ਪੰਜਾਬੀ ਲੇਖਕ ਐਸ ਐਨ ਸੇਵਕ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾਵਾਂ ਪੱਤਰਕਾਰੀ ਤੇ ਸਭਿਆਚਾਰ ਵਿਭਾਗ ਦੇ ਸਾਬਕਾ ਮੁਖੀ ਤੇ ਅੰਗਰੇਜ਼ੀ ਅਧਿਆਪਕ ਰਹੇ ਪੰਜਾਬੀ ਲੇਖਕ ਲੇਖਕ ਡਾ: ਸ ਨ ਸੇਵਕ ਨਵੀਂ ਦਿੱਲੀ ‘ਚ ਸਦੀਵੀ ਵਿਛੋੜਾ ਦੇ ਗਏ ਹਨ।
ਪੰਜਾਬੀ ਸਭਿਆਚਾਰ ਅਕਾਡਮੀ ਦੇ ਸੰਸਥਾਪਕ , ਬਾਨੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਥੀਏਟਰ ਦੀ ਦੁਨੀਆਂ ਦੇ ਵੀ ਮੰਨੇ ਪਰਮੰਨੇ ਨਿਰਦੇਸ਼ਕ ਸਨ।
ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੰਗ ਰਾਈਟਰਜ਼ ਅਸੋਸੀਏਸ਼ਨ ਸਥਾਪਤ ਕਰਕੇ ਉਨ੍ਹਾਂ ਨੇ ਲਗਪਗ ਚਾਰ ਦਹਾਕੇ ਇਸ ਯੂਨੀਵਰਸਿਟੀ ਦੇ ਅਨੇਕਾਂ ਵਿਦਿਆਰਥੀਆਂ ਨੂੰ ਸਾਹਿੱਤ ਸਿਰਜਣਾ ਦੇ ਰਾਹ ਤੋਰਿਆ।
ਉਨ੍ਹਾਂ ਦਾ ਕਾਵਿ ਨਾਟ ਫਰਹਾਦ, ਨਾਟਕ ਸੁਕਰਾਤ ਤੇ ਗ਼ਜ਼ਲ ਸੰਗ੍ਰਹਿ ਰੁੱਤ ਕੰਡਿਆਲੀ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਰਚਨਾਵਾਂ ਵੀ ਉਨ੍ਹਾਂ ਰਚੀਆਂ।
ਤ੍ਰੈਮਾਸਿਕ ਪੱਤਰ ਜੀਵਨ ਸਾਂਝਾਂ ਤੇ ਸੰਚਾਰ ਦੇ ਵੀ ਉਹ ਲੰਮਾ ਸਮਾਂ ਸੰਪਾਦਕ ਤੇ ਸੰਚਾਲਕ ਰਹੇ। ਉਹ ਸਾਡੇ ਵਰਗੇ ਅਨੇਕਾਂ ਨੂੰ ਲਿਖਣ ਪੜ੍ਹਨ ਸਿਖਾਉਣ ਵਾਲੇ ਤੇ ਆਪਣੇ ਮੈਗਜ਼ੀਨ ਚ ਛਾਪਣ ਵਾਲੇ ਸਨ।
ਆਪਣੀ ਜੀਵਨ ਸਾਥਣ ਅੰਮ੍ਰਿਤਾ ਸੇਵਕ ਦੇ ਵਿਛੋੜੇ ਤੋਂ ਬਾਦ ਉਹ ਲਗਪਗ ਟੁੱਟ ਗਏ ਸਨ।
ਡਾ: ਸੇਵਕ ਦੇ ਵਿਛੋੜੇ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ: ਉੱਘੇ ਸਿੱਖਿਆ ਸ਼ਾਸਤਰੀ ਡਾ: ਸ ਪ ਸਿੰਘ, ਪ੍ਰੋ: ਰਵਿੰਦਰ ਭੱਠਲ,ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਝਾਂਜਰ ਟੀ ਵੀ ਟੋਰੰਟੋ ਦੇ ਸੰਚਾਲਕ ਤੇ ਡਾ: ਸੇਵਕ ਦੇ ਨਿਕਟਵਰਤੀ ਕਲਾਕਾਰ ਰਵਿੰਦਰ ਜੱਸਲ, ਡਾ: ਨਿਰਮਲ ਜੌੜਾ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਸ: ਦਲਜੀਤ ਸਿੰਘ ਜੱਸਲ ਨੇ ਵੀ ਡਾ: ਸ ਨ ਸੇਵਕ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Share this Article
Leave a comment