ਲੁਧਿਆਣਾ : ਕਣਕ ਵਿੱਚ ਕਰਨਾਲ ਬੰਟ ਦੀ ਬਿਮਾਰੀ ਪੰਜਾਬ ਦੇ ਤਕਰੀਬਨ ਸਾਰੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ਪਰ ਨੀਮ ਪਹਾੜੀ ਅਤੇ ਦਰਿਆਵਾਂ ਦੇ ਨੇੜੇ ਲੱਗਦੇ ਇਲਾਕਿਆਂ ਵਿੱਚ ਇਸ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਦੇ ਹਮਲੇ ਨਾਲ ਸਿੱਟੇ ਵਿੱਚ ਕੁਝ ਦਾਣਿਆਂ ਤੇ ਹੀ ਬਿਮਾਰੀ ਦਾ ਅਸਰ ਹੁੰਦਾ ਹੈ। ਜਦੋਂ ਬਿਮਾਰੀ ਵਾਲੇ ਦਾਣਿਆਂ ਨੂੰ ਹੱਥਾਂ ਵਿੱਚ ਲੈ ਕੇ ਮਸਲਿਆ ਜਾਵੇ ਤਾਂ ਉਨ੍ਹਾਂ ਵਿੱਚੋਂ ਕਾਲੇ ਰੰਗ ਦੀ ਉਲੀ ਦੇ ਜੀਵਾਣੂੰ ਬਾਹਰ ਨਿਕਲਦੇ ਹਨ, ਜਿਨ੍ਹਾਂ ਵਿੱੱਚੋਂ ਭੈੜੀ ਦੁਰਗੰਧ ਆਉਂਦੀ ਹੈ।
ਇਸ ਬਿਮਾਰੀ ਵਾਲੀ ਉਲੀ ਦੀ ਲਾਗ ਉਦੋਂ ਲੱਗਦੀ ਹੈ ਜਦੋਂ ਕਿ ਅਜੇ ਸਿੱਟੇ ਬਾਹਰ ਨਿਕਲੇ ਹੀ ਹੁੰਦੇ ਹਨ। ਬਿਮਾਰੀ ਦੀ ਲਾਗ ਹਵਾ ਵਿੱਚ ਫਿਰਦੇ ਬਿਮਾਰੀ ਦੇ ਜੀਵਾਣੂੰ ਰਾਹੀਂ ਹੁੰਦੀ ਹੈ। ਉਲੀ ਦੇ ਜੀਵਾਣੂੰ ਖੇਤਾਂ ਵਿੱਚ 2-3 ਸਾਲ ਤੱਕ ਜਿਉਂਦੇ ਰਹਿੰਦੇ ਹਨ ਅਤੇ ਕਣਕ ਦੇ ਸਿੱਟੇ ਨਿਕਲਣ ਵੇਲੇ ਇਹ ਜੀਵਾਣੂੰ ਮਿੱਟੀ ਵਿੱਚੋਂ ਉਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਸਿੱਟਿਆਂ ਵਿੱਚ ਦਾਣਿਆਂ ਤੇ ਬਿਮਾਰੀ ਲਾ ਦਿੰਦੇ ਹਨ। ਅਜਿਹੀ ਫਸਲ ਤੋਂ ਰੱੱਖਿਆ ਬੀਜ ਅਗਲੇ ਸਾਲ ਲਈ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ ।
ਜੇਕਰ ਫਸਲ ਨਿਸਰਣ ਸਮੇਂ ਬੱਦਲਵਾਈ ਤੇ ਕਿਣ-ਮਿਣ ਰਹੇ ਤਾਂ ਬਿਮਾਰੀ ਦੀ ਲਾਗ ਜ਼ਿਆਦਾ ਲੱਗਦੀ ਹੈ। ਇਸ ਤੋਂ ਇਲਾਵਾ ਨਾਈਟ੍ਰੋਜਨ ਖਾਦ ਦੀ ਬਹੁਤੀ ਵਰਤੋਂ ਅਤੇ ਫਸਲ ਡਿੱਗਣ ਨਾਲ ਵੀ ਬਿਮਾਰੀ ਬਹੁਤੀ ਲੱਗਦੀ ਹੈ।
ਕਣਕ ਦੇ ਨਿਸਰਣ ਸਮੇਂ ਬੀਜ ਵਾਲੀ ਫਸਲ ਤੇ 200 ਮਿ.ਲਿ. ਟਿਲਟ 25 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਇੱਕ ਛਿੜਕਾਅ ਕਰਨ ਨਾਲ ਕਰਨਾਲ ਬੰਟ ਮੁਕਤ ਬੀਜ ਪੈਦਾ ਕਰ ਸਕਦੇ ਹੋ।