ਪੀ.ਏ.ਯੂ. ਵੱਲੋਂ ਫ਼ਲ ਖੋਜ ਕੇਂਦਰ ਗੰਗੀਆਂ ਵਿਖੇ ਬਾਗਬਾਨੀ ਫਸਲਾਂ ਦੀ ਕਾਸ਼ਤ ਅਤੇ ਸਾਂਭ-ਸੰਭਾਲ ਸੰਬੰਧੀ ਇੱਕ ਰੋਜ਼ਾ ਖੇਤ ਦਿਵਸ

TeamGlobalPunjab
3 Min Read

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਐਮ. ਐਸ. ਰੰਧਾਵਾ ਫ਼ਲ ਖੋਜ ਕੇਂਦਰ ਗੰਗੀਆਂ ਵਿਖੇ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਅਤੇ ਸਾਂਭ-ਸੰਭਾਲ ਸਬੰਧੀ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਕੁਲਵੰਤ ਸਿੰਘ ਆਹਲੂਵਾਲੀਆ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।

ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਆਹਲੂਵਾਲੀਆ ਨੇ ਮੰਡੀਕਰਨ ਦੇ ਬਦਲ ਰਹੇ ਸਮੇਂ ਦੇ ਮੱਦੇਨਜ਼ਰ ਗੁਣਾਤਮਕ ਫ਼ਸਲ ਉਤਪਾਦਨ ਤੇ ਜ਼ੋਰ ਦਿੰਦੇ ਹੋਏ ਸੰਯੁਕਤ ਕੀਟ ਪ੍ਰਬੰਧਨ, ਅੰਤਰ ਫਸਲਾਂ ਦੀ ਕਾਸ਼ਤ ਅਤੇ ਮੰਡੀਕਰਨ ਪ੍ਰਤੀ ਜਾਗਰੂਕਤਾ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੀ.ਏ.ਯੂ. ਦੀ ਕਿਸਾਨਾਂ ਪ੍ਰਤੀ ਕੀਤੀ ਸੇਵਾ ਦੀ ਵੀ ਸ਼ਲਾਘਾ ਕੀਤੀ।

ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ. ਐਸ. ਬੁੱਟਰ ਨੇ ਬਾਗਬਾਨੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਸ ਨੂੰ ਫਸਲੀ ਵਿਭਿੰਨਤਾ ਲਈ ਇੱਕ ਢੁੱਕਵਾਂ ਵਸੀਲਾ ਦੱਸਿਆ। ਉਨ੍ਹਾਂ ਨੇ ਸਿਹਤਮੰਦ ਅਤੇ ਨਸਲੀ ਨਰਸਰੀ ਬੂਟਿਆਂ ਦੀ ਲੋੜ ਤੇ ਜ਼ੋਰ ਦਿੰਦੇ ਬਾਗਬਾਨੀ ਦਾ ਉਤਪਾਦਨ ਵਧਾਉਣ ਦੀ ਗੱਲ ਕੀਤੀ। ਉਹਨਾਂ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸਦਾ ਰਾਬਤਾ ਕਾਇਮ ਰੱਖਣ ਦੀ ਅਪੀਲ ਕੀਤੀ। ਪੀ.ਏ.ਯੂ. ਦੀਆਂ ਨਵੀਆਂ ਸੰਚਾਰ ਵਿਧੀਆਂ ਬਾਰੇ ਗੱਲ ਕਰਦਿਆਂ ਡਾ. ਬੁੱਟਰ ਨੇ ਕਿਸਾਨਾਂ ਨੂੰ ਪੀ.ਏ.ਯੂ. ਕਿਸਾਨ ਐਪ ਅਤੇ ਟੋਲ ਫਰੀ ਨੰ. ਬਾਰੇ ਜਾਣਕਾਰੀ ਸਾਂਝੀ ਕੀਤੀ।

- Advertisement -

ਵਧੀਕ ਨਿਰਦੇਸ਼ਕ ਖੋਜ ਡਾ. ਏ. ਐਸ. ਢੱਟ ਨੇ ਬਾਗਬਾਨੀ ਖੇਤਰ ਵਿੱਚ ਕੀਤੀਆਂ ਵਿਸ਼ੇਸ਼ ਖੋਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਪੰਜਾਬ ਵਿੱਚ ਬਾਗਬਾਨੀ ਦੀ ਮੌਜੂਦਾ ਹਾਲਤ ਬਾਰੇ ਬੋਲਦਿਆਂ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਤਕਨੀਕੀ ਸੈਸ਼ਨ ਦੌਰਾਨ ਪੀ.ਏ.ਯੂ. ਤੋਂ ਆਏ ਵਿਗਿਆਨੀਆਂ ਨੇ ਫਲਾਂ, ਸਬਜ਼ੀਆਂ ਅਤੇ ਫੁੱਲਾਂ ਵਾਲੇ ਬੂਟਿਆਂ ਦਾ ਨਰਸਰੀ ਉਤਪਾਦਨ, ਸੁਧਰੀਆਂ ਹੋਈਆਂ ਕਿਸਮਾਂ, ਕਾਸ਼ਤ, ਬਚਾਅ ਅਤੇ ਸਾਂਭ-ਸੰਭਾਲ ਸੰਬੰਧੀ ਜਾਣਕਾਰੀ ਮੁਹੱਈਆ ਕੀਤੀ।

ਇਸ ਪ੍ਰੋਗਰਾਮ ਵਿੱਚ 300 ਤੋਂ ਵੱਧ ਕਿਸਾਨ ਭਰਾਵਾਂ, ਕਿਸਾਨ ਬੀਬੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਿਸਾਨਾਂ ਦੀ ਜਾਣਕਾਰੀ ਹਿੱਤ ਫ਼ਲਾਂ, ਸਬਜੀਆਂ ਅਤੇ ਫੁੱਲਾਂ ਦੀਆਂ ਸੁਧਰੀਆਂ ਕਿਸਮਾਂ, ਫਾਰਮ ਮਸ਼ੀਨਰੀ ਅਤੇ ਸੈਲਫ ਹੈਲਪ ਗਰੁੱਪਾਂ ਦੀਆਂ ਪ੍ਰਦਰਸ਼ਨੀ ਦੁਕਾਨਾਂ ਵੀ ਲਗਾਈਆਂ ਗਈਆਂ। ਕਿਸਾਨਾਂ ਦੇ ਫਾਇਦੇ ਲਈ ਸਾਉਣੀ ਦੀਆਂ ਫ਼ਸਲਾਂ, ਸਬਜ਼ੀਆਂ ਦੀਆਂ ਕਿੱਟਾਂ, ਫਲਦਾਰ ਬੂਟੇ, ਧਾਤਾਂ ਦਾ ਚੂਰਾ ਅਤੇ ਤਕਨੀਕੀ ਜਾਣਕਾਰੀ ਦੀਆਂ ਕਿਤਾਬਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

ਫ਼ਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਸਾਰੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਸਟੇਸ਼ਨ ਤੇ ਚਲ ਰਹੀਆਂ ਗਤੀਵਿਧੀਆਂ ਅਤੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਨੇ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਸੰਭਾਲੀ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Share this Article
Leave a comment