ਪੀ.ਏ.ਯੂ. ਨੇ ਸਬਜ਼ੀਆਂ ਦੇ ਨਿਰਯਾਤ ਸੰਬੰਧੀ ਖੋਜ ਦੀ ਮਜ਼ਬੂਤੀ ਲਈ ਕੀਤਾ ਸਮਝੌਤਾ

TeamGlobalPunjab
2 Min Read

ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਫਤਿਹਗੜ੍ਹ ਸਾਹਿਬ ਦੀ ਫਰਮ ਐਗਰੋ ਫਰੋਜ਼ਨ ਫੂਡ ਪ੍ਰਾਈਵੇਟ ਲਿਮਿਟਡ ਨਾਲ ਅੱਜ ਇੱਕ ਸਮਝੌਤੇ ਉਤੇ ਦਸਤਖਤ ਕੀਤੇ। ਇਸ ਸਮਝੌਤੇ ਅਨੁਸਾਰ ਨਿਰਯਾਤ ਲਈ ਢੁੱਕਵੀਆਂ ਤਾਜ਼ੀਆਂ ਅਤੇ ਫਰੋਜ਼ਨ ਸਬਜ਼ੀਆਂ ਦੀ ਖੋਜ ਨੂੰ ਹੋਰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਸਮਝੌਤੇ ਉਤੇ ਸਹੀ ਪਾਉਣ ਲਈ ਪੀ.ਏ.ਯੂ. ਵੱਲੋਂ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਅਤੇ ਐਗਰੋ ਫਰੋਜ਼ਨ ਫੂਡਜ਼ ਵੱਲੋਂ ਐਨ ਐਸ ਬਰਾੜ ਮੌਜੂਦ ਸਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਇਸ ਦੁਵੱਲੇ ਖੋਜ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਿਰਯਾਤ ਕੀਤੀਆਂ ਜਾਣ ਯੋਗ ਸਬਜ਼ੀਆਂ ਦੀ ਖੋਜ ਲਈ ਇਸ ਸਮਝੌਤੇ ਨਾਲ ਨਵਾਂ ਰਸਤਾ ਖੁੱਲਿਆ ਹੈ । ਇਹ ਖੋਜ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਬਹੁਤ ਅਹਿਮ ਕਾਰਜ ਕਰਨ ਲਈ ਢੁੱਕਵੀਂ ਕਾਰਵਾਈ ਹੈ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਭਰਪੂਰ ਵਾਧਾ ਹੋਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਇਸ ਸਮਝੌਤੇ ਅਨੁਸਾਰ ਕੀਤੀ ਜਾਣ ਵਾਲੀ ਖੋਜ ਉਤਪਾਦਨ ਤਕਨੀਕਾਂ ਦੇ ਮਿਆਰੀਕਰਨ ਸੰਬੰਧੀ ਕੁਝ ਤਜ਼ਰਬੇ ਕਰੇਗੀ ਜਿਸ ਨਾਲ ਸਬਜ਼ੀਆਂ ਦੀਆਂ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਲੈਣ, ਪ੍ਰੋਸੈਸਿੰਗ ਅਤੇ ਪੰਜਾਬ ਦੇ ਹਾਲਾਤ ਅਨੁਸਾਰ ਮਿਆਰ ਲਈ ਨਵੇਂ ਬਦਲ ਤਲਾਸ਼ੇ ਜਾਣਗੇ। ਇਹ ਸਾਰੀ ਖੋਜ ਯੂਨੀਵਰਸਿਟੀ ਦੇ ਨਰੈਣਗੜ੍ਹ ਬੀਜ ਫਾਰਮ ਵਿਖੇ ਪ੍ਰਵਾਨ ਚੜੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਵਧੀਕ ਨਿਰਦੇਸ਼ਕ ਖੋਜ ਡਾ. ਐਮ ਆਈ ਐਸ ਗਿੱਲ ਅਤੇ ਡਾ. ਅਜਮੇਰ ਸਿੰਘ ਢੱਟ ਅਤੇ ਨਰੈਣਗੜ੍ਹ ਬੀਜ ਫਾਰਮ ਦੇ ਨਿਰਦੇਸ਼ਕ ਡਾ. ਏ ਐਸ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Share This Article
Leave a Comment