ਕਿਸਾਨਾਂ ਲਈ ਪ੍ਰੇਰਨਾ – ਕਿਨੋਆ ਦਾ ਉਤਪਾਦਨ – ਇੱਕ ਜੋੜੀ ਦੀ ਸਫਲਤਾ ਭਰਪੂਰ ਯਾਤਰਾ

TeamGlobalPunjab
11 Min Read

-ਪੂਨਮ ਅਗਰਵਾਲ;

ਇਹ ਕਹਾਣੀ ਪੇਸ਼ੇ ਵਜੋਂ ਡਾਕਟਰ ਸ. ਜਗਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਮਰ ਪਾਲ ਕੌਰ ਦੀ ਹੈ ਜੋ ਦੋ ਸਾਲਾਂ ਲਈ (2013-15) ਆਸਟਰੇਲੀਆ ਗਏ ਸਨ। ਇਕ ਦਿਨ ਉਹ ਟੈਸਮਾਨੀਆ ਜਾ ਰਹੇ ਸਨ। ਉਹਨਾਂ ਨੂੰ ਪਤਾ ਨਹੀਂ ਸੀ ਕਿ ਟੈਸਮਾਨੀਆ ਦਾ ਸਫ਼ਰ ਬਹੁਤ ਕੁਝ ਸਿਖਾ ਜਾਵੇਗਾ। ਸਫ਼ਰ ਦੌਰਾਨ ਬੱਸ ਦੀ ਖਿੜਕੀ ਵਿੱਚੋਂ ਖੇਤ ਵਿੱਚ ਫੁੱਲਾਂ ਦਾ ਮਨਮੋਹਕ ਦ੍ਰਿਸ਼ ਉਨ੍ਹਾਂ ਦੇ ਦਿਲ ਨੂੰ ਛੂਹ ਗਿਆ। ਖੇਤੀ ਬਾੜੀ ਨਾਲ ਸਬੰਧਤ ਪਿਛੋਕੜ ਨੇ ਉਨ੍ਹਾਂ ਨੂੰ ਇਸ ਮਨਮੋਹਕ ਦ੍ਰਿਸ਼ ਨਾਲ ਵਧੇਰੇ ਜੋੜਿਆ ਅਤੇ ਉਹਨਾਂ ਦੇ ਮਨ ਨੂੰ ਅਜਿਹੀ ਸ਼ਾਨਦਾਰ ਫਸਲ ਬਾਰੇ ਹੋਰ ਜਾਣਨ ਲਈ ਉਤਸੁਕ ਕੀਤਾ। ਪਰ ਸਮੇਂ ਦੀ ਘਾਟ ਕਾਰਨ, ਉਹ ਖੇਤ ਦੇ ਕਿਸਾਨ ਨੂੰ ਮਿਲਣ ਲਈ ਅਸਮਰਥ ਸਨ, ਪਰ ਕੁਝ ਆਸ ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਫੁੱਲਾਂ ਦੀ ਬਹੁਤਾਤ ਵਾਲੀ ਇਸ ਫਸਲ ਨੂੰ ਕਿਨੋਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਫ਼ਸਲ ਦੀ ਪ੍ਰਭਾਵਸ਼ਾਲੀ ਵਿਸ਼ੇਸ਼ਤਾ ਜਿਸ ਨੇ ਡਾ. ਸਿੰਘ ਅਤੇ ਉਹਨਾਂ ਦੀ ਪਤਨੀ ਦਾ ਧਿਆਨ ਖਿੱਚਿਆ ਸੀ ਉਹ ਇਹ ਸੀ ਕਿ ਇਸ ਫ਼ਸਲ ਦੇ ਆਪਣੀ ਮਿਆਦ ਦੌਰਾਨ ਵੱਖ ਵੱਖ ਰੰਗਾਂ ਦੇ ਫੁੱਲ ਖਿੜਦੇ ਹਨ ਅਤੇ ਜਦੋਂ ਖੇਤ ਵਿੱਚ ਬੀਜਿਆ ਜਾਂਦਾ ਹੈ, ਪੌਦੇ ਵੱਖੋ ਵੱਖਰੇ ਪੜਾਵਾਂ ‘ਤੇ ਹੋਣ ਕਰਕੇ ਵੱਖ ਵੱਖ ਰੰਗਾਂ ਦੇ ਫੁੱਲ ਇਕੋ ਸਮੇਂ ਖੇਤ ਨੂੰ ਬਹੁਤ ਰੰਗੀਲਾ ਬਣਾ ਦਿੰਦੇ ਹਨ।

ਜਦੋਂ ਡਾ. ਸਿੰਘ ਅਤੇ ਉਹਨਾਂ ਦੀ ਪਤਨੀ ਮਈ 2015 ਵਿਚ ਭਾਰਤ ਵਾਪਸ ਆਏ ਤਾਂ ਉਨ੍ਹਾਂ ਦੇ ਮਨ ਵਿੱਚ ਉਸ ਫ਼ੁੱਲਾਂ ਵਾਲੇ ਮਨਮੋਹਨ ਦ੍ਰਿਸ਼ ਵਾਲੀ ਫ਼ਸਲ ਦੀ ਖੇਰਾ ਬੇਟ, ਲੁਧਿਆਣਾ ਵਿਖੇ ਆਪਣੇ ਖੇਤਾਂ ਵਿੱਚ ਕਾਸ਼ਤ ਕਰਨ ਦੀ ਇੱਛਾ ਪੈਦਾ ਹੋਈ। ਉਹਨਾਂ ਨੇ ਸਥਾਨਕ ਲੋਕਾਂ ਦੇ ਨਾਲ ਨਾਲ ਇੰਟਰਨੈਟ ਸਮੇਤ ਹਰ ਸੰਭਵ ਸਰੋਤ ਤੋਂ ਕਿਨੋਆ ਅਤੇ ਇਸ ਦੇ ਬੀਜਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸੁਹਿਰਦ ਯਤਨ ਕਰਨੇ ਸ਼ੁਰੂ ਕੀਤੇ ਪਰ ਸਥਾਨਕ ਲੋਕਾਂ ਨੂੰ ਇਸ ਫ਼ਸਲ ਬਾਰੇ ਕੋਈ ਗਿਆਨ ਨਹੀਂ ਸੀ। ਸ੍ਰੀਮਤੀ ਸਮਰ ਪਾਲ ਕੌਰ ਇਸ ਫ਼ਸਲ ਦੀ ਜਾਣਕਾਰੀ ਇਕੱਠੀ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਸਨ ਅਤੇ ਉਹਨਾਂ ਨੇ ਅਣਥੱਕ ਮਿਹਨਤ ਕੀਤੀ ਅਤੇ ਅੰਤ ਵਿੱਚ ਹੈਦਰਾਬਾਦ ਤੋਂ ਇੱਕ ਡੀਲਰ ਬਾਰੇ ਇੰਟਰਨੈਟ ਤੋਂ ਜਾਣਕਾਰੀ ਮਿਲੀ ਜੋ ਉਨ੍ਹਾਂ ਨੂੰ ਇਸ ਸ਼ਾਨਦਾਰ ਫਸਲ ਦੇ ਬੀਜ ਸਪਲਾਈ ਕਰ ਸਕਦਾ ਸੀ। ਡਾ. ਸਿੰਘ ਅਤੇ ਉਹਨਾਂ ਦੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਉਹ ਉਸ ਸਪਲਾਇਰ ਤੋਂ ਆਪਣੇ ਸੁਪਨਿਆਂ ਦਾ ਬੀਜ ਲੈਣ ਗਏ। ਡੀਲਰ ਨੇ ਉਨ੍ਹਾਂ ਨੂੰ 1 ਕਿਲੋਗ੍ਰਾਮ ਬੀਜ ਦਿੱਤਾ ਪਰ ਨਾਲ ਹੀ ਸਾਵਧਾਨ ਕੀਤਾ ਕਿ ਇਹਨਾਂ ਬੀਜਾਂ ਦੀ ਮਿੱਟੀ ਅਤੇ ਮੌਸਮ ਦੀਆਂ ਆਪਣੀਆਂ ਲੋੜਾਂ ਹਨ । ਇਸ ਕਰਕੇ ਉਹ ਕੋਈ ਗ੍ਰਾਂਟੀ ਨਹੀਂ ਲੈ ਸਕਦਾ ਕਿ ਇਹ ਬੀਜ ਪੰਜਾਬ ਦੇ ਵਾਤਾਵਰਣ ਵਿੱਚ ਉਗਣਗੇ ਜਾ ਨਹੀਂ।

ਨਵੰਬਰ ਦੇ ਮਹੀਨੇ ਦੌਰਾਨ ਡਾ. ਸਿੰਘ ਨੇ ਆਪਣੇ ਖੇਤਾਂ ਵਿਚ ਕਿਨੋਆ ਦੇ ਬੀਜਾਂ ਨੂੰ ਬੀਜ ਦਿੱਤਾ। ਉਨ੍ਹਾਂ ਨੇ ਇਕ ਏਕੜ ਜ਼ਮੀਨ ਦੇ ਨਾਲ ਕਿਨੋਆ ਦੀ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਇਸ ਦੀ ਦੇਖਭਾਲ ਬਾਰੇ ਸਾਰੀ ਜਾਣਕਾਰੀ ਸਿਰਫ ਇੰਟਰਨੈਟ ਤੋਂ ਪ੍ਰਾਪਤ ਕੀਤੀ । ਉਹਨਾਂ ਨੇ ਆਪਣਾ ਪੂਰਾ ਧਿਆਨ ਫ਼ਸਲ ਦੇ ਪਾਲਣ ਪੋਸ਼ਣ ‘ਤੇ ਲਾ ਦਿੱਤਾ। ਫ਼ਸਲ ਦੇ ਵਾਧੇ ਦੌਰਾਨ, ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਜਿਵੇਂ ਕਿ ਫਸਲ ਕੀੜੇ-ਮਕੌੜਿਆਂ, ਚੂਹੇ ਅਤੇ ਹੋਰ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਰੋਧਕ ਸੀ। ਇਸ ਤੋਂ ਇਲਾਵਾ, ਫਸਲਾਂ ਨੂੰ ਸਿੰਚਾਈ ਦੀ ਬਹੁਤ ਘੱਟ ਜ਼ਰੂਰਤ ਸੀ।

ਫਰਵਰੀ 2016 ਵਿਚ ਬਸੰਤ ਰੁੱਤ ਉਨ੍ਹਾਂ ਲਈ ਬਹੁਤ ਜ਼ਿਆਦਾ ਖੁਸ਼ੀ ਲੈ ਕੇ ਆਈ। ਕਿਉਂਕਿ ਜੋ ਦਿਲ ਨੂੰ ਛੂਹਣ ਵਾਲਾ ਨਜ਼ਾਰਾ ਉਹਨਾਂ ਨੇ ਆਸਟਰੇਲੀਆ ਵਿੱਚ ਦੇਖਿਆ ਸੀ, ਉਹ ਹੁਣ ਆਪਣੀਆਂ ਅੱਖਾਂ ਨਾਲ ਆਪਣੇ ਖੇਤਾਂ ਵਿੱਚ ਦੇਖ ਰਹੇ ਸਨ। ਉਨ੍ਹਾਂ ਦੀ ਆਪਣੀ ਸਖ਼ਤ ਮਿਹਨਤ ਨੂੰ ਰੰਗੀਨ ਫੁੱਲਾਂ ਦੇ ਰੂਪ ਵਿੱਚ ਖਿੜਦਿਆਂ ਵੇਖ ਕੇ ਸੰਤੁਸ਼ਟੀ ਦੀ ਕੋਈ ਹੱਦ ਨਾ ਰਹੀ। ਉਹਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਉਹ ਫ਼ਸਲ ਉਗਾਉਣ ਵਿੱਚ ਸਫਲ ਰਹੇ ਹਨ ਪਰ ਨਾਲ ਹੀ ਉਹਨਾਂ ਨੂੰ ਚਿੰਤਾ ਸੀ ਕਿ ਅੱਗੇ ਫ਼ਸਲ ਦੀ ਦੇਖ ਰੇਖ ਦਾ ਕੋਈ ਗਿਆਨ ਨਹੀਂ ਸੀ। ਇਥੇ ਸ਼੍ਰੀਮਤੀ ਸਮੀਰ ਪਾਲ ਕੌਰ ਦੀ ਭੂਮਿਕਾ ਆਉਂਦੀ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਆਏ ਅਤੇ ਵਿਭਾਗ ਦੇ ਮੁਖੀ ਡਾ. ਪੂਨਮ ਅਗਰਵਾਲ ਸਚਦੇਵ ਨਾਲ ਸੰਪਰਕ ਕੀਤਾ। ਮੁਖੀ ਡਾ. ਪੂਨਮ ਨੇ ਉਸ ਨੂੰ ਕਿਨਆ ਪ੍ਰੋਸੈਸਿੰਗ ‘ਤੇ ਕੰਮ ਕਰਨ ਵਾਲੀ ਵਿਗਿਆਨੀ ਡਾ. ਪ੍ਰੀਤੀ ਆਹਲੂਵਾਲੀਆ ਨਾਲ ਮਿਲਾਇਆ। ਡਾ. ਪੂਨਮ ਏ. ਸਚਦੇਵ ਨੇ ਡਾ. ਪ੍ਰੀਤੀ ਆਹਲੂਵਾਲੀਆ ਨਾਲ ਮਾਰਚ, 2016 ਵਿਚ ਉਨ੍ਹਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਫ਼ਸਲ ਬਾਰੇ ਜ਼ਰੂਰੀ ਨਿਰਦੇਸ਼ ਦਿੱਤੇ। ਨਾਲ ਹੀ ਵਿਗਿਆਨੀਆਂ ਨੇ ਉਨ੍ਹਾਂ ਨੂੰ ਫ਼ਸਲ ਦੀ ਕਟਾਈ ਤੋਂ ਬਾਅਦ ਬੀਜ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਲਿਆਉਣ ਲਈ ਵੀ ਕਿਹਾ ਤਾਂ ਜੋ ਇਹਨਾਂ ਬੀਜਾਂ ਦੇ ਲਾਭਕਾਰੀ ਉਤਪਾਦ ਤਿਆਰ ਕਰਨ ਲਈ ਖੋਜ ਕਾਰਜ ਆਰੰਭ ਕੀਤੇ ਜਾ ਸਕਣ। ਵਾਢੀ ਰੁੱਤੇ ਇਸ ਜੋੜੇ ਨੇ ਦਾਤਰੀ ਨਾਲ ਫ਼ਸਲ ਦੀ ਕਟਾਈ ਕੀਤੀ ਅਤੇ ਫਿਰ ਹੱਥੀਂ ਫਸਲ ਦੀ ਈ ਅਤੇ ਸਫ਼ਾਈ ਕੀਤੀ। ਹਲਾਂ ਕਿ ਖੇਤਾਂ ਵਿੱਚ ਹੱਥੀਂ ਮਿਹਨਤ ਕਰਨ ਨਾਲ ਉਹਨਾਂ ਦਾ ਬਹੁਤ ਸਾਰਾ ਸਮਾਂ ਅਤੇ ਪੈਸਾ ਖਰਚ ਹੋਇਆ ਪਰ ਜਦੋਂ ਫਸਲ ਦਾ ਉਤਪਾਦਨ 1 ਏਕੜ ਰਕਬੇ ਵਿਚੋਂ 5 ਕੁਇੰਟਲ ਤੋਂ ਵੱਧ ਨਿਕਲਿਆ ਤਾਂ ਉਹਨਾਂ ਨੂੰ ਸੰਤੁਸ਼ਟੀ ਦਾ ਅਹਿਸਾਸ ਹੋਇਆ ਕਿਉਂਕਿ ਉਹ ਇਸ ਫ਼ਸਲ ਨੂੰ ਆਪਣੇ ਖੇਤਾਂ ਵਿੱਚ ਉੱਗਦਾ ਦੇਖਣ ਵਿੱਚ ਸਫ਼ਲਲ ਰਹੇ ਸਨ।

ਇਸ ਤੋਂ ਬਾਅਦ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਪੀਏਯੂ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਜਦੋਂ ਵਿਭਾਗ ਦੇ ਵਿਗਿਆਨੀਆਂ ਨੇ ਥੋੜੇ ਜਿਹੇ ਬੀਜਾਂ ਨਾਲ ਆਪਣੇ ਖੋਜ ਕਾਰਜ ਸ਼ੁਰੂ ਕੀਤੇ। ਵਾਢੀ ਤੋਂ ਬਾਅਦ ਦੇ ਕਾਰਜ ਜਿਵੇਂ ਕਿ ਸ਼ਿਲਕਾ ਉਤਾਰਨਾ, ਸਫ਼ਾਈ ਤੋਂ ਬਾਅਦ ਖਾਧ ਪਦਾਰਥ ਤਿਆਰ ਕਰਨ ਦਾ ਕੰਮ ਵਿਭਾਗ ਨੇ ਸ਼ੁਰੂ ਕੀਤਾ। ਖੋਜ ਦੌਰਾਨ ਵਿਗਿਆਨੀਆਂ ਨੂੰ ਪਤਾ ਲੱਗਾ ਕਿ ਬੀਜਾਂ ਵਿੱਚ ਕੁਝ ਅਜਿਹੇ ਤੱਤ ਜਿਵੇਂ ਕਿ ਸੈਪੋਨੀਨਜ਼ ਮੌਜੂਦ ਹਨ ਜੋ ਐਂਟੀ ਨੂਟਰੀਸ਼ਨਲ ਹਨ। ਇਹਨਾਂ ਤੱਤਾਂ ਦੀ ਮੌਜੂਦਗੀ ਬੀਜਾਂ ਨੂੰ ਕੌੜਾਪਣ ਪ੍ਰਦਾਨ ਕਰਦੀ ਹੈ ਅਤੇ ਕੁੜੱਤਣ ਕਰਕੇ ਫਸਲ ਚੂਹੇ ਅਤੇ ਕੀੜੇ-ਮਕੌੜੇਆਂ ਤੋਂ ਮੁਕਤ ਹੈ। ਕੁੜੱਤਣ ਨੂੰ ਦੂਰ ਕਰਨ ਲਈ, ਫੂਡ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਨੇ ਫਸਲ ਦੀ ਕਟਾਈ ਅਤੇ ਸ਼ਿਲਕਾ ਉਤਾਰਨ ਤੋਂ ਬਾਅਦ ਭੋਜਨ ਪਦਾਰਥ ਤਿਆਰ ਕਰਨ ਤੋਂ ਪਹਿਲਾਂ ਇਸ ਕੁੜੱਤਣ ਨੂੰ ਖ਼ਤਮ ਕਰਨ ਲਈ ਇਕ ਸੁਝਾਅ ਦਿੱਤਾ ਕਿ ਬੀਜਾਂ ਨੂੰ 4-5 ਵਾਰ ਧੋ ਕੇ ਸੈਪੋਨੀਨਜ਼ ਨੂੰ ਹਟਾਇਆ ਜਾ ਸਕਦਾ ਹੈ। ਉਪਰੰਤ ਰਵਾਇਤੀ ਅਨਾਜਾਂ ਵਾਂਗ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾਉਣਾ ਹੈ। ਨਮੀ ਸੁਰੱਖਿਅਤ ਪੱਧਰ ਤੱਕ ਘੱਟ ਜਾਣ ‘ਤੇ ਸੁੱਕਣ ਕਰਕੇ ਕਰੈਕਿੰਗ ਆਵਾਜ਼ ਪੈਦਾ ਕਰਦੇ ਹਨ। ਇਸ ਤੋਂ ਬਾਅਦ ਬੀਜਾਂ ਦੀ ਪ੍ਰੋਸੈਸਿੰਗ ਕਰਕੇ ਵੱਖ ਵੱਖ ਖਾਧ ਪਦਾਰਥ ਤਿਆਰ ਕੀਤੇ ਜਾ ਸਕਦੇ ਹਨ। ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਇਸ ਜੋੜੀ ਨੂੰ ਦੱਸਿਆ ਕਿ ਇਹ ਫਸਲ ਸੂਡੋ ਅਨਾਜ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਕਿਨੋਆ ਦੀ ਭੌਤਿਕ-ਰਸਾਇਣਕ ਖੋਜ ਤੋਂ ਪਤਾ ਚੱਲਿਆ ਕਿ ਇਹ ਬੀਜ ਬਹੁਤ ਸਾਰੇ ਪੌਸ਼ਟਿਕ ਤੱਤਾਂ ਖਾਸ ਕਰਕੇ ਪ੍ਰੋਟੀਨ, ਜ਼ਰੂਰੀ ਫੈਟੀ ਐਸਿਡ ਦੇ ਨਾਲ ਨਾਲ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹਨ। ਕਿਨੋਆ ਦੇ ਪ੍ਰੋਟੀਨ ਜ਼ਰੂਰੀ ਅਮੀਨੋ ਐਸਿਡਾਂ ਨਾਲ ਭਰਪੂਰ ਹੁੰਦੀ ਹੈ ਜਿਨ੍ਹਾਂ ਦੀ ਆਮ ਅਨਾਜਾਂ ਵਿੱਚ ਘਾਟ ਹੁੰਦੀ ਹੈ। ਕਿਨੋਆ ਦੀ ਪੌਸ਼ਟਿਕ ਰਚਨਾ ਰਵਾਇਤੀ ਅਨਾਜਾਂ ਜਿਵੇਂ ਕਣਕ, ਚਾਵਲ ਅਤੇ ਮੱਕੀ ਨਾਲੋਂ ਵਧੀਆ ਪਾਈ ਜਾਂਦੀ ਹੈ। ਇਸ ਤੋਂ ਇਲਾਵਾ, ਕਿਨੋਆ ਦੇ ਪ੍ਰੋਸੈਸ ਕੀਤੇ ਉਤਪਾਦ ਵਿਸ਼ੇਸ਼ ਤੌਰ ‘ਤੇ ਕਣਕ ਦੀ ਐਲਰਜੀ ਦੇ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਸ ਵਿਚ ਗਲੂਟਨ ਨਹੀਂ ਹੁੰਦਾ। ਇਸ ਦੇ ਪੱਤੇ, ਡੰਡੀਆਂ ਵੀ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਦਾ ਵਧੀਆ ਸਰੋਤ ਹਨ ਅਤੇ ਚੰਗੀ ਪਾਚਕਤਾ ਰੱਖਦੇ ਹਨ। ਪੱਤਿਆਂ ਨੂੰ ਪਾਲਕ ਵਾਂਗ ਸਲਾਦ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ ਜਦੋਂ ਕਿ ਫੁੱਲਾਂ ਦਾ ਇਸਤੇਮਾਲ ਗੋਭੀ ਜਾਂ ਬਰੌਕਲੀ ਵਾਂਗ ਕੀਤਾ ਜਾ ਸਕਦਾ ਹੈ।

ਪੀਏਯੂ ਦੀ ਯੋਗ ਅਗਵਾਈ ਸਦਕਾ, ਡਾ. ਸਿੰਘ ਨੇ 15 ਕਿਲੋਗ੍ਰਾਮ ਪ੍ਰਤੀ ਘੰਟਾ ਸਮਰੱਥਾ ਵਾਲੀ ਇੱਕ ਸ਼ਿਲਕਾ ਉਤਾਰਣ (ਡੀਹਸਕਿੰਗ) ਵਾਲੀ ਮਸ਼ੀਨ ਵੀ ਖ਼ਰੀਦ ਲਈ। ਇਸ ਦੌਰਾਨ ਸ੍ਰੀਮਤੀ ਸਮਰ ਪਾਲ ਕੌਰ ਨੇ ਕੋਨੋਆ ਤੋਂ ਵੱਖ ਵੱਖ ਪ੍ਰੋਸੈਸਡ ਉਤਪਾਦ ਜਿਵੇਂ ਕਿ ਕਿਨੋਆ ਆਟਾ, ਕਿਨੋਆ ਲੱਡੂ, ਕਿਨੋਆ ਬਿਸਕੁਟ ਅਤੇ ਕਿਨੋਆ ਬਾਰਾਂ ਆਦਿ ਤਿਆਰ ਕਰਨ ਦੀ ਸਿਖਲਾਈ ਲਈ ਪੀਏਯੂ ਨਾਲ ਸਮਝੌਤਾ (ਐਮ ਓ ਯੂ) ਸਹੀਬੰਧ ਕੀਤਾ।

ਵਿਭਾਗ ਨੇ ਨਵੰਬਰ 2016 ਵਿਚ ਪਲਾਂਟ ਬਰੀਡਿੰਗ ਵਿਭਾਗ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਹੋਰ ਕਿਸਾਨਾਂ ਦੀ ਪੀਏਯੂ ਦੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਲਈ ਇਕ ਫੀਲਡ ਡੇ ਦਾ ਵੀ ਪ੍ਰਬੰਧ ਕੀਤਾ ਸੀ। ਜੋੜੇ ਨੇ ਪੀਏਯੂ ਦੇ ਵਿਗਿਆਨੀਆਂ ਨਾਲ ਕਿਨੋਆ ਦੇ ਉਤਪਾਦਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਵਿਗਿਆਨੀਆਂ ਨੇ ਉਨ੍ਹਾਂ ਨੂੰ ਫਸਲ ਦੀ ਪੈਦਾਵਾਰ, ਉਤਪਾਦਨ ਦੇ ਤਰੀਕਿਆਂ, ਲੋੜੀਂਦੀ ਮਿੱਟੀ ਦੀ ਕਿਸਮ ਬਾਰੇ ਹੋਰ ਜਾਣਕਾਰੀ ਦਿੱਤੀ। ਸ਼੍ਰੀਮਤੀ ਸਮਰ ਪਾਲ ਕੌਰ ਨੇ ਪ੍ਰਦਰਸ਼ਨੀ ਵਿੱਚ ਪ੍ਰੋਸੈਸ ਕੀਤੇ ਉਤਪਾਦਾਂ ਦਾ ਪ੍ਰਦਰਸ਼ਨ ਵੀ ਕੀਤਾ।

ਅਗਲੇ ਸਾਲ ਬਿਜਾਈ ਸਮੇਂ ਡਾ. ਸਿੰਘ ਨੇ ਕੁਝ ਤਬਦੀਲੀਆਂ ਨੂੰ ਸ਼ਾਮਲ ਕੀਤਾ: ਹੱਥੀਂ ਕਟਾਈ ਕਰਨ ਤੋਂ ਬਾਅਦ ਕੰਬਾਈਨ ਹਾਰਵੈਸਟਰ ਨਾਲ ਪੀਡਾਈ ਕਰਨੀ ਅਤੇ ਫਿਰ ਕਣਕ ਦੀ ਸਫਾਈ ਵਾਲੇ ਪੱਖੇ ਨਾਲ ਤੂੜੀ ਨੂੰ ਹਟਾਉਣਾ ਆਦਿ। ਨਤੀਜੇ ਵਜੋਂ ਉਨ੍ਹਾਂ ਦੇ ਪੈਸੇ ਦੇ ਨਾਲ- ਨਾਲ ਸਮੇਂ ਦੀ ਵੀ ਬਚਤ ਹੋਈ। ਪਰ ਬਜ਼ਾਰ ਵਿੱਚ ਕਿਨੋਆ ਦੀ ਮੰਗ ਦੀ ਘਾਟ ਕਾਰਨ, ਉਨ੍ਹਾਂ ਨੇ ਇਸ ਸਾਲ ਉਤਪਾਦਨ ਅਧੀਨ ਰਕਬੇ ਨੂੰ ਅੱਧਾ ਘਟਾ ਦਿੱਤਾ। ਦੋ ਵਾਰ ਫ਼ਸਲ ਬੀਜਣ ਦੇ ਪੂਰੇ ਸਫ਼ਰ ਦੌਰਾਨ ਉਨ੍ਹਾਂ ਨੇ ਬੀਜਾਂ ਅਤੇ ਫ਼ਸਲਾਂ ਦੀਆਂ ਜ਼ਰੂਰਤਾਂ ਬਾਰੇ ਬਹੁਤ ਕੁਝ ਸਿੱਖਿਆ: ਕਿਨੋਆ ਨੂੰ ਰੇਤਲੀ ਲੋਮੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ, ਇਹ ਸੁੱਕੇ ਇਲਾਕਿਆਂ ਵਿਚ ਵੀ ਚੰਗੀ ਤਰ੍ਹਾਂ ਵੱਧ ਫੁੱਲ ਸਕਦੀ ਹੈ ਕਿਉਂਕਿ ਇਸ ਦੀਆਂ ਸਿੰਜਾਈ ਜ਼ਰੂਰਤਾਂ ਬਹੁਤ ਘੱਟ ਹੁੰਦੀਆਂ ਹਨ।

ਚੁਣੌਤੀਆਂ ਭਰੇ ਇਸ ਸਫ਼ਰ ਦੇ ਬਾਵਜੂਦ, ਡਾ. ਸਿੰਘ ਅਤੇ ਉਹਨਾਂ ਦੀ ਪਤਨੀ ਨੇ ਦ੍ਰਿੜਤਾ ਅਤੇ ਜਨੂੰਨ ਨਾਲ ਤੀਜੀ ਵਾਰ ਆਪਣੇ ਖੇਤਾਂ ਵਿੱਚ ਕਿਨੋਆ ਦੀ ਫ਼ਸਲ ਬੀਜੀ। ਉਸ ਤੋਂ ਬਾਅਦ ਉਹ ਲਗਾਤਾਰ ਹਰ ਸਾਲ ਕਿਨੋਆ ਦੀ ਖੇਤੀ ਕਰ ਰਹੇ ਹਨ ਅਤੇ ਪੀਏਯੂ ਦੀ ਦਿੱਤੀ ਸਿਖਲਾਈ ਨਾਲ ਇਸ ਤੋਂ ਵੱਖ ਵੱਖ ਪ੍ਰੋਸੈਸਡ ਖਾਧ ਪਦਾਰਥ ਤਿਆਰ ਕਰਕੇ ਵੇਚ ਰਹੇ ਹਨ। ਉਹ ਦੱਸਦੇ ਹਨ ਕਿ ਸਥਾਪਿਤ ਗਾਹਕ ਕਿੰਨੋਆਂ ਦੇ ਪ੍ਰੋਸੈਸ ਕੀਤੇ ਉਤਪਾਦਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ।

Share This Article
Leave a Comment