ਡਿਪਟੀ ਕਮਿਸ਼ਨਰ ਵੱਲੋਂ ਕਰਫਿਊ ਦੌਰਾਨ ਜ਼ਿਲ੍ਹੇ ਦੇ ਸ਼ਹਿਰੀ ਤੇ ਪਿੰਡਾਂ ਦੇ ਲੋਕਾਂ ਨੂੰ ਘਰ ਘਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ 2500 ਹੈਲਪਲਾਈਨ ਨੰਬਰ ਜਾਰੀ

TeamGlobalPunjab
5 Min Read

ਸੰਗਰੂਰ : ਕਰਫਿਊ ਦੌਰਾਨ ਜ਼ਿਲ੍ਹੇ ਦੇ ਲੋਕਾਂ ਨੂੰ ਘਰ ਵਿੱਚ ਬੈਠਿਆਂ ਹੀ ਹਰ ਪੱਧਰ ‘ਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਵੱਖ-ਵੱਖ ਸੁਵਿਧਾਵਾਂ ਨਾਲ ਸਬੰਧਤ 2500 ਹੈਲਪਲਾਈਨ ਨੰਬਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਮੁਕੰਮਲ ਤੌਰ ‘ਤੇ  ਰੋਕਣ ਲਈ ਆਪੋ ਆਪਣੇ ਘਰਾਂ ਵਿੱਚ ਰਹਿਣਾ ਬੇਹੱਦ ਜ਼ਰੂਰੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਥੋਰੀ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਕੰਟਰੋਲ ਰੂਮ ਸਮੇਤ ਸਮੂਹ ਸਬ ਡਵੀਜ਼ਨਾਂ ਵਿੱਚ ਦਵਾਈਆਂ, ਕਰਿਆਨਾ ਅਤੇ ਕਰਫਿਊ ਪਾਸ ਜਾਰੀ ਕਰਨ ਸਬੰਧੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੂੰ ਪ੍ਰਾਪਤ ਹੋਈਆਂ ਫੋਨ ਕਾਲਾਂ ਤੇ ਸ਼ਿਕਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਉਹ ਸੁਵਿਧਾ ਪਿੰਡਾਂ ਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਘਰ ਘਰ ਪਹੁੰਚਾਉਣ ਦੀ ਯੋਜਨਾ ਤਿਆਰ ਕਰਦੇ ਹੋਏ 2500 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਹਰ ਪੱਖ ‘ਤੇ ਨਾਗਰਿਕਾਂ ਦੀ ਹਰ ਸਹੂਲਤ ਨੂ ੰਮੂਹਰੇ ਰਖਦਿਆਂ ਯੋਜਨਾ ਤਿਆਰ ਕਰਨ ਦਾ ਕੰਮ ਚੱਲ ਰਿਹਾ ਸੀ ਅਤੇ ਜ਼ਿਲ੍ਹੇ ਦੀਆਂ ਸ਼ਹਿਰੀ ਪੱਧਰ ‘ਤੇ 13 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅਧੀਨ ਆਉਂਦੇ 230 ਵਾਰਡਾਂ ਵਿੱਚ ਹਰ ਦੋ ਵਾਰਡ ਦੇ ਉਤੇ ਡੋਰ ਟੂ ਡੋਰ ਡਿਲੀਵਰੀ ਲਈ 115 ਸਿਮ ਲੈ ਕੇ ਐਕਟੀਵੇਟ ਕਰਵਾਏ ਹਨ ਜੋ ਕਿ ਦਵਾਈਆਂ ਦੀ ਡਿਲੀਵਰੀ ਯਕੀਨੀ ਬਣਾਉਣਗੇ। ਉਨ੍ਹਾਂ ਦੱਸਆ ਕਿ ਇਸੇ ਤਰ੍ਹਾਂ ਰਾਸ਼ਨ ਦੀ ਦੋ ਵਾਰਡਾਂ ਦੇ ਆਧਾਰ ‘ਤੇ ਡੋਰ ਟੂ ਡੋਰ ਡਲੀਵਰੀ ਲਈ ਵੀ 115 ਹੈਲਪਲਾਈਨ ਨੰਬਰ ਮੁਹੱਈਆ ਕਰਵਾਏ ਗਏ ਹਨ। ਥੋਰੀ ਨੇ ਦਸਿਆ ਕਿ ਜ਼ਿਲ੍ਹੇ ਦੀਆਂ 599 ਪੰਚਾਇਤਾਂ ਹਨ ਜਿਨ੍ਹਾਂ ਵਿੱਚ ਹਰੇਕ ਪਿੰਡ ਵਿੱਚ ਤਿੰਨ ਤਿੰਨ ਹੈਲਪਲਾਈਨ ਨੰਬਰ ਮੁਹੱਈਆ ਕਰਵਾਏ ਹਨ ਜਿਹੜੇ ਕਿ ਪਟਵਾਰੀ, ਜੀ.ਓ.ਜੀ ਅਤੇ ਪੰਚਾਇਤ ਸਕੱਤਰ ਹਨ ਜੋ ਕਿ 1800 ਹੈਲਪਲਾਈਨ ਨੰਬਰ  ਮੁਹੱਈਆ ਕਰਵਾਏ ਹਨ ਜਿਨ੍ਹਾਂ ਦੇ ਉਪਰ 115 ਸੈਕਟਰ ਅਫ਼ਸਰ ਲਗਾਏ ਹਨ ਜੋ ਕਿ ਸਪਲਾਈ ਲਾਈਨ ਵਿੱਚ ਕੋਈ ਦਿੱਕਤ ਆਉਣ ‘ਤੇ ਐਸ.ਡੀ.ਐਮ ਨੂੰ ਰਿਪੋਰਟ ਕਰਨਗੇ। ਜਿਸ ਲਈ ਸਮੂਹ ਐਸ.ਡੀ.ਐਮ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ ਜੋ ਕਿ ਸਬੰਧਤ ਸਬ ਡਵੀਜ਼ਨਾਂ ਦੀਆਂ ਐਸੋਸੀਏਸ਼ਨਾਂ ਨਾਲ ਰਾਬਤਾ ਕਰਕੇ ਨਿਰਵਿਘਨ ਸਪਲਾਈ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੇ ਵੀ ਘੱਟ ਤੋਂ ਘੱਟ ਆਧਾਰ ‘ਤੇ ਕਰਫਿਊ ਪਾਸ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਓ ਰੱਖਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ 3 ਤੋਂ 4 ਹਜ਼ਾਰ ਤੱਕ ਮੁਲਾਜ਼ਮ ਤੇ ਅਧਿਕਾਰੀ ਦਿਨ ਰਾਤ ਲੋਕਾਂ ਦੀ ਜਾਗਰੂਕਤਾ, ਸੇਵਾ ਤੇ ਸੁਰੱਖਿਆ ਲਈ ਵਚਨਬੱਧ ਹਨ ਅਤੇ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਕਿਸੇ ਵੀ ਵਸਤੂ ਦੀ ਕੋਈ ਪਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ 1200 ਕੈਮਿਸਟਾਂ ਦੇ ਮੋਬਾਇਲ ਨੰਬਰਾਂ ਦੀ ਸੂਚੀ ਤਿਆਰ ਕਰ ਲਈ ਹੈ ਅਤੇ ਹੁਣ ਕੈਮਿਸਟ ਦੀਆਂ ਦੁਕਾਨਾਂ ਖੋਲ੍ਹਣ ਦੀ ਗਿਣਤੀ 2 ਤੋਂ ਵਧਾ ਕੇ 5 ਕਰ ਦਿੱਤੀ ਗਈ ਹੈ ਅਤੇ ਕੈਮਿਸਟਾਂ ਵੱਲੋਂ ਡੋਰ ਟੂ ਡੋਰ ਡਿਲੀਵਰੀ ਨੂੰ ਯਕੀਨੀ ਬਣਾਇਆ ਜਾਵੇਗਾ। ਥੋਰੀ ਨੇ ਕਿਹਾ ਕਿ ਕਰਿਆਨਾ ਐਸੋਸੀਏਸ਼ਨ ਦਾ ਵੀ ਰੋਸਟਰ ਤਿਆਰ ਕਰ ਲਿਆ ਗਿਆ ਹੈ ਅਤੇ ਜਿਨੇ ਮਲਟੀ ਬਰਾਂਡ ਮਾਲ ਹਨ ਜਿਵੇਂ ਈਜ਼ੀ ਡੇਅ, ਵਿਸ਼ਾਲ ਮੈਗਾਮਾਰਟ ਆਦਿ ਦੀ ਡਿਲੀਵਰੀ ਡੋਰ-ਟੂ-ਡੋਰ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੋਮੈਟੋ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਰਾਹੀਂ ਵੀ ਡਿਲੀਵਰੀ ਆਰੰਭ ਹੋ ਜਾਵੇਗੀ।

ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਐਮਰਜੈਂਸੀ ਦੇ ਹਾਲਾਤਾਂ ਵਿੱਚ ਮੈਡੀਕਲ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਂਸਰ, ਡਾਇਲਸਿਸ, ਗਰਭਵਤੀ ਔਰਤਾਂ, ਸ਼ੂਗਰ ਦੇ ਮਰੀਜ਼ਾਂ, ਹਾਰਟ ਦੇ ਮਰੀਜ਼ਾਂ (ਕ੍ਰਿਟੀਕਲ) ਅਤੇ ਕੋਈ ਹੋਰ ਕ੍ਰਿਟੀਕਲ ਐਮਰਜੈਂਸੀ ਵਿੱਚ ਪੀੜਤ ਮਰੀਜ਼ਾਂ ਨੂੰ ਛੋਟ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅਜਿਹੇ ਪੀੜਤ ਮਰੀਜ਼ਾਂ ਦੇ ਨਾਲ ਜਾਣ ਵਾਲੇ ਇੱਕ ਸਹਾਇਕ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਉਹ ਮਰੀਜ਼ ਦੀ ਬਿਮਾਰੀ ਸਬੰਧੀ ਸਾਰੇ ਡਾਕਟਰੀ ਦਸਤਾਵੇਜ਼ ਨਾਲ ਰੱਖਣਗੇ ਜੋ ਪੁਲਿਸ ਵੱਲੋਂ ਪੂਰਨ ਰੂਪ ਵਿੱਚ ਚੈਕ ਕੀਤੇ ਜਾਣਗੇ ਅਤੇ ਪੁਲਿਸ ਦੀ ਤਸੱਲੀ ਹੋਣ ਉਪਰੰਤ ਹੀ ਇਜਾਜ਼ਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਅਧਿਕਾਰ ਦੀ ਗਲਤ ਵਰਤੋਂ ਕਰਦਾ ਪਕੜਿਆ ਗਿਆ ਤਾਂ ਉਸ ਦੇ ਖਿਲਾਫ਼ ਧਾਰਾ  188 ਅਧੀਨ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਥੋਰੀ ਨੇ ਕਿਹਾ ਕਿ ਜਿਵੇਂ ਜਿਵੇਂ ਸ਼ਿਕਾਇਤਾਂ ਆ ਰਹੀਆਂ ਹਨ ਉਸੇ ਆਧਾਰ ‘ਤੇ ਸ਼ਿਕਾਇਤਾਂ ਦੀ ਪੜਤਾਲ ਕਰਕੇ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਚਨਚੇਤ ਕਰਫਿਉ ਲੱਗ ਜਾਣ ਕਾਰਨ ਮੁਢਲੇ ਦਿਨਾਂ ਵਿੱਚ ਕੁਝ ਮੁਸ਼ਕਿਲਾਂ ਆਈਆਂ ਸਨ ਜਿਸ ਨੂੰ ਦੂਰ ਕਰਦੇ ਹੋਏ ਸ਼ਹਿਰੀ ਤੇ ਪੇਂਡੂ ਪੱਧਰ ‘ਤੇ ਹਰ ਘਰ ਵਿੱਚ ਸਪਲਾਈ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਹੀ ਰਹਿਣਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ।

Share This Article
Leave a Comment