ਅਫ਼ਗ਼ਾਨਿਸਤਾਨ ਦੇ ਕਾਬੁਲ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਮਹਿਲਾ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ਨੀਵਾਰ ਦੀ ਸਵੇਰ ਲਗਭਗ 7 ਵਜੇ ਦੀ ਹੈ ਜਿਸਦੀ ਜਾਣਕਾਰੀ ਅੱਜ ਅਫ਼ਗ਼ਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਸਰਤ ਰਾਇਮੀ ਨੇ ਦਿੱਤੀ।
ਹਮਲਾਵਰ ਇੱਕ ਮੋਟਰਸਾਇਕਲ ਉੱਤੇ ਆਏ ਸਨ, ਜਦ ਕਿ ਮੀਨਾ ਮੰਗਲ ਇੱਕ ਕਾਰ ਦੀ ਉਡੀਕ ਕਰ ਰਹੀ ਸੀ। ਮੀਨਾ ਮੰਗਲ ਇਸ ਵੇਲੇ ਅਫ਼ਗ਼ਾਨਿਸਤਾਨ ਦੀ ਸੰਸਦ ਦੇ ਹੇਠਲੇ ਚੈਂਬਰ ‘ਵੋਲੇਸੀ ਜਿਰਗਾ’ ਵਿੱਚ ਸਭਿਆਚਾਰਕ ਸਲਾਹਕਾਰ ਵਜੋਂ ਕੰਮ ਕਰਦੀ ਸੀ।
ਚਸ਼ਮਦੀਦ ਗਵਾਹਾਂ ਅਨੁਸਾਰ ਦੋ ਮੋਟਰਸਾਇਕਲ ਸਵਾਰਾਂ ਵਿੱਚੋਂ ਇੱਕ ਨੇ ਪਹਿਲਾਂ ਬਾਜ਼ਾਰ ਵਿੱਚ ਲੋਕਾਂ ਨੂੰ ਖਿੰਡਾਉਣ ਲਈ ਹਵਾ ਵਿੱਚ ਚਾਰ ਗੋਲੀਆਂ ਚਲਾਈਆਂ। ਫਿਰ ਉਸ ਨੇ ਮੀਨਾ ਮੰਗਲ ਉੱਤੇ ਗੋਲੀਆਂ ਚਲਾਈਆਂ। ਮੀਨਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਮੀਨਾ ਮੰਗਲ ਨੇ ਪ੍ਰਾਈਵੇਟ ਏਰੀਆਨਾ ਟੀਵੀ ਲਈ ਇੱਕ ਪੇਸ਼ਕਾਰ ਵਜੋਂ ਲਗਭਗ ਇੱਕ ਦਹਾਕੇ ਤੱਕ ਕੰਮ ਕੀਤਾ ਸੀ। ਉਹ ਸੋਸ਼ਲ ਮੀਡੀਆ ਪੰਨਿਆਂ ਉੱਤੇ ਅਕਸਰ ਅਫ਼ਗ਼ਾਨਿਸਤਾਨ ਦੀਆਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਸੀ ਤੇ ਦੇਸ਼ ਦੀਆਂ ਕੁੜੀਆਂ ਨੂੰ ਸਕੂਲ ਜਾਣ ਲਈ ਪ੍ਰੇਰਦੀ ਸੀ।