‘ਚੋਰਾਂ ਦਾ ਕੋਈ ਧਰਮ ਨਹੀਂ ਹੁੰਦਾ’: ਆਪ ਮੰਤਰੀ ਨੇ ਚੋਰੀ ‘ਚ ਕਿਸੇ ਵੀ ਸੰਪਰਦਾਇਕ ਪਹਿਲੂ ਤੋਂ ਕੀਤਾ ਇਨਕਾਰ

Global Team
4 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਖੰਨਾ ਦੇ ਮੰਦਿਰ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਵਿਭਾਗ ਦੀ ਪ੍ਰਭਾਵਸ਼ਾਲੀ ਅਗਵਾਈ ਕਰਨ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ।

ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਹੋਈ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਮੰਤਰੀ ਅਮਨ ਅਰੋੜਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਬੁੱਧਵਾਰ ਖੰਨਾ ਦੇ ਸ਼ਿਵਪੁਰੀ ਮੰਦਰ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ, ਜਿੱਥੇ ਪਵਿੱਤਰ ਮੂਰਤੀਆਂ ਦੀ ਵੀ ਬੇਅਦਬੀ ਕੀਤੀ ਗਈ ਸੀ। ਇਸ ਘਟਨਾ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਅਕਸਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਦੀਆਂ ਰਹੀਆਂ ਹਨ ਕਿਉਂਕਿ ਇਨ੍ਹਾਂ ਨੂੰ ਹੱਲ ਕਰਨ ਵਿੱਚ ਪਿਛਲੀਆਂ ਸਰਕਾਰਾਂ ਅਸਫਲ ਰਹੀ ਹਨ। ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਕੁਸ਼ਲਤਾ ਸਦਕਾ ਪੁਲਿਸ ਨੇ ਖੰਨਾ ਦੇ ਮੰਦਿਰ ਵਿੱਚ ਚੋਰੀ ਦੇ ਮਾਮਲੇ ਨੂੰ ਸਿਰਫ਼ ਇੱਕ ਹਫ਼ਤੇ ਵਿੱਚ ਸੁਲਝ ਗਿਆ। (ਪ੍ਰੈਸ ਕਾਨਫਰੰਸ ਵਿੱਚ ਅਮਨ ਅਰੋੜਾ ਦੇ ਨਾਲ ਆਪ ਆਗੂ ਨੀਲ ਗਰਗ ਅਤੇ ਦੀਪਕ ਬਾਲੀ ਵੀ ਮੌਜੂਦ ਸਨ)

ਅਰੋੜਾ ਨੇ ਅੱਗੇ ਦੱਸਿਆ ਕਿ 15 ਅਗਸਤ ਨੂੰ ਸਵੇਰੇ 4:00 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਅਤੇ ਸੱਤ ਦਿਨਾਂ ਦੇ ਅੰਦਰ-ਅੰਦਰ ਵੱਖ-ਵੱਖ ਰਾਜਾਂ ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਵੀ ਪਤਾ ਲੱਗਾ ਕਿ ਉਹ ਇੱਕ ਅੰਤਰਰਾਜੀ ਗਰੋਹ ਦਾ ਹਿੱਸਾ ਸਨ ਜੋ 2009 ਤੋਂ ਕੰਮ ਕਰ ਰਿਹਾ ਸੀ। ਉਹ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਕੀਮਤੀ ਸਮਾਨ ਚੋਰੀ ਕਰਦੇ ਸਨ ਅਤੇ ਫਿਰ ਲਖਨਊ ਵਿੱਚ ਵੇਚਦੇ ਸਨ। ਭਾਵੇਂ ਉਨ੍ਹਾਂ ਦੇ ਤਰੀਕੇ ਕਾਫ਼ੀ ਵਿਸਤ੍ਰਿਤ ਸਨ, ਪਰ ਪੰਜਾਬ ਪੁਲਿਸ ਅਤੇ ਇਮਾਨਦਾਰ ਮਾਨ ਸਰਕਾਰ ਦੀ ਕਾਬਲ ਫੋਰਸ ਤੋਂ ਕੋਈ ਵੀ ਜ਼ਿਆਦਾ ਦੇਰ ਤੱਕ ਕਾਨੂੰਨ ਤੋਂ ਬਚ ਨਹੀਂ ਸਕਦਾ।

ਆਪ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ, ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ, ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਖ਼ਤ ਹਦਾਇਤਾਂ ਤਹਿਤ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ, ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਮੈਡਮ ਧਨਪ੍ਰੀਤ ਕੌਰ, ਯੁਵਾ ਅਧਿਕਾਰੀ ਐਸ.ਐਸ.ਪੀ. ਅਸ਼ਵਨੀ ਗੋਟਿਆਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਇਸ ਮਾਮਲੇ ਨੂੰ ਹੱਲ ਕਰਨ ‘ਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ। ਉਨ੍ਹਾਂ ਇਸ ਕੇਸ ਨੂੰ ਹੱਲ ਕਰਨ ਲਈ ਪੰਜਾਬ ਪੁਲੀਸ ਨੂੰ ਵੀ ਵਧਾਈ ਦਿੱਤੀ।

ਅਰੋੜਾ ਨੇ ਦੱਸਿਆ ਕਿ ਮੁੱਖ ਦੋਸ਼ੀ ਤੇ ਕਰੀਬ ਇੱਕ ਦਰਜਨ ਤੋਂ ਜਿਆਦਾ ਮਾਮਲੇ ਦਰਜ ਹਨ। ਉਹ ਦੱਖਣ ਦੇ ਦੋ ਮੰਦਰਾਂ ‘ਚ ਚੋਰੀਆਂ ਕਰਨ ਦੀ ਯੋਜਨਾ ਬਣਾ ਰਹੇ ਸਨ,ਪਰ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਇਹ ਯੋਜਨਾ ਸਫਲ ਨਹੀਂ ਹੋ ਸਕੀ । ਉਨ੍ਹਾਂ ਨੇ ਇਸ ਨੂੰ ਪੰਜਾਬ ਪੁਲਿਸ ਲਈ ਵੱਡੀ ਸਫਲਤਾ ਦੱਸਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ। ਅਰੋੜਾ ਨੇ ਕਿਹਾ ਕਿ ਬਾਕੀ ਰਹਿੰਦੇ ਇੱਕ ਦੋਸ਼ੀ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ‘ਆਪ’ ਆਗੂ ਨੇ ਲੋਕਾਂ ਨੂੰ ਧੀਰਜ, ਸ਼ਾਂਤੀ ਬਣਾਈ ਰੱਖਣ ਅਤੇ ਸਰਕਾਰ ਅਤੇ ਸਿਸਟਮ ਵਿੱਚ ਉਨ੍ਹਾਂ ਦੇ ਵਿਸ਼ਵਾਸ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਦੀ ਵੀ ਇਸ ਮਾਮਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਅਤੇ ਘਟਨਾ ਦੇ ਕੁਝ ਮਿੰਟਾਂ ਵਿੱਚ ਮੰਦਰ ਪੁੱਜਣ ਲਈ ਸ਼ਲਾਘਾ ਕੀਤੀ।

ਅਰੋੜਾ ਨੇ ਬੇਨਤੀ ਕੀਤੀ ਕਿ ਸਾਰੇ ਧਾਰਮਿਕ ਸਥਾਨਾਂ ‘ਤੇ ਸੀਸੀਟੀਵੀ ਕੈਮਰੇ ਅਤੇ ਮੈਨੂਅਲ ਸੁਰੱਖਿਆ ਲਗਾਈ ਜਾਵੇ ਅਤੇ ਲੋਕਾਂ ਨੂੰ ਕੰਮ ਕਰਨ ਵਾਲਿਆਂ ਦੇ ਪਿਛੋਕੜ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਪੰਜਾਬ ਵਿੱਚੋਂ ਗੈਂਗਸਟਰਵਾਦ ਦਾ ਸਫ਼ਾਇਆ ਕਰ ਦਿੱਤਾ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ‘ਆਪ’ ਮੰਤਰੀ ਨੇ ਇਸ ਘਟਨਾ ਲਈ ਕਿਸੇ ਵੀ ਸੰਪਰਦਾਇਕ ਪਹਿਲੂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਚੋਰਾਂ ਦਾ ਕੋਈ ਧਰਮ ਨਹੀਂ ਹੁੰਦਾ।

Share This Article
Leave a Comment