ਜਦੋਂ ਨੌਸ਼ਾਦ ਨੇ ਮਦਨ ਮੋਹਨ ਦੇ ਅੱਗੇ ਝੋਲ੍ਹੀ ਅੱਡ ਲਈ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

‘‘ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇਂ, ਰੁਕੇ ਰੁਕੇ ਸੇ ਕਦਮ ਰੁਕ ਕੇ ਬਾਰ ਬਾਰ ਚਲੇ, ਹੁਸਨ ਹਾਜ਼ਿਰ ਹੈ ਮੁਹੱਬਤ ਕੀ ਸਜ਼ਾ ਪਾਨੇ ਕੋ, ਨਾ ਤੁਮ ਬੇਵਫ਼ਾ ਹੋ ਨਾ ਹਮ ਬੇਵਫ਼ਾ ਹੈਂ, ਲਗ ਜਾ ਗਲੇ ਕਿ ਫਿਰ ਯੇ ਹਸੀਂ ਰਾਤ ਹੋ ਨਾ ਹੋ,ਆਪ ਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਿਲ ਮੁਝੇ ’’ਆਦਿ ਜਿਹੇ ਅਨੇਕਾਂ ਨਾਯਾਬ ਗੀਤਾਂ ਨੂੰ ਮਨਮੋਹਕ ਸੰਗੀਤ ਪ੍ਰਦਾਨ ਕਰਕੇ ਅਮਰ ਕਰ ਦੇਣ ਵਾਲਾ ਮਹਾਨ ਸੰਗੀਤਕਾਰ ਮਦਨ ਮੋਹਨ 25 ਜੂਨ, 1924 ਵਿੱਚ ਪੈਦਾ ਹੋਇਆ ਸੀ ਤੇ 14 ਜੁਲਾਈ,1975 ਨੂੰ ਮਨ ਵਿੱਚ ਕਈ ਅਧੂਰੀਆਂ ਹਸਰਤਾਂ ਲੈ ਇਸ ਫ਼ਾਨੀ ਜਹਾਨ ਤੋਂ ਸਦਾ ਲਈ ਕੂਚ ਕਰ ਗਿਆ ਸੀ।

ਬਾਲੀਵੁੱਡ ਦੇ ਪੂਜਣਯੋਗ ਸੰਗੀਤਕਾਰ ਨੌਸ਼ਾਦ ਦੀ ਸੰਗੀਤ ਕਲਾ ਦੀ ਗਹਿਰਾਈ ਨੂੰ ਭਲਾ ਕੌਣ ਨਹੀਂ ਜਾਣਦਾ ਹੈ ਪਰ ਇੱਕ ਵਾਰ ਨੌਸ਼ਾਦ ਸਾਹਿਬ ਖ਼ੁਦ ਚੱਲ ਕੇ ਮਦਨ ਮੋਹਨ ਦੇ ਘਰ ਗਏ ਸਨ। ਉਨ੍ਹਾ ਨੇ ਮਦਨ ਨੂੰ ਕਿਹਾ ਸੀ-

‘‘ ਮਦਨ,ਮੈਂ ਤੇਰੇ ਸੰਗੀਤ ਦਾ ਆਸ਼ਕ ਹਾਂ ਪਰ ਅੱਜ ਮੈਂ ਤੇਰੇ ਨਾਲ ਇੱਕ ਸੌਦਾ ਕਰਨ ਆਇਆ ਹਾਂ। ‘ਅਨਪੜ੍ਹ’ ਫ਼ਿਲਮ ਲਈ ਆਪਣੇ ਬਣਾਏ ਹੋਏ ਦੋ ਗੀਤ ‘‘ ਆਪ ਕੀ ਨਜ਼ਰੋਂ ਨੇ ਸਮਝਾ’’ ਅਤੇ ‘‘ ਹੈ ਇਸੀ ਮੇਂ ਪਿਆਰ ਕੀ ਆਬਰੂ ’’ , ਤੂੰ ਮੈਨੂੰ ਦੇ ਦੇ ਤੇ ਮੇਰੀਆਂ ਸਾਰੀਆਂ ਪ੍ਰਾਪਤੀਆਂ ਮੈਥੋਂ ਲੈ ਲੈ। ’’ ਮਦਨ ਮੋਹਨ ਅਨੁਸਾਰ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਦਿਨ ਸੀ।

ਮਦਨ ਮੋਹਨ ਦੀ ਪਤਨੀ ਅਨੁਸਾਰ ਇੱਕ ਦਿਨ ਉਹ ਆਪਣੇ ਪਰਿਵਾਰ ਸਮੇਤ ਮੁੰਬਈ ਦੇ ਵਰਲੀ ਇਲਾਕੇ ਵਿੱਚ ਕਾਰ ‘ਤੇ ਜਾ ਰਿਹਾ ਸੀ ਕਿ ਇੱਕ ਪੁਲੀਸ ਦੀ ਜੀਪ ਸਾਇਰਨ ਵਜਾਉਂਦੀ ਹੋਈ ਉਸਦੇ ਪਿੱਛੇ ਲੱਗ ਗਈ। ਪਤਨੀ ਦੇ ਕਹਿਣ ‘ਤੇ ਮਦਨ ਨੇ ਕਾਰ ਰੋਕ ਦਿੱਤੀ ਤੇ ਜੀਪ ਵਿੱਚੋਂ ਉਤਰ ਕੇ ਕੋਲ ਆਏ ਪੁਲੀਸ ਅਫ਼ਸਰ ਨੂੰ ਦੋਵੇਂ ਹੱਥ ਜੋੜ ਕੇ ਕਿਹਾ-‘‘ ਮੁਆਫ਼ ਕਰਨਾ ਸਰ,ਮੈਂ ਗੱਡੀ ਮਿੱਥੀ ਰਫ਼ਤਾਰ ਤੋਂ ਵੱਧ ਤੇਜ਼ ਚਲਾ ਰਿਹਾ ਸੀ।’’ ਇਸ ਤੋਂ ਪਹਿਲਾਂ ਕਿ ਮਦਨ ਅੱਗੇ ਕੁਝ ਹੋਰ ਕਹਿੰਦਾ,ਉਸ ਪੁਲੀਸ ਅਫ਼ਸਰ ਨੇ ਉਸਦੇ ਹੱਥ ਆਪਣੇ ਹੱਥਾਂ ਵਿੱਚ ਫੜ੍ਹ ਲਏ ਤੇ ਉਸਨੂੰ ਨਤਮਸਤਕ ਹੁੰਦਿਆਂ ਕਿਹਾ-‘‘ ਸਰ ਮੈਂ ਤੁਹਾਨੂੰ ਸਿਰਫ਼ ਇਹ ਕਹਿਣ ਲਈ ਰੋਕਿਆ ਸੀ ਕਿ ਫ਼ਿਲਮ ‘ ਅਨਪੜ੍ਹ’ ਦੇ ਆਪ ਦੇ ਬਾਕਮਾਲ ਸੰਗੀਤ ਲਈ ਆਪ ਨੂੰ ਫ਼ਿਲਮ ਫ਼ੇਅਰ ਦਾ ਐਵਾਰਡ ਜ਼ਰੂਰ ਮਿਲਣਾ ਚਾਹੀਦਾ ਸੀ ਜੋ ਕਿ ਨਹੀਂ ਦਿੱਤਾ ਗਿਆ ’’। ਇਹ ਗੱਲ ਸੁਣ ਕੇ ਮਦਨ ਮੋਹਨ ਦੇ ਨੈਣ ਭਰ ਆਏ ਤੇ ਉਸਨੇ ਆਪਣੀ ਪਤਨੀ ਵੱਲ ਤੱਕਦਿਆਂ ਕਿਹਾ –‘‘ ਲੈ ਅੱਜ ਮੈਨੂੰ ਮੇਰਾ ਐਵਾਰਡ ਮਿਲ ਗਿਆ ਈ। ਹੁਣ ਨਹੀਂ ਚਾਹੀਦਾ ਮੈਨੂੰ ਕੋਈ ਹੋਰ ਐਵਾਰਡ’’।

ਸੰਨ 1975 ਵਿੱਚ ਜਦ ਮਦਨ ਮੋਹਨ ਦੀ ਮੌਤ ਹੋਈ ਉਦੋਂ ਉਹ ਕਾਮਯਾਬੀ ਲਈ ਤਰਸ ਰਿਹਾ ਸੀ। ਕਿਸਮਤ ਦੀ ਸਿਤਮਜ਼ਰੀਫ਼ੀ ਵੇਖੋ ਕਿ ਉਸਦੇ ਮਰਨ ਤੋਂ ਤਿੰਨ ਮਹੀਨੇ ਬਾਅਦ ਉਸਦੇ ਸੰਗੀਤ ਨਾਲ ਸਜੀ ਫ਼ਿਲਮ ‘ਮੌਸਮ’ ਰਿਲੀਜ਼ ਹੋਈ ਜਿਸਦਾ ਸੰਗੀਤ ਸੁਪਰਹਿੱਟ ਰਿਹਾ। ਉਸ ਤੋਂ ਤਿੰਨ ਮਹੀਨੇ ਬਾਅਦ ‘ ਲੈਲਾ ਮਜਨੂੰ ’ ਰਿਲੀਜ਼ ਹੋਈ ਤੇ ਉਸਦੇ ਸੰਗੀਤ ਨੇ ਮੁਲਕ ਭਰ ਵਿੱਚ ਧੁੰਮਾਂ ਪਾ ਦਿੱਤੀਆਂ ਤੇ ਫ਼ਿਲਮ ਗੋਲਡਨ ਜੁਬਲੀ ਰਹੀ ਸੀ। ਉਸਦਾ ਸੰਗੀਤਬੱਧ ਕੀਤਾ ਗੀਤ ‘‘ ਕਰ ਚਲੇ ਹਮ ਫ਼ਿਦਾ ਜਾਨ-ਓ-ਤਨ ਸਾਥੀਓ’’ ਹਰੇਕ 15 ਅਗਸਤ ਜਾਂ 26 ਜਨਵਰੀ ‘ਤੇ ਰੇਡੀਓ ਤੇ ਟੈਲੀਵਿਜ਼ਨ ‘ਤੇ ਵਜਾਇਆ ਜਾਂਦਾ ਹੈ। ਉਸਦੇ ਚਲੇ ਜਾਣ ਤੋਂ 30 ਸਾਲ ਬਾਅਦ ਨਾਮਵਰ ਫਿਲਮਕਾਰ ਯਸ਼ ਚੋਪੜਾ ਨੇ ਆਪਣੀ ਫ਼ਿਲਮ ‘ ਵੀਰ ਜ਼ਾਰਾ ’ ਵਿੱਚ ਉਸਦਾ ਸੰਗੀਤਬੱਧ ਕੀਤਾ ਗੀਤ ਸ਼ਾਮਿਲ ਕੀਤਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਸੰਨ 1956 ਵਿੱਚ ਬਣੀ ਫ਼ਿਲਮ ‘ ਭਾਈ ਭਾਈ ’ ਵਿਚਲੇ ਉਸਦੇ ਸੰਗੀਤਬੱਧ ਕੀਤੇ ਗੀਤ ‘ ਸ਼ਰਾਬੀ ਜਾ ਜਾ ’ ਦੀ ਧੁਨ ‘ਤੇ ਫ਼ਿਲਮ ‘ ਮੈਨੇ ਪਿਆਰ ਕੀਆ ’ ਦੀ ਗੀਤ ‘‘ ਕਬੂਤਰ ਜਾ ਜਾ ’’ ਰਚਿਆ ਗਿਆ ਸੀ ਤੇ ‘ ਭਾਈ ਭਾਈ ’ ਦੇ ਹੀ ਇੱਕ ਹੋਰ ਗੀਤ ‘‘ਇਸ ਦੁਨੀਆਂ ਮੇਂ ਸਬ ਚੋਰ’’ ਦੀ ਮਨਮੋਹਕ ਧੁਨ ਨੂੰ ਆਧਾਰ ਬਣਾ ਕੇ ਗੀਤ ‘‘ਤੂ ਚੀਜ਼ ਬੜੀ ਹੈ ਮਸਤ ਮਸਤ ’’ ਸੰਗੀਤਬੱਧ ਕੀਤਾ ਸੀ ਜੋ ਕਿ ਸੁਪਰਹਿੱਟ ਰਿਹਾ ਸੀ।

Share This Article
Leave a Comment