ਲੁਧਿਆਣਾ: ਪੀ.ਏ.ਯੂ. ਵਿੱਚ ਆਈ ਸੀ ਏ ਆਰ ਖੇਤੀ ਖੋਜ ਪ੍ਰਬੰਧਨ ਦੀ ਰਾਸ਼ਟਰੀ ਅਕਾਦਮੀ (ਨਾਰਮ) ਹੈਦਰਾਬਾਦ ਦੇ ਸਹਿਯੋਗ ਨਾਲ ਦੋ ਦਿਨਾਂ ਵਰਕਸ਼ਾਪ ਆਰੰਭ ਹੋਈ । ਇਸ ਵਰਕਸ਼ਾਪ ਵਿੱਚ ਮਿਆਰੀ ਖੇਤੀ ਸਿੱਖਿਆ ਲਈ ਅਕਾਦਮਿਕ ਸੰਸਥਾਵਾਂ-ਉਦਯੋਗਿਕ ਇਕਾਈਆਂ-ਸਰਕਾਰ ਵਿਚਕਾਰ ਹੋਰ ਤਾਲਮੇਲ ਦੀ ਦਿਸ਼ਾ ਅਤੇ ਸੰਭਾਵਨਾਵਾਂ ਬਾਰੇ ਵਿਚਾਰਾਂ ਲਈ ਮਾਹਿਰਾਂ ਨੇ ਚਰਚਾ ਕੀਤੀ। ਪੀ.ਏ.ਯੂ. ਤੋਂ ਬਿਨਾਂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੈਟਨਰੀ ਸਾਇੰਸਜ਼ ਯੂਨੀਵਰਸਿਟੀ, ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸਜ਼ ਐਂਡ ਤਕਨਾਲੋਜੀ, ਡਾ. ਵਾਈ ਐਸ ਪਰਮਾਰ ਯੂਨੀਵਰਸਿਟੀ ਆਫ਼ ਹੋਰਟੀਕਲਚਰ ਐਂਡ ਫੋਰੈਸਟਰੀ ਸੋਲਨ, ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਪਾਲਮਪੁਰ ਤੋਂ ਮਾਹਿਰ ਵਿਗਿਆਨੀ ਹਿੱਸਾ ਲੈ ਰਹੇ ਹਨ।
ਆਰੰਭਲੇ ਸੈਸ਼ਨ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪਦਮਸ਼੍ਰੀ ਐਵਾਰਡੀ ਪ੍ਰਧਾਨ ਵਜੋਂ ਸ਼ਾਮਿਲ ਹੋਏ ਜਦਕਿ ਡਾ. ਵਾਈ ਐਸ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਸੋਲ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਕੌਸ਼ਲ ਮੁੱਖ ਮਹਿਮਾਨ ਦੇ ਤੌਰ ‘ਤੇ ਮੌਜੂਦ ਸਨ। ਇਸੇ ਸੈਸ਼ਨ ਵਿੱਚ ਵੇਰਕਾ ਪੰਜਾਬ ਦੇ ਪ੍ਰਬੰਧਕ ਨਿਰਦੇਸ਼ਕ ਸ੍ਰੀ ਕਮਲਦੀਪ ਸਿੰਘ ਸਾਂਘਾ ਆਈ ਏ ਐਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਵਰਕਸ਼ਾਪ ਨੂੰ ਨਵੇਂ ਖੇਤੀ ਸਿੱਖਿਆ ਦ੍ਰਿਸ਼ ਦੀ ਸ਼ੁਰੂਆਤ ਲਈ ਇਤਿਹਾਸਕ ਕਦਮ ਕਿਹਾ। ਉਹਨਾਂ ਕਿਹਾ ਕਿ ਰਵਾਇਤੀ ਸਿੱਖਿਆ ਪ੍ਰਣਾਲੀ ਵਿੱਚ ਉਦਯੋਗਾਂ ਨਾਲ ਸੰਬੰਧ ਬੇਹੱਦ ਸੀਮਿਤ ਰਹੇ ਹਨ।
ਖੇਤੀ ਯੂਨੀਵਰਸਿਟੀਆਂ ਦੇ ਆਰੰਭ ਸਮੇਂ ਪ੍ਰਮੁੱਖ ਤੌਰ ਤੇ ਭੋਜਨ ਅਤੇ ਅਨਾਜ ਦੀ ਘਾਟ ਹੀ ਮੁੱਦਾ ਸੀ ਜਿਸ ਕਾਰਨ ਉਦਯੋਗਾਂ ਨਾਲ ਸਾਂਝ ਦੇ ਖੇਤਰ ਖਾਦਾਂ, ਖੇਤ ਮਸ਼ੀਨਰੀ, ਖੇਤੀ ਰਸਾਇਣ ਅਤੇ ਬੀਜ ਉਤਪਾਦਨ ਤੱਕ ਵਿਕਸਿਤ ਹੋ ਸਕੇ । ਵਰਤਮਾਨ ਦੌਰ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਦਾ ਦੌਰ ਹੈ । ਉਹਨਾਂ ਕਿਹਾ ਕਿ ਖਪਤ ਅਤੇ ਉਦਯੋਗ ਦੀ ਮੰਗ ਤੋਂ ਬਗੈਰ ਨਵੀਆਂ ਕਿਸਮਾਂ ਦੀ ਖੋਜ ਨਹੀਂ ਹੋ ਸਕੇਗੀ । ਪੀ.ਏ.ਯੂ. ਵੱਲੋਂ ਖੇਤੀ ਉਤਪਾਦਕਾਂ ਨਾਲ ਸੰਪਰਕ ਬਣਾ ਕੇ ਨਵੇਂ ਯੁੱਗ ਦੀਆਂ ਲੋੜਾਂ ਦੀ ਪੂਰਤੀ ਲਈ ਕੀਤੇ ਯਤਨਾਂ ਦਾ ਉਲੇਖ ਕਰਦਿਆਂ ਡਾ. ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਫੈਲਾਈ ਚੇਤਨਾ ਸਦਕਾ ਰਸਾਇਣਿਕ ਰਹਿੰਦ-ਖੂੰਹਦ, ਖਾਣ ਪੀਣ ਦੀਆਂ ਵਸਤਾਂ ਵਿੱਚ ਬੇਹੱਦ ਘਟੀ ਹੈ । ਨਾਲ ਹੀ ਪੀ.ਏ.ਯੂ. ਨੇ ਭੋਜਨ ਕਰਾਫਟ ਮੇਲਾ ਸ਼ੁਰੂ ਕਰਕੇ ਅਤੇ ਭੋਜਨ ਉਦਯੋਗ ਕੇਂਦਰ ਬਣਾ ਕੇ ਖੇਤੀ ਉਦਯੋਗਿਕ ਸਿਖਲਾਈ ਦੇ ਖੇਤਰ ਵਿੱਚ ਸੰਪਰਕ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ । ਡਾ. ਢਿੱਲੋਂ ਨੇ ਪੱਛਮੀ ਦੇਸ਼ਾਂ ਵਿੱਚ ਉਦਯੋਗਾਂ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਨਜ਼ਦੀਕੀ ਸੰਬੰਧਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਵਰਤਮਾਨ ਵਿੱਚ ਉਦਯੋਗ ਦੀ ਭੂਮਿਕਾ ਵਧਾਉਣ ਦੀ ਲੋੜ ਹੈ । ਉਹਨਾਂ ਨੇ ਵਿਦਿਆਰਥੀਆਂ ਨੂੰ ਮੁਹਾਰਤ ਵਿਕਾਸ ਨਾਲ ਜੋੜ ਕੇ ਪ੍ਰੈਕਟੀਕਲ ਸਿੱਖਿਆ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ । ਨਾਲ ਹੀ ਡਾ. ਢਿੱਲੋਂ ਨੇ ਸਰਕਾਰੀ ਪੱਖ ਤੋਂ ਸਹਾਇਤਾ ਦੇ ਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮਜ਼ਬੂਤੀ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇਹ ਵਰਕਸ਼ਾਪ ਭਵਿੱਖ ਦੀਆਂ ਯੋਜਨਾਵਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ ।
ਡਾ. ਵਾਈ ਐਸ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਕੌਸ਼ਲ ਨੇ ਆਪਣੇ ਭਾਸ਼ਣ ਵਿੱਚ ਅਕਾਦਮਿਕ ਸੰਸਥਾਵਾਂ, ਉਦਯੋਗਿਕ ਇਕਾਈਆਂ ਅਤੇ ਸਰਕਾਰੀ ਧਿਰਾਂ ਵਿਚਕਾਰ ਸੰਸਾਰ ਪੱਧਰ ਦੇ ਸੰਪਰਕ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਵਿਸ਼ਵ ਦੀਆਂ ਵਧ ਰੈਂਕ ਵਾਲੀਆਂ ਯੂਨੀਵਰਸਿਟੀਆਂ ਉਦਯੋਗਿਕ ਇਕਾਈਆਂ ਨਾਲ ਨੇੜਲੇ ਸੰਬੰਧਾਂ ਲਈ ਜਾਣੀਆਂ ਜਾਂਦੀਆਂ ਹਨ । ਮੁਹਾਰਤ ਦੀ ਅਣਹੋਂਦ ਕਾਰਨ ਨੌਕਰੀਆਂ ਦੇ ਖੇਤਰ ਵਿੱਚ ਯੋਗ ਵਿਅਕਤੀਆਂ ਦਾ ਨਾ ਮਿਲਣਾ ਫਿਕਰ ਵਾਲੀ ਗੱਲ ਹੈ ਇਸ ਲਈ ਉਦਯੋਗ ਅਤੇ ਅਕਾਦਮਿਕਤਾ ਦੀ ਸਾਂਝ ਇਸ ਖੇਤਰ ਵਿੱਚ ਨਵੇਂ ਪਸਾਰ ਜੋੜ ਸਕੇਗੀ ।
ਇਸ ਮੌਕੇ ਨਾਰਮ ਹੈਦਰਾਬਾਦ ਦੇ ਮੁੱਖ ਵਿਗਿਆਨੀ ਡਾ. ਐਸ ਸੇਨਥਿਲ ਨੇ ਨਾਰਮ ਦੇ ਉਦੇਸ਼ਾਂ ਬਾਰੇ ਦੱਸਦਿਆਂ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਮੁਤਾਬਿਕ ਕੀਤੇ ਜਾ ਰਹੇ ਕਾਰਜਾਂ ਅਤੇ ਸਹਿਯੋਗੀ ਧਿਰਾਂ ਦੇ ਹਿਤਾਂ ਅਨੁਸਾਰ ਨੀਤੀਆਂ ਦੀ ਗੱਲ ਕੀਤੀ । ਉਹਨਾਂ ਨੇ ਕਿਹਾ ਕਿ ਇਹ ਸੱਤਵੀਂ ਵਰਕਸ਼ਾਪ ਹੈ ਜਿਸ ਵਿੱਚ ਖੇਤੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ ਆਦਿ ਵਿੱਚ ਆਪਸੀ ਸੰਪਰਕ ਸਥਾਪਿਤ ਕਰਕੇ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਹਿਤ ਉਦਯੋਗਿਕ ਲੋੜਾਂ ਅਤੇ ਮੌਕਿਆਂ ਨੂੰ ਵਿਚਾਰਿਆ ਜਾਵੇਗਾ ।
ਡਾ. ਬਲਦੇਵ ਸਿੰਘ ਢਿੱਲੋਂ ਨੇ ਮਹਿਮਾਨਾਂ ਨੂੰ ਸ਼ਾਲ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਤਰੀ ਭਾਰਤ ਦੀਆਂ ਪ੍ਰਸਿੱਧ ਉਦਯੋਗਿਕ ਇਕਾਈਆਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਸਰਕਾਰ ਵੱਲੋਂ ਰਾਜ ਬਾਗਬਾਨੀ ਵਿਭਾਗ, ਮਿਲਕਫੈਡ ਆਦਿ ਦੇ ਪ੍ਰਤੀਨਿਧੀ ਸ਼ਾਮਿਲ ਹੋ ਰਹੇ ਹਨ । ਸਵਾਗਤੀ ਸ਼ਬਦ ਬੋਲਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਇਸ ਦੋ ਦਿਨਾਂ ਕਾਨਫਰੰਸ ਦੀ ਰੂਪਰੇਖਾ ਬਾਰੇ ਚਾਨਣਾ ਪਾਇਆ ਅਤੇ ਆਸ ਪ੍ਰਗਟਾਈ ਕਿ ਵੱਖ-ਵੱਖ ਧਿਰਾਂ ਵਿਚਕਾਰ ਸੰਪਰਕ ਨਾਲ ਮਿਆਰੀ ਖੇਤੀ ਸਿੱਖਿਆ ਦੇ ਮੌਕੇ ਉਜਵਲ ਹੋਣਗੇ । ਇਸ ਸੈਸ਼ਨ ਵਿੱਚ ਧੰਨਵਾਦ ਦੇ ਸ਼ਬਦ ਡਾ. ਵਿਸ਼ਾਲ ਬੈਕਟਰ ਨੇ ਕਹੇ।