ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਸਹੁੰ ਚੁੱਕ ਸਮਾਗਮ ਨੂੰ ਰੱਦ ਕੀਤਾ। ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਪੈਸਿਆਂ ਦੀ ਬਰਬਾਦੀ ਹੋਵੇਗੀ। ਇਸ ਤੋਂ ਪਹਿਲਾਂ ਉਮੀਦ ਪ੍ਰਗਟਾਈ ਗਈ ਸੀ ਕਿ 11 ਸਤੰਬਰ ਨੂੰ ਤਾਲਿਬਾਨ ਸਰਕਾਰ ਸਹੁੰ ਚੁੱਕ ਸਮਾਗਮ ਕਰੇਗੀ। ਉਥੇ 2 ਵਾਰ ਟਾਲਣ ਤੋਂ ਬਾਅਦ ਤਾਲਿਬਾਨ ਨੇ ਬੀਤੇ ਮੰਗਲਵਾਰ ਨੂੰ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕੀਤਾ।
ਤਾਲਿਬਾਨ ਦੇ ਮੈਂਬਰ ਇਨਾਮੁੱਲ੍ਹਾ ਸਮਾਂਗਨੀ ਨੇ ਟਵਿੱਟਰ ’ਤੇ ਕਿਹਾ, ‘ਨਵੀਂ ਅਫ਼ਗਾਨ ਸਰਕਾਰ ਦੇ ਸਹੁੰ ਚੁੱਕ ਸਮਾਗਮ ਨੂੰ ਕੁਝ ਦਿਨ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। 11 ਸਤੰਬਰ ਨੂੰ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਖ ਤੈਅ ਹੋਣ ਦੀਆਂ ਖ਼ਬਰਾਂ ਨੂੰ ਵੀ ਅਫ਼ਵਾਹ ਕਰਾਰ ਦਿੱਤਾ। ਦਰਅਸਲ ਇਸ ਤੋਂ ਪਹਿਲਾਂ ਖ਼ਬਰਾਂ ਸੀ ਕਿ ਤਾਲਿਬਾਨ ਦੀ ਨਵੀਂ ਸਰਕਾਰ 11 ਸਤੰਬਰ ਨੂੰ ਸਹੁੰ ਚੁੱਕ ਸਕਦੀ ਹੈ। ਮੰਗਲਵਾਰ ਨੂੰ ਅੰਤ੍ਰਿਮ ਸਰਕਾਰ ਦੇ ਗਠਨ ਦਾ ਐਲਾਨ ਕਰਨ ਵਾਲੇ ਤਾਲਿਬਾਨ ਨੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਰੂਸ, ਚੀਨ, ਪਾਕਿਸਤਾਨ, ਕਤਰ ਤੇ ਈਰਾਨ ਨੂੰ ਸੱਦਾ ਭੇਜਿਆ ਸੀ। ਉਸ ਦੇ ਸੱਦੇ ’ਤੇ ਰੂਸ ਦਾ ਬਿਆਨ ਵੀ ਆ ਗਿਆ ਸੀ। ਰੂਸ ਨੇ ਸਮਾਗਮ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ।
ਤਾਲਿਬਾਨ ਨੇ 7 ਸਤੰਬਰ ਨੂੰ ਅਫ਼ਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਦੇ ਮੰਤਰੀਮੰਡਲ ਦਾ ਐਲਾਨ ਕਰਦਿਆਂ ਮੁੱਲਾ ਮੋਹੰਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਕਾਬੁਲ ‘ਚ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਨਵੀਂ ਇਸਲਾਮਿਕ ਸਰਕਾਰ ‘ਚ ਸੰਗਠਨ ਦਾ ਫੈਸਲਾ ਲੈਣ ਵਾਲੀ ਸ਼ਕਤੀਸ਼ਾਲੀ ਇਕਾਈ ਰਹਬਰੀ ਸ਼ੂਰਾ ਦੇ ਮੁਖੀ ਮੁੱਲਾ ਮੋਹੰਮਦ ਹਸਨ ਅਖੁੰਦ ਪ੍ਰਧਾਨ ਮੰਤਰੀ ਹੋਣਗੇ।
ਇਸ ਤੋਂ ਇਲਾਵਾ ਮੁੱਲਾ ਅਬਦੁਲ ਗਨੀ ਬਰਾਦਰ ਉਪ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਇਲਾਵਾ ਸਿਰਾਜੁਦੀਨ ਹੱਕਾਨੀ ਨੂੰ ਗ੍ਰਹਿ ਮੰਤਰੀ, ਮੁੱਲਾ ਅਮੀਰ ਖਾਨ ਮੁਤਕੀ ਨੂੰ ਵਿਦੇਸ਼ ਮੰਤਰੀ, ਸ਼ੇਰ ਮੋਹੰਮਦ ਅੱਬਾਸ ਸਤਨਿਕਜਈ ਨੂੰ ਉਪ ਵਿਦੇਸ਼ ਮੰਤਰੀ ਬਣਾਇਆ ਗਿਆ। ਮੁੱਲਾ ਯਾਕੁਬ ਨੂੰ ਰੱਖਿਆ ਮੰਤਰੀ, ਮੁੱਲਾ ਹਿਦਾਇਤੁੱਲਾ ਬਦਰੀ ਨੂੰ ਵਿੱਤ ਮੰਤਰੀ ਤੇ ਕਾਰੀ ਫਸਿਹੁਦੀਨ ਬਦਖਸ਼ਾਨੀ ਨੂੰ ਫੌਜ ਬਣਾਇਆ ਗਿਆ।