ਕਰੋਨਾ ਤੋਂ ਬਚਾਅ ਲਈ ਪਿੰਡਾਂ ਦੇ ਲੋਕਾਂ ਨੂੰ ਕੀਤਾ ਜਾਗਰੂਕ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ‘ਸਮੇਂ ਸਿਰ ਟੀਕਾਕਰਣ, ਚੰਗੀ ਪੌਸ਼ਟਿਕ ਖੁਰਾਕ ਅਤੇ ਸਾਫ-ਸੁਥਰੇ ਘਰੇਲੂ ਵਾਤਾਵਰਨ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਚੜਦੀ ਕਲਾ ਵਿੱਚ ਰਹਿਣ ਨਾਲ ਕਰੋਨਾ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ।’ ਇਹ ਵਿਚਾਰ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਇੱਕ ਪੈਨਲ ਵਿਚਾਰ ਚਰਚਾ ਰਾਹੀਂ ਪਿੰਡਾਂ ਦੇ ਨਿਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਦੱਸੇ। ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਦੱਸਿਆ ਕਿ ਕਰੋਨਾ ਦੇ ਫੈਲਾਅ ਦਾ ਮੁੱਖ ਕਾਰਨ ਲੋਕਾਂ ਵਿੱਚ ਇਸ ਸੰਬੰਧੀ ਜਾਗਰੂਕਤਾ ਨਾ ਹੋਣਾ ਹੈ ਇਸ ਲਈ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਦੇ ਤਰੀਕੇ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੈਨਲ ਵਿਚਾਰ ਚਰਚਾ ਵਿੱਚ ਡਾ. ਰਿਤੂ ਮਿੱਤਲ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਡਾ. ਸੁਖਦੀਪ ਕੌਰ ਸ਼ਾਮਿਲ ਹੋਏ। ਇਸ ਵਿਚਾਰ-ਚਰਚਾ ਦੌਰਾਨ ਮਾਸਕ ਪਹਿਨਣ ਦੇ ਸਹੀ ਤਰੀਕੇ, ਸ਼ੋਸ਼ਲ ਡਿਸਟੈਸਿੰਗ ਅਤੇ ਸਹੀ ਇਲਾਜ ਤੋਂ ਇਲਾਵਾ ਮਾਨਸਿਕ ਤਨਾਅ ਤੋਂ ਮੁਕਤੀ ਆਦਿ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ। ਪ੍ਰੋ. ਡਾ. ਕੰਵਲਜੀਤ ਕੌਰ ਅਤੇ ਡਾ. ਜਸਵਿੰਦਰ ਕੌਰ ਨੇ ਆਪਣੇ ਤਜਰਬੇ ਸਾਂਝੇ ਕੀਤੇ।

ਚੰਗੇ ਅਤੇ ਸਾਫ ਸੁਥਰੇ ਭੋਜਨ ਬਾਰੇ ਗੱਲ ਕਰਦਿਆਂ ਡਾ. ਨਰਿੰਦਰਜੀਤ ਕੌਰ ਨੇ ਕੁਝ ਸੁਝਾਅ ਦਿੱਤੇ। ਡਾ. ਸ਼ਰਨਬੀਰ ਕੌਰ, ਡਾ. ਸੁਮੀਤ ਕੰਗ, ਡਾ. ਆਸ਼ਾ ਚਾਵਲਾ ਨੇ ਵੀ ਵਿਸਥਾਰ ਨਾਲ ਆਪਣੇ ਤਜਰਬਿਆਂ ਤੇ ਆਧਾਰਤ ਗੱਲਬਾਤ ਕੀਤੀ। ਇਸ ਵਾਰਤਾਲਾਪ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਜਿਵੇਂ ਲੁਧਿਆਣਾ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਐੱਸ ਬੀ ਐੱਸ ਨਗਰ, ਮੋਗਾ, ਬਠਿੰਡਾ, ਫਾਜ਼ਿਲਕਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ 100 ਦੇ ਕਰੀਬ ਲੋਕਾਂ ਨੇ ਸੁਣਿਆ। ਉਹਨਾਂ ਦੇ ਸਵਾਲਾਂ ਦੇ ਜਵਾਬ ਮਾਹਿਰਾਂ ਨੇ ਵਿਸਥਾਰ ਨਾਲ ਦਿੱਤੇ। ਡਾ. ਪ੍ਰੀਤੀ ਸ਼ਰਮਾ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ।

- Advertisement -

Share this Article
Leave a comment