Home / ਓਪੀਨੀਅਨ / ਦਿੱਲੀ ‘ਚ ਭਾਜਪਾ ਜਰਨੈਲ ਸ਼ਾਹ ਕਿਉਂ ਹਾਰਿਆ? ਪੰਜਾਬ ਦੀ ਰਾਜਨੀਤੀ ‘ਚ ਹੋਈ ਹਲਚਲ

ਦਿੱਲੀ ‘ਚ ਭਾਜਪਾ ਜਰਨੈਲ ਸ਼ਾਹ ਕਿਉਂ ਹਾਰਿਆ? ਪੰਜਾਬ ਦੀ ਰਾਜਨੀਤੀ ‘ਚ ਹੋਈ ਹਲਚਲ

ਜਗਤਾਰ ਸਿੰਘ ਸਿੱਧੂ

  ਚੰਡੀਗੜ੍ਹ : ਦੇਸ਼ ਦੀ ਰਾਜਧਾਨੀ ਦੇ ਵੋਟਰਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਜਸੀ ਪਾਰਟੀ ਆਪ ਦੇ ਸੁਪਰੀਮੋਂ ਸਿਰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦਾ ਤਾਜ਼ ਟਿਕਾ ਦਿੱਤਾ ਹੈ। ਕੇਵਲ ਐਨਾ ਹੀ ਨਹੀਂ ਸਗੋਂ ਭਾਜਪਾ ਵੱਲੋਂ ਪਾਕਿਸਤਾਨ ਅਤੇ ਮੁਸਲਮਾਨ ਦੇ ਨਾਂ ‘ਤੇ ਵੋਟਰਾਂ ਦੀ ਕਤਾਰਬੰਦੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਤਾ ਹੈ। ਖਾਸ ਤੌਰ ‘ਤੇ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਅਮਿਤ ਸ਼ਾਹ ਵੱਲੋਂ ਦਿੱਲੀ ਚੋਣਾਂ ਵਿੱਚ ਜਿੱਤ ਦੀ ਘੜੀ ਰਣਨੀਤੀ ਨੂੰ ਦਿੱਲੀ ਦੇ ਵੋਟਰਾਂ ਨੇ ਰੱਦ ਕਰ ਦਿੱਤਾ ਹੈ। ਦੇਸ਼ ਦੀ ਰਾਜਨੀਤੀ ਵਿੱਚ ਇਹ ਵੀ ਸੁਨੇਹਾ ਗਿਆ ਹੈ ਕਿ ਨਫਰਤ ਅਤੇ ਨਾਂਹ ਪੱਖੀ ਨੀਤੀ ਨੂੰ ਵੋਟਰਾਂ ਨੇ ਰੱਦ ਕੀਤਾ ਹੈ।

ਇਸ ਦੇ ਉਲਟ ਵੋਟਰਾਂ ਨੇ ਕਿਸੇ ਸਰਕਾਰ ਦੀਆਂ ਵਿਕਾਸ ਅਤੇ  ਸਮਾਜ ਭਲਾਈ ਨੀਤੀਆਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਦੇਸ਼ ਦੇ ਲੋਕਾਂ ਦੀਆਂ ਨਜ਼ਰਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਲੱਗੀਆਂ ਹੋਈਆਂ ਸਨ। ਇਸ ਦਾ ਵੱਡਾ ਕਾਰਨ ਇਹ ਸੀ ਕਿ ਇੱਕ ਪਾਸੇ ਕੇਂਦਰ ਵਿੱਚ ਸੱਤ੍ਹਾ ‘ਚ ਦੂਜੀ ਵਾਰ ਆਈ ਭਾਜਪਾ ਨੇ ਆਪਣੇ ਸਾਰੇ ਜਰਨੈਲ ਲੜਾਈ ਵਿੱਚ ਝੋਕੇ ਹੋਏ ਸਨ ਅਤੇ ਦੂਜੇ ਪਾਸੇ ਆਪ ਦੇ ਸੁਪਰੀਮੋਂ ਕੇਜਰੀਵਾਲ ਅਤੇ ਉਸ ਦੇ ਹਮਾਇਤੀ ਲੜਾਈ ਲੜ ਰਹੇ ਸਨ। ਇਸ ਚੋਣ ਦੀ ਕਈ ਪੱਖਾਂ ਤੋਂ ਵੱਡੀ ਅਹਿਮੀਅਤ ਮੰਨੀ ਗਈ ਹੈ। ਇਸ ਚੋਣ ਨੂੰ ਵੱਡੀ ਰਾਜਸੀ ਮਹੱਤਤਾ ਦੇਣ ਲਈ ਕਿਵੇਂ ਹੱਦ ਤੱਕ ਭਾਜਪਾ ਜਿੰਮੇਵਾਰ ਹੈ। ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹੇ ਕਿ ਦਿੱਲੀ ਦੇ ਲੋਕ ਨਾਗਰਿਕਤਾ ਸੋਧ ਐਕਟ ਦੇ ਹੱਕ ਵਿੱਚ ਫਤਵਾ ਦੇਣ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੌਮੀ ਪੱਧਰ ‘ਤੇ ਇਸ ਚੋਣ ਦੀ ਕਿੰਨੀ ਅਹਿਮੀਅਤ ਮੰਨੀ ਗਈ ਹੈ।

ਉਂਝ ਵੀ ਨਾਗਰਿਕਤਾ ਸੋਧ ਐਕਟ ਬਣਨ ਤੋਂ ਬਾਅਦ ਉੱਤਰੀ ਭਾਰਤ ਵਿੱਚ ਭਾਜਪਾ ਲਈ ਇਹ ਵੱਡਾ ਇਮਤਿਹਾਨ ਸੀ। ਇਸ ਮੁੱਦੇ ‘ਤੇ ਭਾਜਪਾ ਵੱਲੋਂ ਕਸ਼ਮੀਰ ਮਾਮਲੇ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਲੜੀ ਜਾ ਰਹੀ ਹੈ। ਇਸ ਮੁੱਦੇ ਨੂੰ ਭਾਜਪਾ ਨੇ ਆਪਣੀ ਚੋਣ ਨੀਤੀ ਨਾਲ ਇਸ ਤਰ੍ਹਾਂ ਜੋੜ ਲਿਆ ਕਿ ਦੇਸ਼ ਦੀ ਬਹੁ ਗਿਣਤੀ ਦੀ ਹਮਾਇਤ ਹਾਸਲ ਕੀਤੀ ਜਾ ਸਕੇ। ਇਹ ਮਾਮਲਾ ਵੋਟਰਾਂ ਅੰਦਰ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਧਰੁਵੀਕਰਨ ਵਜੋਂ ਵੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਖਾਸ ਤੌਰ ‘ਤੇ ਸ਼ਹੀਨ ਬਾਗ ਵਿੱਚ ਨਾਗਰਿਕਤਾ ਸੋਧ ਐਕਟ ਅਤੇ ਇਸ ਨਾਲ ਜੁੜੇ ਮੁੱਦਿਆਂ  ‘ਤੇ ਹੋ ਰਹੇ ਪ੍ਰਦਰਸ਼ਨ ਨੂੰ ਭਾਜਪਾ ਵੱਲੋਂ ਭਾਵੁਕ ਮੁੱਦੇ ਵਜੋਂ ਕੇਜਰੀਵਾਲ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਦੇਸ਼  ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਕਹੇ ਕਿ ਦਿੱਲੀ ਦੇ ਲੋਕ ਭਾਜਪਾ ਨੂੰ ਵੱਡੀ ਗਿਣਤੀ ਵਿੱਚ ਵੋਟ ਕਰਨ ਤਾਂ ਜੋ ਇਸ ਦਾ ਕਾਰੰਟ ਸ਼ਹੀਨ ਬਾਗ ਤੱਕ ਜਾਵੇ ਤਾਂ ਪਤਾ ਲਗਦਾ ਹੈ ਕਿ ਲੋਕਾਂ ਦੇ ਮੁੱਦਿਆਂ ਦੀ ਥਾਂ ਭਾਵੁਕ ਮੁੱਦਿਆਂ ‘ਤੇ ਭਾਜਪਾ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਅਰਵਿੰਦ ਕੇਜ਼ਰੀਵਾਲ ਤੇ ਉਸ ਦੀ ਟੀਮ ਨੇ ਭਾਜਪਾ ਏਜੰਡੇ ਤੋਂ ਦੂਰੀ ਰੱਖਣ ਵਿੱਚ ਬੇਹਤਰੀ ਸਮਝੀ ਪਰ ਕੇਜਰੀਵਾਲ ਨੇ ਆਪਣੇ ਆਪ ਨੂੰ ਹਿੰਦੂ ਸਾਬਤ ਕਰਨ ਲਈ ਪੱਤਰਕਾਰਾਂ ਅੱਗੇ ਹਨੂੰਮਾਨ ਚਾਲੀਸਾ ਜਰੂਰ ਬੋਲ ਕੇ ਸੁਣਾਇਆ ਅਤੇ ਜਿੱਤ ਮਗਰੋਂ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਣ ਵੀ ਗਏ।

ਮੁੱਖ ਮੰਤਰੀ ਵਜੋਂ ਕੇਜਰੀਵਾਲ ਨੇ ਵਿਕਾਸ ਦੇ ਮੁੱਦੇ ਲੋਕਾਂ ਵਿੱਚ ਰੱਖੇ ਅਤੇ ਲੋਕਾਂ ਨੇ ਆਪ ਨੂੰ ਵੱਡਾ ਸਮਰਥਨ ਦਿੱਤਾ। ਸਸਤੀ ਬਿਜਲੀ ਪੀਣ ਵਾਲਾ ਪਾਣੀ ਮੁਹੱਈਆ ਕਰਨਾ, ਸੀਵਰੇਜ਼ ਸਿਸਟਮ, ਸਿੱਖਿਆ ਅਤੇ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਨੇ ਭਾਜਪਾ ਦੀ ਜਿੱਤ ਦੀ ਨੀਤੀ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ  ।

 ਭਾਜਪਾ ਪਿਛਲੇ 20 ਸਾਲ ਤੋਂ ਦਿੱਲੀ ਦੀ ਸਤ੍ਹਾ ਤੋਂ ਬਾਹਰ ਹੋਣ ਕਾਰਨ ਵਿਕਾਸ ਅਤੇ ਸਹੂਲਤਾਂ ਬਾਰੇ ਕੋਈ ਦਾਅਵਾ ਨਾ ਕਰ ਸਕੀ। ਆਪ ਨੇ ਕੇਜਰੀਵਾਲ ਨੂੰ ਦਿੱਲੀ ਦੇ ਚੇਹਰੇ ਵਜੋਂ ਪੇਸ਼ ਕੀਤਾ ਜਦੋਂ ਕਿ ਭਾਜਪਾ ਕਿਸੇ ਕਿਸੇ ਚੇਹਰੇ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਨਹੀਂ ਉਭਾਰ ਸਕੀ। ਗੁਜਰਾਤ ਦੇ ਨੇਤਾ ਅਮਿਤ ਸ਼ਾਹ ਸਥਾਨਕ ਚੇਹਰੇ ਸਾਹਮਣੇ ਭਾਜਪਾ ਦੀ ਚੋਣ ਮੁਹਿੰਮ ਵਿੱਚ ਉਭਾਰ ਨਾ ਲਿਆ ਸਕੇ ਅਤੇ ਕੇਵਲ ਮੀਡੀਆ ਅੰਦਰ ਜਿੱਤ ਦੇ ਦਾਅਵੇ ਠੋਕ ਦੇ ਰਹੇ। ਕਾਂਗਰਸ ਦੀ ਕੌਮੀ ਪਾਰਟੀ ਵਜੋਂ ਕਾਰਗੁਜਾਰੀ ਸਿਫਰ ਰਹੀ ਅਤੇ ਭਾਜਪਾ ਦੇ ਕਾਂਗਰਸ ਕਾਰਨ ਫਾਇਦਾ ਲੈਣ ਦੇ ਸੁਪਨੇ ਵੀ ਚਕਨਾ ਚੂਰ ਹੋ ਗਏ। ਇਸ ਤਰ੍ਹਾਂ ਆਪ ਨੇ ਤਕਰੀਬਨ 62 ਸੀਟਾਂ ‘ਤੇ ਜਿੱਤ ਹਾਸਲ ਕੀਤੀ ਜਦੋਂ ਕਿ ਭਾਜਪਾ ਨੂੰ 8 ਸੀਟਾਂ ‘ਤੇ ਹੀ ਸਬਰ ਕਰਨਾ ਪਿਆ। ਇਨ੍ਹਾਂ ਚੋਣ ਨਤੀਜਿਆਂ ਨੇ ਕੌਮੀ ਰਾਜਨੀਤੀ ਅੰਦਰ ਵੀ ਹਲਚਲ ਪੈਦਾ ਕੀਤੀ ਹੈ। ਭਵਿੱਖ ਵਿੱਚ ਬਿਹਾਰ ਅਤੇ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਪੰਜਾਬ ਵਿਧਾਨ ਸਭਾ ਲਈ ਦੋ ਸਾਲ ਤੋਂ ਘੱਟ ਸਮਾਂ ਰਹਿ ਗਿਆ ਹੈ। ਇਨ੍ਹਾਂ ਨਤੀਜਿਆਂ ਕਰਕੇ ਪੰਜਾਬ ਅੰਦਰ ਆਪ ਦੇ ਹਮਾਇਤੀਆਂ ਵਿੱਚ ਤਾਂ ਨਵਾਂ ਉਤਸ਼ਾਹ ਆਵੇਗਾ ਪਰ ਪੰਜਾਬ ਦੀ ਲੀਡਰਸ਼ਿੱਪ ਤੇ ਨਿਰਭਰ ਕਰਦਾ ਹੈ ਕਿ ਪੰਜਾਬੀਆਂ ਦਾ ਭਰੋਸਾ ਜਿੱਤਣ ਲਈ ਕਿੰਨੀ ਮਜ਼ਬੂਤੀ ਨਾਲ ਪਾਰਟੀ ਦੇ ਪ੍ਰੋਗਰਾਮਾਂ ਨੂੰ ਪੇਸ਼ ਕਰਦੀ ਹੈ। ਪਿਛਲੇ ਸਮੇਂ ਅੰਦਰ ਆਪ ਨੂੰ ਵੀ ਪੰਜਾਬ ਵਿੱਚ ਵੱਡੇ ਝਟਕੇ ਲੱਗੇ ਹਨ। ਅਕਾਲੀ ਰਾਜਨੀਤੀ ਵਿੱਚ ਵੀ ਉਥਲ ਪੁਥਲ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਤਾਂ ਦਿੱਲੀ ਹੋਰ ਨਿਰਾਸ਼ਤਾ ਲੈ ਕੇ ਆਈ ਹੈ। ਇਸ ਲਈ ਤੀਜੀ ਧਿਰ ਦੇ ਉਭਾਰ ਬਾਰੇ ਅਜੇ ਕਹਿਣਾ ਮੁਸਕਿਲ ਹੈ ਪਰ ਦਿੱਲੀ ਦੇ ਨਤੀਜੇ ਪੰਜਾਬ ਦੀ ਰਾਜਨੀਤੀ ‘ਚ ਹਲਚਲ ਜਰੂਰ ਪੈਦਾ ਕਰਨਗੇ।

Check Also

ਮੁੱਖ ਮੰਤਰੀ ਸਾਹਿਬ ਨੂੰ ਅਪੀਲ: ਡਾ. ਹਰਸ਼ਿੰਦਰ ਕੌਰ

-ਡਾ. ਹਰਸ਼ਿੰਦਰ ਕੌਰ ਮਾਣਯੋਗ ਮੁੱਖ ਮੰਤਰੀ ਜੀ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਾਸਤੇ …

Leave a Reply

Your email address will not be published. Required fields are marked *