ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀਏਏ ਦੇ ਮੁੱਦੇ ‘ਤੇ ਉੱਤਰ- ਪੂਰਬੀ ਦਿੱਲੀ ਵਿੱਚ ਸੋਮਵਾਰ ਨੂੰ ਲਗਾਤਾਰ ਦੂੱਜੇ ਦਿਨ ਹਿੰਸਾ ਹੋਈ। ਜਾਫਰਾਬਾਦ ਅਤੇ ਮੌਜਪੁਰ ਇਲਾਕੇ ਵਿੱਚ ਸੀਏਏ ਵਿਰੋਧੀ ਅਤੇ ਸਮਰਥਕ ਗੁਟਾਂ ਦੇ ਵਿੱਚ ਝੜਪ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ। ਜਿਨ੍ਹਾਂ ‘ਚ ਸਿਰ ‘ਤੇ ਪੱਥਰ ਲੱਗਣ ਨਾਲ ਹੈੱਡ ਕਾਂਸਟੇਬਲ ਰਤਨ ਲਾਲ ਦੀ ਜਾਨ ਚੱਲੀ ਗਈ।
ਦਿੱਲੀ ਪੁਲਿਸ ਦੇ ਮੁਤਾਬਕ, ਹਿੰਸਾ ਵਿੱਚ 3 ਨਾਗਰਿਕਾਂ ਦੀ ਵੀ ਮੌਤ ਹੋਈ ਹੈ। ਹਿੰਸਾ ਵਿੱਚ ਸ਼ਹਾਦਰਾ ਦੇ ਡੀਸੀਪੀ ਅਮਿਤ ਸ਼ਰਮਾ ਜ਼ਖਮੀ ਹੋ ਗਏ। ਪ੍ਰਦਰਸ਼ਕਾਰੀਆਂ ਨੇ ਕਈ ਥਾਵਾਂ ‘ਤੇ ਗੱਡੀਆਂ ਵਿੱਚ ਅੱਗ ਲਗਾ ਦਿੱਤੀ। ਭਜਨਪੁਰਾ ਵਿੱਚ ਪਟਰੋਲ ਪੰਪ ਵੀ ਫੂਕ ਦਿੱਤਾ। ਜਾਫਰਾਬਾਦ ਵਿੱਚ ਖੁਲ੍ਹੇਆਮ ਪਸਤੌਲਾਂ ਲਹਿਰਾ ਕੇ ਫਾਇਰਿੰਗ ਕੀਤੀ ਗਈ। ਐਤਵਾਰ ਸ਼ਾਮ ਨੂੰ ਇਸ ਇਲਾਕੇ ਵਿੱਚ ਪਹਿਲੀ ਵਾਰ ਉਦੋਂ ਹਿੰਸਾ ਭੜਕੀ ਸੀ ਜਦੋਂ ਭਾਜਪਾ ਆਗੂ ਕਪਿਲ ਮਿਸ਼ਰਾ ਇੱਕ ਸੜਕ ਖੁਲ੍ਹਵਾਉਣ ਪੁੱਜੇ ਸਨ।
ਲਗਾਤਾਰ ਦੋ ਦਿਨ ਹੋਈ ਹਿੰਸਾ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਉੱਤਰ – ਪੂਰਬੀ ਦਿੱਲੀ ਵਿੱਚ ਸੀਆਰਪੀਐਫ ਦੀ 8 ਕੰਪਨੀਆਂ ਤਾਇਨਾਤ ਕਰ ਦਿੱਤੀ ਗਈਆਂ ਹਨ। ਡੀਐਮਆਰਸੀ ਨੇ 5 ਮੈਟਰੋ ਸਟੇਸ਼ਨ ਜਾਫਰਾਬਾਦ, ਮੌਜਪੁਰ – ਬਾਬਰਪੁਰ, ਗੋਕੁਲਪੁਰੀ, ਜੋਹਰੀ ਅਤੇ ਸ਼ਿਵ ਵਿਹਾਰ ਮੇਟਰੋ ਸਟੇਸ਼ਨ ਨੂੰ ਬੰਦ ਕਰ ਦਿੱਤਾ ਹੈ। ਇਸ ਰੂਟ ਦੀਆਂ ਟਰੇਨਾਂ ਵੈਲਕਮ ਸਟੇਸ਼ਨ ਤੱਕ ਹੀ ਜਾਣਗੀਆਂ। ਜਿਸ ਇਲਾਕੇ ਵਿੱਚ ਹਿੰਸਾ ਭੜਕੀ ਹੈ , ਉਹ ਚਾਣਕਿਅਪੁਰੀ ਤੋਂ ਲਗਭਗ 20 ਕਿਮੀ ਦੀ ਦੂਰੀ ‘ਤੇ ਹੈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਠਹਿਰੇ ਹਨ।