਿਵਾਉਣ ਲਈ ਸਿੱਖ ਗੁਰੂਆਂ, ਗੁਰੂ ਰਵਿਦਾਸ ਜੀ, ਸੰਤ ਕਬੀਰ ਅਤੇ ਹੋਰ ਸੰਤਾਂ ਭਗਤਾਂ ਅਤੇ ਮਹਾਤਮਾ ਜੋਤਿਬਾ ਰਾਓ ਫੂਲੇ ਸਾਹਿਬ ਜਿਹੇ ਮਹਾਨ ਸਮਾਜ ਸੁਧਾਰਕਾਂ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ।ਪਰ ਇਸ ਜਾਤ ਪਾਤ ਦੇ ਕੋਹੜ ਨੂੰ ਖਤਮ ਕਰਨ ਅਤੇ ਹਰ ਤਰ੍ਹਾਂ ਦੀ ਬਰਾਬਰੀ ਦਾ ਦਰਜਾ ਦਿਵਾਉਣ ਲਈ ਸੰਵਿਧਾਨਕ ਹੱਕ ਤਾਂ ਸੰਵਿਧਾਨ ਦੇ ਰਾਹੀਂ ਹੀ ਮਿਲੇ ਹਨ। ਇਸ ਲਈ ਭਾਰਤ ਦਾ ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੀ ਨਹੀਂ, ਸਗੋਂ ਸਾਡੇ ਲਈ ਉਹ ਕਿਸੇ ਧਾਰਮਿਕ ਗ੍ਰੰਥ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ। ਇਸ ਰਾਹੀਂ ਸਾਡੇ ਸਮਾਜ ਤੇ ਵਰਣ ਵਿਵਸਥਾ ਰਾਹੀਂ ਥੋਪਿਆ ਗਿਆ ਜਾਤ ਪਾਤ ਦਾ ਕੋਹੜ ਅਤੇ ਨਾਬਰਾਬਰੀ ਦੇ ਪਾੜੇ ਨੂੰ ਅਗਰ ਕੋਈ ਚੀਜ ਮਲੀਆਮੇਟ ਕਰ ਸਕਦੀ ਸੀ, ਤਾਂ ਉਹ ਭਾਰਤ ਦਾ ਸੰਵਿਧਾਨ ਹੀ ਤਾਂ ਸੀ। ਇਸ ਲਈ ਦੇਸ਼ ਦੇ ਹਰ ਨਾਗਰਿਕ ਨੂੰ ਬਾਬਾ ਸਾਹਿਬ ਦਾ ਧੰਨਵਾਦੀ ਹੋਣਾ ਚਾਹੀਦਾ ਹੈ।

ਬਾਬਾ ਸਾਹਿਬ ਨੇ ਦੇਸ਼ ਵਾਸ਼ੀਆਂ ਲਈ ਇੱਕ ਅਜਿਹਾ ਸੰਵਿਧਾਨ ਲਿਖ ਕੇ ਦਿੱਤਾ ਹੈ, ਜਿਸ ਨੂੰ ਦੁਨੀਆਂ ਦਾ ਸਰਵੋਤਮ ਸੰਵਿਧਾਨ ਵੀ ਮੰਨਿਆ ਗਿਆ ਹੈ। ਜਿਸਦੇ ਕਾਰਨ ਹੀ ਬਾਬਾ ਸਾਹਿਬ ਦੇ ਗਿਆਨ ਦੇ ਮੁਰੀਦ ਅੱਜ ਵੀ ਬਾਹਰਲੇ ਦੇਸ਼ਾਂ ਦੇ ਲੋਕ ਮੌਜੂਦ ਹਨ। ਇਸੇ ਲਈ ਤਾਂ ਅਮਰੀਕਾ ਨੇ ਵੀ ਬਾਬਾ ਸਾਹਿਬ ਨੂੰ ‘ਸਿੰਬਲ ਆਫ ਨਾਲੇਜ’ ਜਿਹੇ ਖਿਤਾਬ ਨਾਲ ਨਿਵਾਜਿਆ ਹੈ। ਇਸ ਤੋਂ ਇਲਾਵਾ ਬਾਬਾ ਸਾਹਿਬ ਨੇ ਲੇਬਰ ਐਕਟ ਜਿਹੇ ਕਾਨੂੰਨ ਦੇ ਦੁਆਰਾ ਮਜਦੂਰਾਂ ਲਈ ਅੱਠ ਘੰਟੇ ਦਾ ਕੰਮ, ਇੱਕੋ ਕੰਮ ਇੱਕੋ ਜਿਹੀ ਮਜਦੂਰੀ, ਵੱਧ ਕੰਮ ਲੈਣ ਲਈ ਓਵਰ ਟਾਇਮ, ਹਫਤਵਾਰੀ ਛੁੱਟੀ ਜਿਹੇ ਹੋਰ ਅਨੇਕਾਂ ਹੀ ਕਾਨੂੰਨ ਮਜਦੂਰਾਂ ਦੇ ਹੱਕ ‘ਚ ਬਣਾਏ ਹਨ। ਦੂਸਰਾ ਭਾਰਤੀ ਨਾਰੀ ਨੂੰ ਦੇਸ਼ ਦੇ ਪੁਰਸ਼ ਦੇ ਬਰਾਬਰ ਹਰ ਪ੍ਰਕਾਰ ਦਾ ਸੰਵਿਧਾਨਿਕ ਹੱਕ ਲੈ ਕੇ ਦਿੱਤਾ। ਕੰਮ ਕਾਜੀ ਔਰਤਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ, ਪ੍ਰਸ਼ੂਤਾ ਛੁੱਟੀ, ਜਾਇਦਾਦ ਖਰੀਦਣ ਤੇ ਵੇਚਣ ਦਾ ਹੱਕ, ਪੜ੍ਹਨ, ਲਿਖਣ, ਬੋਲਣ, ਖਾਣ ਪੀਣ, ਪਹਿਨਣ, ਦੇਸ਼ ਦੇ ਕਿਸੇ ਵੀ ਕੋਨੇ ‘ਚ ਘੁੰਮਣ ਫਿਰਨ ਅਤੇ ਦੇਸ਼ ਦੇ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਕੰਮ ਕਰਨ ਦਾ ਹੱਕ ਲੈ ਕੇ ਦਿੱਤਾ। ਜਿਸਦੀ ਬਦੌਲਤ ਦੇਸ਼ ਦੀ ਨਾਰੀ ਅੱਜ ਪ੍ਰਧਾਨ ਮੰਤਰੀ, ਮੰਤਰੀ, ਰਾਸਟਰਪਤੀ, ਜੱਜ ਅਤੇ ਦੇਸ਼ ਦੇ ਹਰ ਵੱਡੇ ਤੋਂ ਵੱਡੇ ਅਹੁਦੇ ਦੀ ਹੱਕਦਾਰ ਹੈ। ਇਹ ਸਾਰੀ ਸੰਵਿਧਾਨ ਦੀ ਹੀ ਤਾਂ ਦੇਣ ਹੈ। ਅਗਰ ਸੰਵਿਧਾਨ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੇਸ਼ ਦੀ ਨਾਰੀ ਨੂੰ ਵਰਣ ਵਿਵਸਥਾ ਦੇ ਅਨੁਸਾਰ ਪੈਰ ਦੀ ਜੁੱਤੀ ਤੋਂ ਨਾ ਹੀ ਵੱਧ ਸਮਝਿਆ ਜਾਂਦਾ ਸੀ ਅਤੇ ਨਾ ਹੀ ਉਹ ਕੋਈ ਸੰਵਿਧਾਨਕ ਅਹੁਦਾ ਹੀ ਹਾਸਲ ਕਰ ਸਕਦੀ ਸੀ। ਸੋ, ਬੀਬਾ ਗਗਨ ਅਨਮੋਲ ਜੀ, ਜਿੱਥੇ ਦੇਸ਼ ਦੇ ਹਰ ਵਿਅਕਤੀ ਨੂੰ ਬਾਬਾ ਜੀ ਦਾ ਰਿਣੀ ਹੋਣਾ ਚਾਹੀਦਾ ਹੈ, ਉੱਥੇ ਸਮੁੱਚੇ ਦੇਸ਼ ਦੀ ਨਾਰੀ ਨੂੰ ਤਾਂ ਜਿੰਦਗੀ ਭਰ ਬਾਬਾ ਜੀ ਦਾ ਅਹਿਸਾਨਮੰਦ ਰਹਿਣਾ ਚਾਹੀਦਾ ਹੈ। ਜਿਸ ਨਾਰੀ ਨੂੰ ਉਨ੍ਹਾਂ ਨੇ ਪੈਰ ਦੀ ਜੁੱਤੀ ਤੋਂ ਉੱਪਰ ਚੁੱਕ ਕੇ, ਸਿਰ ਦਾ ਤਾਜ ਬਣਾ ਦਿੱਤਾ ਹੈ।

ਬੀਬਾ ਗਗਨ ਅਨਮੋਲ ਜੀ ਰਾਜਨੀਤੀ ਦੇ ਨਵੇਂ ਨਵੇਂ ਲੀਡਰ ਬਣਨ ਜਾ ਰਹੇ ਹਨ, ਬੜੀ ਖੁਸ਼ੀ ਦੀ ਗੱਲ ਹੈ। ਪਰ ਗਿਆਨ ਵਿਹੂਣੀਆਂ ਅਤੇ ਤਰਕਹੀਣ ਗੱਲਾਂ ਕਰਕੇ ਉਨ੍ਹਾਂ ਨੇ ਆਪਣੇ ਆਪ ਨੂੰ ਤਾਂ ਵਿਵਾਦ ਵਿਚ ਘੇਰ ਲਿਆ ਹੈ, ਸਗੋਂ ਅਜਿਹੀਆਂ ਬੇਅਰਥ ਗੱਲਾਂ ਨਾਲ ਭਾਰਤ ਦੀ ਨਾਰੀ ਦੇ ਸਨਮਾਨ ਨੂੰ ਵੀ ਸੱਟ ਮਾਰੀ ਹੈ। ਜਿਸ ਦੀ ਬਦੌਲਤ ਭਾਰਤੀ ਨਾਰੀ ਹਰ ਤਰ੍ਹਾਂ ਦੇ ਬਰਾਬਰੀ ਦੇ ਹੱਕ ਦਾ ਅਨੰਦ ਮਾਣ ਰਹੀ ਹੈ। ਇਹਦੇ ਨਾਲ ਹੀ ਬੀਬਾ ਗਗਨ ਅਨਮੋਲ ਨੇ ਆਪਣੀ ਆਮ ਆਦਮੀ ਪਾਰਟੀ ਦੇ ਸੰਵਿਧਾਨ ਵਿਰੋਧੀ ਗੁਪਤ ਏਜੰਡੇ ਨੂੰ ਵੀ ਖੁੱਲ੍ਹੇ ਰੂਪ ‘ਚ ਉਜਾਗਰ ਕਰ ਦਿੱਤਾ ਹੈ, ਜਿਹੜਾ ਆਮ ਆਦਮੀ ਦਾ ਮੁਖੌਟਾ ਪਹਿਨ ਕੇ ਅਖੌਤੀ ਸਵਰਨ ਸਮਾਜ ਦੇ ਜਾਤ ਪਾਤੀ ਸਿਸਟਮ ਨੂੰ ਮਜਬੂਤ ਕਰਨ ‘ਚ ਲੱਗਿਆ ਹੋਇਆ ਹੈ।

ਇਸ ਤਰ੍ਹਾਂ ਦੂਸਰੀਆਂ ਰਾਜਨੀਤਕ ਪਾਰਟੀਆਂ ਤੇ ਉਨ੍ਹਾਂ ਦੇ ਲੀਡਰਾਂ ਦਾ ਜਾਤ ਪਾਤ ‘ਚ ਗ੍ਰਸਤ ਅਸਲੀ ਚਿਹਰਾ ਨੰਗਾ ਹੋਇਆ ਹੈ, ਜਿਨ੍ਹਾਂ ਨੇ ਸੰਵਿਧਾਨ ਪ੍ਰਤੀ ਅਪਸ਼ਬਦ ਬੋਲਣ ਵਾਲਿਆਂ ਪ੍ਰਤੀ ਇੱਕ ਵੀ ਸ਼ਬਦ ਨਹੀਂ ਬੋਲਿਆ। ਸਗੋਂ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਖਾਸ ਕਰਕੇ ਪਾਰਟੀ ‘ਚ ਬੈਠੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ ਜਾਤੀ ਦੇ ਲੀਡਰਾਂ ਦਾ ਅਸਲੀ ਚਿਹਰਾ ਵੀ ਨੰਗਾ ਕਰ ਦਿੱਤਾ ਹੈ। ਉਨ੍ਹਾਂ ਨੇ ਬੀਬਾ ਗਗਨ ਮਾਨ ਦੇ ਸੰਵਿਧਾਨ ਪ੍ਰਤੀ ਅਜਿਹੇ ਹੋਛੇ ਤੇ ਵਿਵਾਦਪੂਰਨ ਬਿਆਨ ਦੀ ਅੱਜ ਤੱਕ ਭੋਰਾ ਵੀ ਨਿੰਦਿਆ ਨਹੀਂ ਕੀਤੀ। ਇਸ ਗੱਲ ਤੋਂ ਹੀ ਅਜਿਹੇ ਲੀਡਰਾਂ ਦੀ ਪਾਰਟੀ ਵਿੱਚ ਵੁੱਕਤ ਦਾ ਪਤਾ ਲੱਗਦਾ ਹੈ ਕਿਉਂਕਿ ਅਜਿਹੀਆਂ ਪਾਰਟੀਆਂ ਦਾ ਰਿਮੋਟ ਕੰਟਰੋਲ ਕਿਸੇ ਸਵਰਨ ਜਾਤੀ ਦੇ ਵਿਅਕਤੀ ਦੇ ਹੱਥਾਂ ‘ਚ ਫੜਿਆ ਹੁੰਦਾ ਹੈ, ਜਿਹੜੇ ਵਰਣ ਵਿਵਸਥਾ ਨੂੰ ਕਾਇਮ ਰੱਖਣ ‘ਚ ਵਿਸ਼ਵਾਸ ਰੱਖਦੇ ਹਨ ਅਤੇ ਅਨੁਸੂਚਿਤ ਅਤੇ ਅਨੁਸੂਚਿਤ ਜਨ ਜਾਤੀ ਦੇ ਲੋਕ ਤਾਂ ਉਨ੍ਹਾਂ ਦੀ ਸਿਰਫ ਕੱਠਪੁਤਲੀ ਹੀ ਹੁੰਦੇ ਹਨ।

ਸੋ, ਜਿੱਥੇ ਬੀਬਾ ਗਗਨ ਮਾਨ ਦੇ ਬਿਆਨ ਦੀ ਸਮੁੱਚੇ ਦੇਸ਼ ਵਾਸ਼ੀਆਂ ਨੂੰ ਸਖਤ ਸ਼ਬਦਾਂ ‘ਚ ਨਿਖੇਧੀ ਕਰਨੀ ਬਣਦੀ ਹੈ, ਉੱਥੇ ਨਾਲ ਹੀ ਬੀਬਾ ਜੀ ਨੂੰ ਇਸ ਗੱਲ ਲਈ ਮੁਆਫੀ ਵੀ ਮੰਗਣੀ ਚਾਹੀਦੀ ਹੈ। ਅਗਰ ਉਹ ਅਜਿਹਾ ਨਹੀਂ ਕਰਦੀ ਤਾਂ ਭਾਰਤੀ ਸੰਵਿਧਾਨ ਦੀ ਨਿਖੇਧੀ ਕਰਨ ਅਤੇ ਅਪਸ਼ਬਦ ਬੋਲਣ ਦੇ ਮਾਮਲੇ ‘ਚ ਉਹਨਾਂ ਦੇ ਖਿਲਾਫ ਪ੍ਰਸ਼ਾਸਨ ਨੂੰ ਬਣਦੀ ਕਾਨੂੰਨੀ ਕਾਰਵਾਈ ਵੀ ਜਰੂਰ ਕਰਨੀ ਚਾਹੀਦੀ ਹੈ, ਤਾਂ ਕਿ ਭਾਰਤ ਦੇ ਸੰਵਿਧਾਨ ਦੀ ਮਾਣ ਮਰਿਆਦਾ ਅਤੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕੇ। ਇਹਦੇ ਨਾਲ ਹੀ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਅਜਿਹੇ ਲੋਕਾਂ ਦੇ ਗੁਮਰਾਹਕੁਨ ਬਿਆਨਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਵੀ ਲੋੜ ਹੈ ਅਤੇ ਅਜਿਹੇ ਬਿਆਨ ਦੇਣ ਵਾਲੇ ਲੋਕਾਂ ਦੇ ਖਿਲਾਫ ਜੋਰਦਾਰ ਸੰਘਰਸ਼ ਵੀ ਵਿੱਢਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੇ ਸਮੇਂ ਚ ਕੋਈ ਹੋਰ ਅਜਿਹਾ ਵਿਅਕਤੀ ਅਜਿਹੇ ਤਰਕਹੀਣ ਬਿਆਨ ਦੇਣ ਦੀ ਹਿੰਮਤ ਨਾ ਕਰੇ।

ਸੰਪਰਕ: 93169 10402

Check Also

ਕੀ ਅਸੀਂ ਵਸਤੂਆਂ ਬਣ ਗਏ ?

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ …

Leave a Reply

Your email address will not be published. Required fields are marked *