ਫੈਡਰਲ ਚੋਣਾਂ ‘ਚ ਬਹਿਸ ਦਾ ਕਾਰਨ ਬਣੇਗਾ ਅਮਰੀਕਾ ਵੱਲੋਂ ਲਾਈ ਟੈਰਿਫਜ਼ ਦਾ ਮੁੱਦਾ

TeamGlobalPunjab
1 Min Read

ਓਟਵਾ: ਕੈਨੇਡਾ ਦੇ ਸਫ਼ੀਰ ਡੇਵਿਡ ਮੈਕਨੌਟਨ ਨੇ ਅਮਰੀਕਾ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੈਡਰਲ ਚੋਣਾਂ ਲਈ ਕੈਂਪੇਨ ਦੇ ਚੱਲਦਿਆਂ ਜੇ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਜਾਰੀ ਰੱਖੇ ਗਏ ਤਾਂ ਕੈਨੇਡਾ ਵਿੱਚ ਇਹ ਚੋਣ ਮੁੱਦਾ ਬਣ ਜਾਵੇਗਾ।

ਇਸ ਮਾਮਲੇ ‘ਤੇ ਵਾਸ਼ਿੰਗਟਨ ਡੀਸੀ ‘ਚ ਯੂਐਸ ਚੇਂਬਰ ਆਫ ਕਾਮਰਸ ਵਿਖੇ ਗੱਲ ਕਰਦਿਆਂ ਮੈਕਨੌਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਸ ਦਾ ਹੱਲ ਕੁੱਝ ਹਫਤਿਆਂ ਵਿੱਚ ਹੀ ਹੋ ਜਾਵੇਗਾ। ਪਰ ਜੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਇਹ ਮੁੱਦਾ ਕੈਨੇਡਾ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਬਹਿਸ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਇਸ ਨੂੰ ਤਰਜੀਹੀ ਤੌਰ ਉੱਤੇ ਦੋਵਾਂ ਧਿਰਾਂ ਵੱਲੋਂ ਹੱਲ ਕਰ ਲਿਆ ਜਾਵੇਗਾ।

ਮੈਕਨੌਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਇਨ੍ਹਾਂ ਟੈਰਿਫਜ਼ ਦੇ ਜਾਰੀ ਰਹਿੰਦਿਆਂ ਚੋਣਾਂ ਵਿੱਚ ਇਨ੍ਹਾਂ ਨੂੰ ਮੁੱਦਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਜਿਹੜੀ ਇਨ੍ਹਾਂ ਟੈਰਿਫਜ਼ ਨੂੰ ਹਟਾਉਣ ਲਈ ਅਮਰੀਕਾ ਉੱਤੇ ਦਬਾਅ ਨਾ ਪਾਉਣਾ ਚਾਹੁੰਦੀ ਹੋਵੇ।

Share this Article
Leave a comment