Home / ਪੰਜਾਬ / ਨਵੀਆਂ ਲੋੜਾਂ ਅਨੁਸਾਰ ਕਿਸਾਨ ਨੂੰ ਆਪ ਪ੍ਰਬੰਧਕ ਬਣਨਾ ਪਵੇਗਾ : ਡਾ. ਰਾਜਬੀਰ ਬਰਾੜ

ਨਵੀਆਂ ਲੋੜਾਂ ਅਨੁਸਾਰ ਕਿਸਾਨ ਨੂੰ ਆਪ ਪ੍ਰਬੰਧਕ ਬਣਨਾ ਪਵੇਗਾ : ਡਾ. ਰਾਜਬੀਰ ਬਰਾੜ

ਕਿਸਾਨ ਕਲੱਬ ਦੇ ਸਲਾਨਾ ਐਵਾਰਡ ਉਦਮੀ ਕਿਸਾਨਾਂ ਨੂੰ ਦਿੱਤੇ ਗਏ

ਲੁਧਿਆਣਾ: ਪੀ.ਏ.ਯੂ. ਵਿੱਚ ਅੱਜ ਐਗਰੀ ਬਿਜ਼ਨਸ ਇਨਕੂਬੇਟਰਜ਼ ਕਨਕਲੇਵ ਨਾਂ ਹੇਠ ਖੇਤੀ ਉਦਯੋਗ ਉਦਮੀਆਂ ਦਾ ਇੱਕ ਮੇਲਾ ਲਗਾਇਆ ਗਿਆ। ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਪੀ.ਏ.ਯੂ. ਵਿੱਚ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਲਗਾਏ ਗਏ ਇਸ ਮੇਲੇ ਵਿੱਚ ਸਰਕਾਰੀ ਸੰਸਥਾਵਾਂ, ਉਦਯੋਗਿਕ ਇਕਾਈਆਂ ਅਤੇ ਖੇਤੀ ਉਤਪਾਦਨ ਨਾਲ ਜੁੜੇ ਲੋਕ ਸ਼ਾਮਿਲ ਹੋਏ।

ਪੀ.ਏ.ਯੂ. ਕਿਸਾਨ ਕਲੱਬ ਦੇ ਸਲਾਨਾ ਸਮਾਗਮ ਨਾਲ ਜੋੜ ਕੇ ਕਰਵਾਏ ਇਸ ਮੇਲੇ ਦਾ ਉਦੇਸ਼ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੂੰ ਖੇਤੀ ਉਤਪਾਦ ਤਿਆਰ ਕਰਕੇ ਉਹਨਾਂ ਦੇ ਮੰਡੀਕਰਨ ਦੀ ਪ੍ਰਕਿਰਿਆ ਸੰਬੰਧੀ ਜਾਣਕਾਰੀ ਮੁਹੱਈਆ ਕਰਾਉਣਾ ਸੀ।

ਇਸ ਮੇਲੇ ਦੌਰਾਨ ਹੋਏ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਬਰਾੜ ਨੇ ਕੀਤੀ। ਬਰਾੜ ਨੇ ਕਿਹਾ ਕਿ ਇਸ ਮੇਲੇ ਦਾ ਉਦੇਸ਼ ਤਜਰਬਿਆਂ ਅਤੇ ਗਿਆਨ ਦੀ ਸਾਂਝ ਨੂੰ ਵਧਾਉਣਾ ਹੈ। ਉਹਨਾਂ ਕਿਹਾ ਕਿ ਸਿਰਫ਼ ਉਤਪਾਦਨ ਉਪਰ ਧਿਆਨ ਰੱਖ ਕੇ ਕਾਸ਼ਤ ਦਾ ਯੁੱਗ ਪੁਰਾਣਾ ਹੋ ਗਿਆ ਹੈ। ਅਜੋਕੇ ਕਿਸਾਨ ਨੂੰ ਖੇਤ ਪ੍ਰਬੰਧਕ ਬਣ ਕੇ ਖੇਤੀ ਉਦਯੋਗ ਅਪਨਾਉਣ ਅਤੇ ਮੁਹਾਰਤ ਦਾ ਵਿਕਾਸ ਤੈਅ ਕਰਕੇ ਮੰਡੀਕਰਨ ਤੱਕ ਪਹੁੰਚਣਾ ਪਵੇਗਾ। ਉਹਨਾਂ ਨੇ ਪ੍ਰੋਸੈਸਿੰਗ, ਮੁੱਲ ਵਾਧਾ ਅਤੇ ਉਤਪਾਦ ਦੀ ਵਿਕਰੀ ਦੀ ਮੁਹਾਰਤ ਨੂੰ ਭਵਿੱਖ ਵਿੱਚ ਕਿਸਾਨੀ ਆਮਦਨ ਦੇ ਵਾਧੇ ਦਾ ਰਸਤਾ ਕਿਹਾ ਅਤੇ ਅੱਜ ਦੇ ਮੇਲੇ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਨਾਲ ਜੁੜਨ ਲਈ ਪ੍ਰੇਰਿਤ ਕਰਨ ਵਾਲਾ ਕਿਹਾ । ਡਾ. ਬਰਾੜ ਨੇ ਕਿਹਾ ਕਿ ਜੋ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਲਈ ਵੀ ਕਿੱਤਾ ਮੁਹਾਰਤ ਦਾ ਵਿਕਾਸ ਬੇਹੱਦ ਲਾਜ਼ਮੀ ਮੁੱਦਾ ਹੈ । ਉਹਨਾਂ ਅੱਜ ਦੇ ਮੇਲੇ ਵਿੱਚ ਸਵੈ ਸੇਵੀ ਸੰਸਥਾਵਾਂ ਅਤੇ ਉਤਪਾਦਕ ਨਿਰਮਾਤਾ ਸੰਗਠਨਾਂ ਵੱਲੋਂ ਗੁੜ ਅਤੇ ਸ਼ਹਿਦ ਦੇ ਨਾਲ-ਨਾਲ ਹੋਰ ਜੈਵਿਕ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਬਾਰੇ ਆਪਣੀ ਖੁਸ਼ੀ ਜ਼ਾਹਿਰ ਕੀਤੀ ।

ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਕੈਨੇਡਾ ਦੇ ਮੈਨੀਟੋਬਾ ਰਾਜ ਤੋਂ ਐਮ ਐਲ ਏ ਡਾ. ਦਲਜੀਤਪਾਲ ਸਿੰਘ ਬਰਾੜ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀ.ਏ.ਯੂ. ਵਿੱਚ ਸ਼ਖਸ਼ੀਅਤ ਦੀ ਉਸਾਰੀ ਬਾਰੇ ਉਹਨਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ। ਡਿਗਰੀ ਦੇ ਨਾਲ-ਨਾਲ ਜ਼ਿੰਦਗੀ ਵਿੱਚ ਸੰਘਰਸ਼ ਦਾ ਜੋ ਮਾਦਾ ਇਸ ਸੰਸਥਾ ਵਿੱਚੋਂ ਮਿਲਦਾ ਹੈ ਉਹ ਕਿਰਤ ਅਤੇ ਸੁੱਚੀ ਮਿਹਨਤ ਨਾਲ ਭਰਪੂਰ ਹੁੰਦਾ ਹੈ । ਉਹਨਾਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਖੇਤੀ ਖੇਤਰ ਵਿੱਚ ਗਿਆਨ ਦੀ ਕੋਈ ਕਮੀ ਨਹੀਂ ਪਰ ਇਸ ਨੂੰ ਲਾਗੂ ਕਰਨਾ ਇੱਕ ਚੁਣੌਤੀ ਹੈ।

ਉਹਨਾਂ ਕੈਨੇਡਾ ਦੀ ਉਦਾਹਰਣ ਦਿੰਦਿਆਂ ਉਤਪਾਦਨ ਦੇ ਮੁੱਲ ਵਾਧੇ ਲਈ ਮੁਹਾਰਤ ਦੀ ਲੋੜ ਉਪਰ ਜ਼ੋਰ ਦਿੱਤਾ ਅਤੇ ਕੈਨੇਡਾ ਵਿਚਲੇ ਖੇਤੀ ਉਦਯੋਗ ਉਦਮੀਆਂ ਦੀ ਸਥਿਤੀ ਬਾਰੇ ਗੱਲ ਕੀਤੀ । ਡਾ. ਬਰਾੜ ਨੇ ਕਿਹਾ ਕਿ ਪੀ.ਏ.ਯੂ. ਦੇ ਉਹਨਾਂ ਵਿਗਿਆਨੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ ਜਿਨ੍ਹਾ ਆਪਣੀ ਜ਼ਿੰਦਗੀ ਲੋਕਾਂ ਦਾ ਢਿੱਡ ਭਰਨ ਦੇ ਲੇਖੇ ਲਾ ਦਿੱਤੀ ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਸਵਾਗਤ ਕਰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਦੇ ਉਦੇਸ਼ ਅਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਸਵੈ ਸਹਾਇਤਾ ਗਰੁੱਪਾਂ ਅਤੇ ਕਿਸਾਨ ਉਤਪਾਦਕ ਸੰਸਥਾਨਾਂ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਇਸ ਨੂੰ ਅੱਜ ਦੇ ਸਮੇਂ ਦੀ ਕਿਸਾਨੀ ਦੀ ਲੋੜ ਕਿਹਾ । ਡਾ. ਮਾਹਲ ਨੇ ਕਿਹਾ ਕਿ ਇਹ ਨਵੇਂ ਗਰੁੱਪ ਖਪਤਕਾਰ ਅਤੇ ਕਿਸਾਨ ਵਿਚਕਾਰ ਇੱਕ ਪੁੱਲ ਬਣ ਰਹੇ ਹਨ। ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਆਪਣੇ ਉਤਪਾਦ ਤਿਆਰ ਕਰਨ ਦੀ ਲਾਜ਼ਮੀ ਮੁਹਾਰਤ ਨਾਲ ਜ਼ਰੂਰ ਲੈਸ ਹੋਣਗੇ। ਪੀ.ਏ.ਯੂ. ਦੇ ਅਪਰ ਨਿਦਰੇਸ਼ਕ ਖੋਜ ਡਾ. ਕੇ ਐਸ ਥਿੰਦ ਨੇ ਖੇਤੀ ਉਦਯੋਗ ਖੇਤਰ ਵਿੱਚ ਪੀ.ਏ.ਯੂ. ਦੀਆਂ ਖੋਜਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਮੰਡੀਕਰਨ ਦੀਆਂ ਲੋੜਾਂ ਅਨੁਸਾਰ ਹੀ ਫ਼ਸਲਾਂ ਦੀਆਂ ਕਿਸਮਾਂ ਦੀ ਚੋਣ ਅਤੇ ਕਾਸ਼ਤ ਕਰਨੀ ਪਵੇਗੀ। ਪੀ.ਏ.ਯੂ. ਨੇ ਇਸ ਦਿਸ਼ਾ ਵਿੱਚ ਜੋ ਕੰਮ ਕੀਤਾ ਹੈ ਉਹਨਾਂ ਵਿੱਚ ਰੋਟੀ ਲਈ ਯੋਗ ਆਟੇ ਵਾਲੀਆਂ ਅਤੇ ਜ਼ਿੰਕ ਦੀ ਮਾਤਰਾ ਵਾਲੀਆਂ ਪੌਸ਼ਟਿਕ ਕਣਕ ਦੀਆਂ ਕਿਸਮਾਂ ਦੀ ਖੋਜ ਪ੍ਰਮੁੱਖ ਹੈ।

ਇਸ ਤੋਂ ਬਿਨਾਂ ਬੀਟਾ ਕੈਰੋਟੀਨ ਗੁਣਾ ਨਾਲ ਭਰਪੂਰ ਕਣਕ ਦੀ ਕਿਸਮ ਦੀ ਖੋਜ ਹੋ ਰਹੀ ਹੈ । ਨਾਲ ਹੀ ਮੱਕੀ ਦੀਆਂ ਦੇਸੀ ਅਤੇ ਹਾਈਬ੍ਰਿਡ ਕਿਸਮਾਂ ਦੇ ਜੀਨ ਸਾਂਝੇ ਕਰਕੇ ਪੌਸ਼ਟਿਕ ਫ਼ਸਲਾਂ ਦੀ ਖੋਜ ਤੇ ਕੰਮ ਹੋ ਰਿਹਾ ਹੈ । ਉਹਨਾਂ ਨੇ ਕਨੌਲਾ ਸਰ੍ਹੋਂ, ਮਗਜ਼ ਕੱਦੂ, ਚੈਰੀ ਟਮਾਟੋ, ਕਾਂਜੀ ਵਾਲੀ ਗਾਜਰ, ਪੀ.ਏ.ਯੂ. ਕਿੰਨੂ-1, ਪੰਜਾਬ ਕਿਰਨ ਅਮਰੂਦ ਆਦਿ ਦਾ ਜ਼ਿਕਰ ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀਆਂ ਪ੍ਰੋਸੈਸਿੰਗ ਯੋਗ ਕਿਸਮਾਂ ਦੇ ਪ੍ਰਸੰਗ ਵਿੱਚ ਕੀਤਾ ਜੋ ਪੀ.ਏ.ਯੂ. ਨੇ ਵਿਕਸਿਤ ਕੀਤੀਆਂ ਹਨ। ਇਸ ਤੋਂ ਬਿਨਾਂ ਗੁੜ ਅਤੇ ਸ਼ੱਕਰ ਬਨਾਉਣ ਲਈ ਪੀ.ਏ.ਯੂ. ਵੱਲੋਂ ਕੀਤੀਆਂ ਜਾ ਰਹੀਆਂ ਸਿਖਲਾਈ ਕੋਸ਼ਿਸ਼ਾਂ ਦਾ ਜ਼ਿਕਰ ਵੀ ਡਾ. ਥਿੰਦ ਨੇ ਵਿਸ਼ੇਸ਼ ਤੌਰ ਤੇ ਕੀਤਾ । ਪੀ.ਏ.ਯੂ. ਕਿਸਾਨ ਕਲੱਬ ਦੀ ਸਲਾਨਾ ਰਿਪੋਰਟ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਪੇਸ਼ ਕੀਤੀ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਖੇਤੀ ਉਦਮੀਆਂ ਦੇ 9 ਕਲੱਬ ਬਣਾਏ ਹਨ ਜਿਨ੍ਹਾ ਦੇ 6700 ਮੈਂਬਰ ਪੰਜਾਬ ਦੀ ਖੇਤੀ ਨੂੰ ਅਗਾਂਹਵਧੂ ਲੀਹਾਂ ਤੇ ਤੋਰ ਰਹੇ ਹਨ । ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਚਲਾਈਆਂ ਜਾ ਰਹੀਆਂ ਸਿਖਲਾਈ ਯੋਜਨਾਵਾਂ ਬਾਰੇ ਵੀ ਡਾ. ਰਿਆੜ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ ਐਸ ਐਮ ਈ ਦੇ ਸਹਾਇਕ ਨਿਰਦੇਸ਼ਕ ਆਰ ਕੇ ਪਰਮਾਰ ਪੰਜਾਬ ਸਟਾਰਟ ਅਪ ਦੇ ਨਿਰਦੇਸ਼ਕ ਸ੍ਰੀ ਸੁਨੀਲ ਚਾਵਲਾ ਪ੍ਰਸਿੱਧ ਖੇਤੀ ਉਦਯੋਗ ਉਦਮੀ ਸ੍ਰੀ ਰਵੀ ਸ਼ਰਮਾ, ਪੂਸਾ ਦੇ ਪ੍ਰਬੰਧਕ ਸ੍ਰੀ ਸ਼ਿਵਮ ਸ਼ਰਮਾ ਅਤੇ ਸਟਾਰਟ ਅਪ ਇੰਡੀਆ ਤੋਂ ਸ੍ਰੀ ਸਿਧਾਰਥ ਸਚਦੇਵਾ ਅਤੇ ਕੋਕਾ ਕੋਲਾ ਤੋਂ ਸਤਿੰਦਰ ਸਿੰਘ ਨੇ ਇਸ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਅਤੇ ਸਰਕਾਰੀ ਸੰਸਥਾਵਾਂ ਦੀਆਂ ਉਦਯੋਗ ਸੰਬੰਧੀ ਯੋਜਨਾਵਾਂ, ਖੇਤੀ ਉਦਯੋਗ ਆਰੰਭ ਕਰਨ ਦੀਆਂ ਸੰਭਾਵਨਾਵਾਂ ਆਦਿ ਬਾਰੇ ਗੱਲ ਕੀਤੀ ।

ਇਸ ਮੌਕੇ ਪੀ.ਏ.ਯੂ. ਕਿਸਾਨ ਕਲੱਬ ਦੇ ਸਲਾਨਾ ਐਵਾਰਡ ਪ੍ਰਦਾਨ ਕੀਤੇ ਗਏ ।. ਮਹਿੰਦਰ ਸਿੰਘ ਗਰੇਵਾਲ ਵੱਲੋਂ ਸਥਾਪਿਤ ਬੀਬੀ ਜਗੀਰ ਕੌਰ ਐਵਾਰਡ ਕਿਸਾਨ ਬੀਬੀ ਜਸਪ੍ਰੀਤ ਕੌਰ ਨੂੰ ਮਿਲਿਆ । ਕਿਸਾਨ ਬੀਬੀ ਐਵਾਰਡ ਚਰਨਜੀਤ ਕੌਰ ਨੂੰ, ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਐਵਾਰਡ ਰਾਜਵਿੰਦਰ ਸਿੰਘ ਨੂੰ, ਜੈਵਿਕ ਖੇਤੀ ਐਵਾਰਡ ਗੁਰਮਿੰਦਰ ਸਿੰਘ ਔਜਲਾ ਨੂੰ, ਰਸਾਇਣ ਮੁਕਤ ਖੇਤੀ ਲਈ ਐਵਾਰਡ ਕੁਲਵੰਤ ਸਿੰਘ ਨੂੰ, ਫੁੱਲਾਂ ਦੀ ਕਾਸ਼ਤ ਲਈ ਐਵਾਰਡ ਰਾਜ ਕੁਮਾਰ ਨੂੰ, ਸ਼ਹਿਦ ਮੱਖੀ ਪਾਲਣ ਲਈ ਐਵਾਰਡ ਜਗਤਾਰ ਸਿੰਘ ਅਤੇ ਗੁਰਪਾਲ ਸਿੰਘ ਨੂੰ, ਬੀਜ ਅਤੇ ਨਰਸਰੀ ਉਤਪਾਦਨ ਲਈ ਐਵਾਰਡ ਸੁਖਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ, ਬੱਕਰੀ ਪਾਲਣ ਲਈ ਐਵਾਰਡ ਗੁਰਤੇਜ ਸਿੰਘ ਸਰਾਂ ਨੂੰ, ਸੂਰ ਪਾਲਣ ਲਈ ਐਵਾਰਡ ਦਲਜਿੰਦਰ ਸਿੰਘ ਨੂੰ, ਮੱਛੀ ਪਾਲਣ ਲਈ ਐਵਾਰਡ ਅਜੀਤ ਇੰਦਰਪਾਲ ਸਿੰਘ ਨੂੰ ਅਤੇ ਖੇਤੀ ਵਸਤਾਂ ਦੀ ਪ੍ਰੋਸੈਸਿੰਗ ਲਈ ਐਵਾਰਡ ਬਲਵਿੰਦਰ ਸਿੰਘ ਨੂੰ ਪ੍ਰਦਾਨ ਕੀਤੇ ਗਏ ।

ਸਮਾਗਮ ਦੇ ਅੰਤ ਤੇ ਡਾ. ਰਾਜਬੀਰ ਬਰਾੜ ਅਤੇ ਡਾ. ਦਲਜੀਤਪਾਲ ਬਰਾੜ ਸਮੇਤ ਮਹਿਮਾਨਾਂ ਨੂੰ ਯਾਦ ਚਿਨ੍ਹ ਭੇਂਟ ਕੀਤੇ ਗਏ । ਪੀ.ਏ.ਯੂ. ਕਿਸਾਨ ਕਲੱਬ ਦਾ ਸੋਵੀਨਰ ਪ੍ਰਧਾਨਗੀ ਮੰਡਲ ਨੇ ਰਿਲੀਜ਼ ਕੀਤਾ । ਇਸ ਤੋਂ ਇਲਾਵਾ ਮਹਿੰਦਰ ਸਿੰਘ ਗਰੇਵਾਲ ਦੀ ਕਿਤਾਬ, ਸਕਿੱਲ ਡਿਵੈਲਪਮੈਂਟ ਅਤੇ ਪਾਬੀ ਦਾ ਬੁਲਿਟਨ ਵੀ ਜਾਰੀ ਕੀਤਾ ਗਿਆ ।

Check Also

ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ ਫਾਰਮੂਲਾ ਲਾਗੂ : 240 ਮੁਲਾਜ਼ਮ ਹੋਣਗੇ ਸੇਵਾ ਮੁਕਤ

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ 58 ਸਾਲ ਦਾ ਫਾਰਮੂਲਾ ਲਾਗੂ …

Leave a Reply

Your email address will not be published. Required fields are marked *