ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਕ, ਸੰਤ ਕਬੀਰ ਜੀ!

TeamGlobalPunjab
8 Min Read

-ਸੁਬੇਗ ਸਿੰਘ;

ਇੱਕ ਕਹਾਵਤ ਹੈ,ਕਿ ਜਦੋਂ ਦੁਨੀਆਂ ਤੇ ਜੁਲਮ ਜਿਆਦਾ ਵੱਧ ਜਾਣ ਤਾਂ ਉਨ੍ਹਾਂ ਜੁਲਮਾਂ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਉਨ੍ਹਾਂ ਜੁਲਮਾਂ ਨੂੰ ਠੱਲ ਪਾਉਣ ਲਈ ਕੋਈ ਨਾ ਕੋਈ ਮਹਾਨ ਸੰਤ, ਫਕੀਰ, ਪੀਰ ਪੈਗੰਬਰ ਜਾਂ ਫਿਰ ਕੋਈ ਯੋਧਾ ਜਾਂ ਸਮਾਜ ਸੁਧਾਰਕ ਧਰਤੀ ਤੇ ਜਨਮ ਲੈਂਦਾ ਹੈ। ਇਹ ਵਰਤਾਰਾ ਸਮੇਂ ਸਮੇਂ ਹੁੰਦਾ ਵੀ ਆਇਆ ਹੈ ਅਤੇ ਅੱਗੇ ਨੂੰ ਵੀ ਕੁਦਰਤ ਦੇ ਨਿਯਮ ਦੇ ਅਨੁਸਾਰ ਇਹ ਨਿਯਮ ਬਰਕਰਾਰ ਰਹੇਗਾ, ਤਾਂ ਕਿ ਜਾਲਮ ਅਤੇ ਜੁਲਮ ਸਹਿਣ ਵਾਲਿਆਂ ਚ ਸੰਤੁਲਨ ਬਣਿਆ ਰਹੇ ਅਤੇ ਦੁਨੀਆਂ ਤੇ ਅਮਨ ਚੈਨ ਵੀ ਬਣਿਆ ਰਹੇ।

ਇਸ ਵਰਤਾਰੇ ਦੇ ਤਹਿਤ ਹੀ ਜੇਠ ਸੁਦੀ 15 ਸੰਮਤ 1455 ਬਿਕਰਮੀ ਨੂੰ ਕ੍ਰਾਂਤੀਕਾਰੀ ਸੰਤ ਕਬੀਰ ਜੀ ਦਾ ਜਨਮ ਮਾਤਾ ਨੀਮਾ ਜੀ ਅਤੇ ਪਿਤਾ ਭਾਈ ਨੀਰੂ ਜੀ ਦੇ ਘਰ ਬਨਾਰਸ(ਭਾਰਤ) ਵਿਖੇ ਇੱਕ ਅਖੌਤੀ ਸੂਦਰ ਪਰਿਵਾਰ ਵਿੱਚ ਹੋਇਆ।ਜਿਸਨੂੰ ਉਸ ਸਮੇਂ ਨੀਵੀਂ ਜਾਤ ਕਰਕੇ ਜਾਣਿਆ ਜਾਂਦਾ ਸੀ। ਆਪ ਜੀ ਦਾ ਵਿਆਹ ਮਾਤਾ ਲੋਈ ਜੀ ਨਾਲ ਹੋਇਆ। ਜਿਨ੍ਹਾਂ ਦੀ ਕੁੱਖੋਂ ਇੱਕ ਪੁੱਤਰ ਅਤੇ ਇੱਕ ਪੁੱਤਰੀ ਦਾ ਜਨਮ ਹੋਇਆ। ਉਨ੍ਹਾਂ ਦੇ ਪੁੱਤਰ ਦਾ ਨਾਮ ‘ਕਮਾਲ’ ਅਤੇ ਪੁੱਤਰੀ ਦਾ ਨਾਮ ‘ਕਮਾਲੀ’ ਸੀ। ਕਬੀਰ ਜੀ ਦੇ ਪਰਿਵਾਰ ਵਿੱਚ ਘੋਰ ਗਰੀਬੀ ਸੀ। ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕਬੀਰ ਜੀ ਆਪਣਾ ਜੱਦੀ ਪੁਸ਼ਤੀ ਖੱਡੀ ਭਾਵ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਅਤੇ ਆਪਣਾ ਜੀਵਨ ਨਿਰਵਾਹ ਕਰਦੇ ਸਨ।

ਭਾਵੇਂ ਪਰਿਵਾਰ ਦੇ ਵਿੱਚ ਘੋਰ ਗਰੀਬੀ ਸੀ ਅਤੇ ਉਪਰੋਂ ਵਰਣ ਵਿਵਸਥਾ ਰੂਪੀ ਜਾਤ ਪਾਤ ਦੇ ਕੋਹੜ ਨੇ ਸਮਾਜ ਨੂੰ ਬੁਰੀ ਤਰ੍ਹਾਂ ਵੰਡਿਆ ਅਤੇ ਨਪੀੜਿਆ ਹੋਇਆ ਸੀ।ਵਰਣ ਵਿਵਸਥਾ ਦੇ ਅਨੁਸਾਰ,ਪੂਰਾ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਉੱਪਰ ਬ੍ਰਾਹਮਣ ਸੀ, ਜਿਹੜਾ ਕਿ ਆਪਣੇ ਆਪਨੂੰ ਸਭ ਤੋਂ ਸ਼੍ਰੇਸ਼ਠ ਸਮਝਦਾ ਸੀ। ਇਨ੍ਹਾਂ ਦਾ ਕੰਮ ਪੂਜਾ ਪਾਠ ਕਰਨਾ ਅਤੇ ਦਾਨ ਲੈਣਾ ਹੁੰਦਾ ਸੀ। ਦੂਸਰੇ ਨੰਬਰ ‘ਤੇ ਖੱਤਰੀ ਆਉਂਦਾ ਸੀ। ਜਿਸਦਾ ਕੰਮ ਦੇਸ਼ ਦੀ ਰੱਖਿਆ ਕਰਨਾ ਹੁੰਦਾ ਸੀ। ਤੀਸਰੇ ਨੰਬਰ ‘ਤੇ ਵੈਸ਼ ਆਉਂਦਾ ਸੀ। ਜਿਸਦਾ ਕੰਮ ਹਰ ਪ੍ਰਕਾਰ ਦੇ ਵਪਾਰ ਨੂੰ ਕੰਟਰੋਲ ਕਰਨਾ ਸੀ ਅਤੇ ਖਰੀਦੋ ਫਰੋਖਤ ਕਰਨਾ ਹੁੰਦਾ ਸੀ। ਸਮਾਜ ਵਿੱਚ ਇੰਨ੍ਹਾਂ ਤਿੰਨਾਂ ਵਰਗਾਂ ਦੀ ਅਹਿਮੀਅਤ ਸੀ।ਸਭ ਤੋਂ ਅਖੀਰ ਵਿੱਚ ਸੂਦਰ ਸਮਾਜ ਆਉਂਦਾ ਸੀ। ਜਿਸਦਾ ਕੰਮ ਉਪਰੋਕਤ ਤਿੰਨਾਂ ਵਰਗਾਂ ਦੀ ਸੇਵਾ ਕਰਨਾ ਹੁੰਦਾ ਸੀ। ਇਹ ਲੋਕ ਪਿੰਡ ਤੋਂ ਬਾਹਰ ਵਾਰ ਛੰਨ੍ਹਾਂ ਢਾਰਿਆਂ ‘ਚ ਰਹਿੰਦੇ ਸਨ। ਫਟੇ ਪੁਰਾਣੇ ਕੱਪੜੇ ਪਹਿਨਦੇ ਸਨ। ਮਰੇ ਹੋਏ ਪਸ਼ੂਆਂ ਦਾ ਮਾਸ ਖਾਂਦੇ ਸਨ। ਸਿਖਰ ਦੁਪਿਹਰੇ ਇਨ੍ਹਾਂ ਲੋਕਾਂ ਨੂੰ ਬਾਹਰ ਨਿੱਕਲਣ ਦਾ ਹੁਕਮ ਸੀ। ਇਨ੍ਹਾਂ ਲੋਕਾਂ ਦੇ ਮੂੰਹ ਤੇ ਕੁੱਜਾ ਅਤੇ ਪਿੱਠ ਪਿੱਛੇ ਝਾੜੂ ਬੰਨ੍ਹਿਆ ਹੁੰਦਾ ਸੀ।

- Advertisement -

ਇਨ੍ਹਾਂ ਲੋਕਾਂ ਨੂੰ ਪੜ੍ਹਨ ਲਿਖਣ ਅਤੇ ਧਾਰਮਿਕ ਕਰਮਕਾਂਡ ਦੀ ਪੂਰੀ ਤਰ੍ਹਾਂ ਮਨਾਹੀ ਸੀ। ਇਸ ਵਰਣ ਵਿਵਸਥਾ ਦੇ ਅਨੁਸਾਰ, ਸਭ ਤੋਂ ਭੈੜੀ ਤੇ ਦਰਦਨਾਕ ਹਾਲਤ ਇਸ ਸੂਦਰ ਸਮਾਜ ਦੀ ਹੁੰਦੀ ਸੀ,ਜੋ ਕਿ ਅੱਜ ਵੀ ਕਾਫੀ ਹੱਦ ਤੱਕ ਬਰਕਰਾਰ ਹੈ। ਸਮਾਜ ਦੀ ਵਰਣ ਵਿਵਸਥਾ ਦੀ ਇਹ ਅਸਾਵੀਂ ਵੰਡ ਮਨੂ ਦੁਆਰਾ ਲਿਖੇ ਗ੍ਰੰਥ ਮਨੂ ਸਿਮ੍ਰਤੀ ਦੇ ਅਨੁਸਾਰ ਕੀਤੀ ਗਈ ਸੀ, ਜੋ ਕਿ ਉਸ ਸਮੇਂ ਦਾ ਸੰਵਿਧਾਨ ਹੀ ਮੰਨੀ ਜਾਂਦੀ ਸੀ। ਸਮਾਜ ਵਿੱਚ ਕੰਮ ਦੀ ਵੰਡ ਵੀ ਕੀਤੀ ਗਈ ਸੀ ਅਤੇ ਸਾਰਾ ਸਮਾਜ ਉਹਦੇ ਅਨੁਸਾਰ ਹੀ ਕੰਮ ਕਰਦਾ ਸੀ। ਉਲੰਘਣਾ ਕਰਨ ਵਾਲੇ ਨੂੰ ਘੋਰ ਸ਼ਜਾ ਦਿੱਤੀ ਜਾਂਦੀ ਸੀ।ਸੂਦਰ ਸਮਾਜ ਵਿੱਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਵੀ ਸਾਮਲ ਕੀਤਾ ਗਿਆ ਸੀ।ਅਜੋਕੇ ਦੌਰ ਦੇ ਜੱਟ ਸਮੁਦਾਇ ਦੇ ਲੋਕ ਵੀ ਵਰਣ ਵਿਵਸਥਾ ਦੇ ਅਨੁਸਾਰ, ਅਸਲ ਵਿੱਚ ਸੂਦਰ ਸਮਾਜ ਦਾ ਹਿੱਸਾ ਹੀ ਤਾਂ ਹਨ। ਇਨ੍ਹਾਂ ਸਾਰਿਆਂ ‘ਚੋਂ ਅਤਿ ਨਾਜਕ ਹਾਲਤ ਸੂਦਰਾਂ ਚੋਂ ਅਤਿ ਸੂਦਰਾਂ ਦੀ ਸੀ। ਅਗਰ ਇਉਂ ਕਹਿ ਲਿਆ ਜਾਵੇ, ਕਿ ਇੰਨ੍ਹਾਂ ਅਤਿ ਸੂਦਰਾਂ ਦੀ ਹਾਲਤ ਪਸ਼ੂਆਂ ਤੋਂ ਵੀ ਭੈੜੀ ਸੀ ਅਤੇ ਅੱਜ ਵੀ ਹੈ,ਤਾਂ ਇਹ ਕੋਈ ਅੱਤ ਕੱਥਨੀ ਨਹੀਂ ਹੋਵੇਗੀ।

ਸੰਤ ਕਬੀਰ ਜੀ ਨੇ ਭਗਤੀ ਭਾਵ ਦੇ ਨਾਲ 2 ਸਮਾਜ ਚ ਫੈਲੇ ਕਰਮਕਾਂਡਾਂ ਤੇ ਪਾਖੰਡਵਾਦ ਦਾ ਡੱਟਵਾਂ ਵਿਰੋਧ ਕੀਤਾ।ਭਾਵੇਂ ਇਹਦੇ ਕਾਰਨ ਸਮੇਂ ਦੇ ਹਾਕਮਾਂ ਵੱਲੋਂ ਸੰਤ ਕਬੀਰ ਜੀ ਉੱਤੇ ਅਣਗਿਣਤ ਜੁਲਮ ਢਾਹੇ ਗਏ ਅਤੇ ਤਰ੍ਹਾਂ 2 ਦੇ ਤਸੱਦਦ ਕੀਤੇ ਗਏ।ਪਰ ਸੰਤ ਕਬੀਰ ਜੀ ਆਪਣੇ ਨਿਸ਼ਾਨੇ ਤੋਂ ਨਾ ਹੀ ਭੋਰਾ ਵੀ ਥਿੜ੍ਹਕੇ ਅਤੇ ਨਾ ਹੀ ਭੋਰਾ ਵੀ ਪਿੱਛੇ ਹਟੇ,ਸਗੋਂ ਗਲਤ ਅਤੇ ਝੂਠੇ ਕਰਮ ਕਰਮਕਾਂਡਾਂ ਦੇ ਖਿਲਾਫ ਲਗਾਤਾਰ ਆਵਾਜ਼ ਉਠਾਉਂਦੇ ਰਹੇ।ਪੁਜਾਰੀ ਵਰਗ ਭਾਵ ਬ੍ਰਾਹਮਣਾਂ ਵੱਲੋਂ ਵੀ ਸੰਤ ਕਬੀਰ ਜੀ ਨੂੰ ਸਮੇਂ 2 ਤੇ, ਥਾਂ 2 ਪ੍ਰੇਸ਼ਾਨ ਵੀ ਕੀਤਾ ਗਿਆ ਅਤੇ ਜਲੀਲ ਵੀ ਕੀਤਾ ਗਿਆ।ਬ੍ਰਾਹਮਣ ਵਰਗ ਦੀ ਸ਼੍ਰੇਸਟਤਾ ਨੂੰ ਵੰਗਾਰਦਿਆਂ ਉਨ੍ਹਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ

ਜੌ ਤੂੰ ਬ੍ਰਾਹਮਣ ਬ੍ਰਾਹਮਣੀ
ਜਾਇਆ।।
ਤਉ ਆਨ ਬਾਟ,ਕਾਹੇ ਨਹੀਂ
ਆਇਆ।।

ਭਾਵ,ਕਿ ਹੇ ਬ੍ਰਾਹਮਣ!ਜਿਸ ਤਰੀਕੇ ਨਾਲ ਮੇਰਾ ਜਨਮ ਹੋਇਆ ਹੈ,ਉਸੇ ਤਰੀਕੇ ਨਾਲ ਹੀ ਤੇਰਾ ਜਨਮ ਵੀ ਹੋਇਆ ਹੈ।ਫਿਰ ਤੂੰ ਉੱਚਾ ਤੇ ਮੈਂ ਨੀਵਾਂ ਕਿਵੇਂ ਹੋ ਗਿਆ ਹਾਂ।ਉਸ ਤੋਂ ਅੱਗੇ ਕਬੀਰ ਜੀ ਨੇ ਉੱਚੇ ਤੇ ਨੀਵੇਂ ਵਾਰੇ ਵੀ ਆਪਣੇ ਸ਼ਬਦ ਚ ਵਿਆਖਿਆ ਕੀਤੀ ਹੈ।ਜਿਸ ਤਰ੍ਹਾਂ ਕਿ,

ਕਹੁ ਕਬੀਰ ਜੋ ਬ੍ਰਹਮ ਬੀਚਾਰੈ।।
ਸੋ ਬ੍ਰਾਹਮਣ ਕਹੀਅਤ ਹੈ ਹਮਾਰੈ।।

- Advertisement -

ਕਹਿਣ ਤੋਂ ਭਾਵ ਇਹ ਹੈ,ਕਿ ਜਨਮ ਦੇ ਨਾਲ ਕੋਈ ਸਿਆਣਾ ਜਾਂ ਮੂਰਖ ਨਹੀਂ ਹੁੰਦਾ, ਸਗੋਂ ਬ੍ਰਾਹਮਣ ਤਾਂ ਉਹ ਵਿਅਕਤੀ ਹੁੰਦਾ ਹੈ,ਜਿਹੜਾ ਸਿਆਣਾ ਤੇ ਵਿਦਵਾਨ ਹੋਵੇ।ਉੱਚੇ ਤੇ ਸੁੱਚੇ ਵਿਚਾਰਾਂ ਦਾ ਧਾਰਨੀ ਹੋਵੇ।ਹਰ ਗੱਲ ਨੂੰ ਤਰਕ ਦੇ ਆਧਾਰ ਤੇ ਪਰਖਦਾ ਹੋਵੇ ਅਤੇ ਫੋਕੇ ਕਰਮਕਾਂਡਾਂ ਤੋਂ ਰਹਿਤ ਹੋਵੇ।

ਕਬੀਰ ਜੀ ਦੇ ਇਸ ਤਰ੍ਹਾਂ ਤਰਕਵਾਦੀ ਹੋਣ ਅਤੇ ਬ੍ਰਾਹਮਣਵਾਦ ਦੇ ਫੋਕੇ ਅਡੰਬਰਾਂ ਨੂੰ ਭੰਡਣ ਦੇ ਕਾਰਨ ਹੀ ਅਖੌਤੀ ਧਾਰਮਿਕ ਕੱਟੜਪੰਥੀ ਉਨ੍ਹਾਂ ਦੇ ਵਿਰੁੱਧ ਹੋ ਗਏ। ਇਸੇ ਕਰਕੇ ਜਦੋਂ ਸਿਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਵਿੱਚ ਆਇਆ, ਤਾਂ ਅਖੌਤੀ ਪੁਜਾਰੀਆਂ ਦੇ ਕਹਿਣ ਤੇ ਉਨ੍ਹਾਂ ਨੂੰ ਅਨੇਕਾਂ ਹੀ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ।ਪਰ ਕਬੀਰ ਜੀ ਫਿਰ ਵੀ ਅਡੋਲ ਰਹੇ।ਪੁਜਾਰੀ ਵਰਗ ਨੇ ਇੱਕ ਮਨੌਤ ਪ੍ਰਚੱਲਿਤ ਕਰ ਰੱਖੀ ਸੀ,ਕਿ ਕਾਸ਼ੀ ਵਿੱਚ ਮਰਨ ਵਾਲੇ ਨੂੰ ‘ਮੁਕਤੀ’ਮਿਲਦੀ ਹੈ ਅਤੇ ਮਗਹਰ ਵਿੱਚ ਮਰਨ ਵਾਲੇ ਦੀ ਗਤੀ ਨਹੀਂ ਹੁੰਦੀ।ਇਸੇ ਗੱਲ ਦਾ ਖੰਡਨ ਕਰਨ ਲਈ ਸੰਤ ਕਬੀਰ ਜੀ ਆਪਣਾ ਸਰੀਰ ਛੱਡਣ ਤੋਂ ਕੁੱਝ ਸਮਾਂ ਪਹਿਲਾਂ,ਮਗਹਰ(ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ਤੇ ਹੈ),ਵਿੱਚ ਜਾ ਕੇ ਵੱਸ ਗਏ।ਕਹਿਣ ਤੋਂ ਭਾਵ ਇਹ ਹੈ,ਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਚ ਰੱਤੀ ਵੀ ਫਰਕ ਨਹੀਂ ਸੀ।ਉਹ ਆਪਣੇ ਵਚਨਾਂ ਤੇ ਅਖੀਰ ਤੱਕ ਅਡੋਲ ਰਹੇ।ਸੰਤ ਕਬੀਰ ਜੀ ਅਜਿਹੇ ਕ੍ਰਾਂਤੀਕਾਰੀ ਸੰਤ ਸਨ,ਜਿਹੜੇ ਯੋਧਿਆਂ ਵਾਲੇ ਸੁਭਾਅ ਦੇ ਮਾਲਕ ਸਨ ਅਤੇ ਅਖੀਰ ਤੱਕ ਦੱਬੇ ਕੁਚਲੇ ਲੋਕਾਂ ਦੇ ਹੱਕ ਚ ਖੜ੍ਹੇ ਅਤੇ ਫੋਕੇ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਦੇ ਵਿਰੁੱਧ ਜੂਝਦੇ ਰਹੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ।ਉਨ੍ਹਾਂ ਭਗਤਾਂ ਵਿੱਚ ਸਭ ਤੋਂ ਵਧੇਰੇ ਬਾਣੀ ਸੰਤ ਕਬੀਰ ਜੀ ਦੀ ਹੈ,ਜਿਹੜੀ ਕਿ 17 ਰਾਗਾਂ ਵਿੱਚ ਉਚਾਰੀ ਗਈ ਹੈ।ਉਨ੍ਹਾਂ ਦੀ ਬਾਣੀ ਬੇਬਾਕ,ਸੱਚ ਤੇ ਪਹਿਰਾ ਦੇਣ ਵਾਲੀ ਅਤੇ ਫੋਕੇ ਕਰਮਕਾਂਡਾਂ ਦੇ ਵਿਰੁੱਧ ਸੀ।ਸੰਤ ਕਬੀਰ ਜੀ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ,ਕਿ ਸਾਨੂੰ ਹਮੇਸ਼ਾ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ।ਕਦੇ ਵੀ ਜੁਲਮ ਅੱਗੇ ਝੁੱਕਣਾ ਨਹੀਂ ਚਾਹੀਦਾ ਅਤੇ ਸੰਸਾਰ ਦੇ ਸਾਰੇ ਪ੍ਰਾਣੀਆਂ ਅਤੇ ਜੀਵ ਜੰਤੂਆਂ ਚ ਇੱਕ ਪ੍ਰਮਾਤਮਾ ਦੀ ਜੋਤ ਨੂੰ ਹੀ ਮੰਨਣਾ ਚਾਹੀਦਾ ਹੈ।ਇਸੇ ਲਈ ਤਾਂ ਉਨ੍ਹਾਂ ਨੂੰ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਸੰਤ ਦੇ ਨਾਮ ਨਾਲ ਬੜੀ ਸ਼ਰਧਾ ਦੇ ਨਾਲ ਯਾਦ ਕੀਤਾ ਜਾਂਦਾ ਹੈ।ਪਰ ਅਫਸੋਸ!ਕਿ ਅਜੋਕੇ ਦੌਰ ਚ, ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਵਜਾਏ, ਦੁਬਾਰਾ ਫਿਰ ਬ੍ਰਾਹਮਣਵਾਦੀ ਕਰਮਕਾਂਡਾਂ,ਜਾਤ ਪਾਤ,ਧਾਰਮਿਕ ਕੱਟੜ੍ਹਤਾ, ਫਿਰਕਾਪ੍ਰਸਤੀ ਅਤੇ ਪਾਖੰਡਵਾਦ ਚ ਉਲਝ ਕੇ ਰਹਿ ਗਏ ਹਾਂ।ਸੋ ਅਗਰ ਅਸੀਂ ਆਪਣੇ ਆਪਨੂੰ ਉਨ੍ਹਾਂ ਦੇ ਸੱਚੇ ਅਨੁਆਈ ਅਖਵਾਉਂਦੇ ਹਾਂ, ਤਾਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਤਾਂ ਹਰ ਹਾਲਤ ਵਿੱਚ ਮੰਨਣਾ ਹੀ ਪਵੇਗਾ ਅਤੇ ਆਪਣੀ ਜਿੰਦਗੀ ‘ਚ ਉਨ੍ਹਾਂ ਨੂੰ ਲਾਗੂ ਵੀ ਕਰਨਾ ਪਵੇਗਾ, ਤਾਂ ਹੀ ਸਮਾਜ ਅਤੇ ਨਿੱਜੀ ਜਿੰਦਗੀ ‘ਚ ਕੁੱਝ ਸੁਧਾਰ ਹੋ ਸਕਦਾ ਹੈ।

ਸੰਪਰਕ: 93169 10402

Share this Article
Leave a comment