Home / ਓਪੀਨੀਅਨ / ਅਗਾਂਹਵਧੂ ਕਿਸਾਨ ਬੀਬੀ ਨੇ ਕਿਹੜੀਆਂ ਮੱਲਾਂ ਮਾਰੀਆਂ

ਅਗਾਂਹਵਧੂ ਕਿਸਾਨ ਬੀਬੀ ਨੇ ਕਿਹੜੀਆਂ ਮੱਲਾਂ ਮਾਰੀਆਂ

ਬੀਬੀ ਰੇਖਾ ਸ਼ਰਮਾ ਪਿੰਡ ਰਾਮਪੁਰ ਸੀਕਰੀ, ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਅਗਾਂਹਵਧੂ ਕਿਸਾਨ ਬੀਬੀ ਹੈ। ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਹੋਮ ਸਾਇੰਸ ਕਾਲਜ ਤੋਂ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸਬੰਧਤ ਸਿਖਲਾਈ ਲਈ। ਸੰਨ 2003 ਵਿੱਚ ਉਸ ਦੀ ਮਾਤਾ ਵੀਣਾ ਸ਼ਰਮਾ ਨੇ ਪਿੰਡ ਦੀਆਂ 12 ਔਰਤਾਂ ਨੂੰ ਨਾਲ ਲੈ ਕੇ ਇੱਕ ਸਵੈ-ਸਹਾਇਤਾ ਸਮੂਹ ਬਣਾਇਆ, ਜਿਸ ਦਾ ਨਾਮ ਸਦਾ ਸ਼ਿਵ ਮਾਡਰਨ ਸੈਲਫ ਗਰੁੱਪ ਰੱਖਿਆ। ਰੇਖਾ ਸ਼ਰਮਾ ਇਸ ਗਰੁੱਪ ਦੀ ਕਾਰਜਸ਼ੀਲ ਮੈਂਬਰ ਹੈ।

ਇਸ ਗਰੁੱਪ ਨਾਲ 300 ਪ੍ਰੀਵਾਰ ਜੁੜ ਚੁੱਕੇ ਹਨ। ਗਰੁੱਪ ਦੀ ਸ਼ੁਰੂਆਤ 20,000 ਸਲਾਨਾਂ ਤੋਂ ਸ਼ੁਰੂ ਹੋ ਕੇ ਹੁਣ 35 ਲੱਖ ਰੁਪਏ ਤੱਕ ਕਾਰੋਬਾਰ ਪਹੁੰਚ ਚੁੱਕਾ ਹੈ। ਉਸ ਦੇ ਗਰੁੱਪ ਨਾਲ 30 ਹੋਰ ਗਰੁੱਪ ਜੁੜ ਚੁੱਕੇ ਹਨ। ਇਹ ਗਰੁੱਪ 52 ਤਰ੍ਹਾਂ ਦੀਆਂ ਹਰਬਲ ਵਸਤਾਂ ਬਣਾ ਕੇ ਬਜ਼ਾਰ ਵਿੱਚ ਵੇਚ ਰਿਹਾ ਹੈ। ਅੰਬ, ਹਰੜ, ਬਹੇੜਾ, ਆਂਵਲਾ, ਐਲੋਵੀਰਾ, ਹਲਦੀ, ਬਾਂਸ, ਬੇਲ, ਜੰਗਲੀ ਕਰੇਲੇ, ਨਿੰਬੂ, ਕਰੌਂਦਾ, ਦੇਸੀ ਲਾਲ ਅਦਰਕ, ਲਸਣ, ਸੰਤਰਾ, ਲੀਚੀ ਦੇ ਇਲਾਵਾ 52 ਪ੍ਰਕਾਰ ਦੇ ਹਰਬਲ ਨੂੰ ਪ੍ਰੋਸੈਸ ਕਰਕੇ ਉਸ ਦੇ ਆਚਾਰ, ਮੁਰੱਬੇ, ਚਟਣੀ , ਜੈਮ, ਜੂਸ , ਕੈਂਡੀ, ਸੁਕਾਇਸ਼, ਸਰਬਤ, ਮਸਾਲੇ ਆਦਿ ਬਣਾਉਂਦੇ ਹਨ। ਰੇਖਾ ਸ਼ਰਮਾ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸ਼ੁਰੂਆਤ ਵਿੱਚ ਉਸਨੇ ਥੋੜਾ ਸਮਾਨ ਬਣਾ ਕੇ ਵੇਚਿਆ। ਫਿਰ ਮੰਗ ਵੱਧ ਹੋ ਜਾਣ ‘ਤੇ ਇਸ ਧੰਦੇ ਨੂੰ ਹੋਰ ਪਸਾਰਿਆ। ਕੰਢੀ ਖੇਤਰ ਵਿੱਚ ਪਿੰਡ ਦੀਆਂ ਔਰਤਾਂ ਲਈ ਰੋਜ਼ਗਾਰ ਦੇ ਵਸੀਲੇ ਉਪਬਲਧ ਨਹੀਂ ਸਨ ਅਤੇ ਔਰਤਾਂ ਘਰਾਂ ਤੋਂ ਬਾਹਰ ਨਹੀਂ ਜਾ ਸਕਦੀਆਂ ਸਨ। ਉਸ ਵੱਲੋਂ ਬਣਾਏ ਆਂਵਲਾ ਲੱਡੂ, ਆਂਵਲਾ ਬਰਫੀ, ਬੇਲ ਬਰਫੀ, ਬਾਂਸ ਕੈਂਡੀ, ਤ੍ਰਿਫਲਾ ਚੂਰਨ, ਅੰਬਚੂਰ ਆਦਿ ਭਾਰੀ ਮਾਤਰਾ ਵਿੱਚ ਵਿਕ ਜਾਂਦੇ ਹਨ। ਉਸ ਦੇ ਗਰੁੱਪ ਦੀਆਂ ਬੀਬੀਆਂ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸਬੰਧਤ ਸਮਾਨ 300 ਕੁਇੰਟਲ ਤੋਂ ਵੱਧ ਪ੍ਰਤੀ ਸਾਲ ਤਿਆਰ ਕਰਦੀਆਂ ਹਨ। ਤਿਆਰ ਹੋਇਆ ਸਮਾਨ ਵੱਖ-ਵੱਖ ਖੇਤਰਾਂ ਵਿੱਚ ਲੱਗਦੀਆਂ ਪ੍ਰਦਰਸ਼ਨੀਆਂ ਦੌਰਾਨ ਲਾਗੇ ਪੈਂਦੀਆਂ ਦੁਕਾਨਾਂ ਅਤੇ ਕਸਬਿਆਂ ਵਿੱਚ ਵਿਕ ਜਾਂਦਾ ਹੈ। ਉਹ ਆਪਣੇ ਉਤਪਾਦ ਨੂੰ ਸਾਫ-ਸੁਥਰੇ ਮਾਹੌਲ ਵਿੱਚ ਤਿਆਰ ਕਰਦੀ ਹੈ ਅਤੇ ਆਕਰਸ਼ਕ ਪੈਕਿੰਗ ਕਰਕੇ ਵੇਚਦੀ ਹੈ। ਸ਼ੁਰੂ ਵਿੱਚ ਉਸ ਦੀ ਮਾਤਾ ਨੇ ਕੱਪੜੇ ਧੋਣ ਵਾਲਾ ਪਾਊਡਰ, ਟਾਇਲੈਟ ਕਲੀਨਰ, ਫਿਨਾਇਲ, ਲੀਸਾਪੋਲ ਤਿਆਰ ਕਰਨਾ ਸ਼ੁਰੂ ਕੀਤਾ, ਪਰ ਇਨ੍ਹਾਂ ਪਦਾਰਥਾਂ ਨੂੰ ਬਨਾਉਣ ‘ਤੇ ਲਾਗਤ ਜ਼ਿਆਦਾ ਸੀ। ਫਿਰ ਉਸ ਨੇ 1.56 ਲੱਖ ਦਾ ਕਰਜ਼ਾ ਬੈਂਕ ਤੋਂ ਲਿਆ ਅਤੇ ਸੰਨ 2007 ਵਿੱਚ ਕੰਢੀ ਇਲਾਕੇ ਵਿੱਚ ਮੌਜੂਦ ਖਾਧ ਪਦਾਰਥਾਂ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ। ਪ੍ਰੰਤੂ ਉਸ ਨੂੰ ਸਮਾਨ ਵੇਚਣ ਸਮੇਂ ਮਾਰਕੀਟਿੰਗ ਦੀ ਮੁਸ਼ਕਲ ਆਈ ਅਤੇ ਉਸ ਨੇ ਲਾਗੇ ਪੈਂਦੀ ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਸੰਪਰਕ ਕਾਇਮ ਕੀਤਾ ਅਤੇ ਇੰਡਸਟਰੀ ਨੂੰ ਪ੍ਰੋਸੈਸਿੰਗ ਦਾ ਸਮਾਨ ਤਿਆਰ ਕਰਕੇ ਸਪਲਾਈ ਕਰਨਾ ਸ਼ੁਰੂ ਕੀਤਾ। ਸੰਨ 2008 ਵਿੱਚ ਗਰੁੱਪ ਨੇ ਪੰਚਾਇਤ ਤੋਂ 2 ਕਨਾਲ ਜ਼ਮੀਨ ਲੈ ਕੇ ਬਿਲਡਿੰਗ ਤਿਆਰ ਕੀਤੀ।

ਪੜ੍ਹੀ ਲਿਖੀ ਰੇਖਾ ਨੇ ਆਪਣੀ ਮਾਤਾ ਦਾ ਪੂਰਾ ਸਾਥ ਦਿੱਤਾ। ਹਾਰਟੀਕਲਚਰ ਵਿਭਾਗ ਦੀ ਸਕੀਮ ਤਹਿਤ 4.5 ਲੱਖ ਦੀ ਸਹਾਇਤਾ ਲੈ ਕੇ ਲੋੜੀਂਦੀ ਮਸ਼ੀਨਰੀ ਖਰੀਦੀ। ਗਰੁੱਪ ਦੇ ਪ੍ਰਧਾਨ ਨੇ ਵੀ 50,000 ਰੁਪਏ ਪ੍ਰੋਜੈਕਟ ਦੇ ਕੰਮ ਲਈ ਦਿੱਤੇ। ਇੱਕ ਕਮਰੇ ਦੀ ਬਿਲਡਿੰਗ ਤੋਂ ਸ਼ੁਰੂ ਕਰਕੇ ਅੱਜ ਕੱਲ੍ਹ 50 ਕਨਾਲ ਵਿੱਚ ਗਰੁੱਪ ਵਾਲਿਆਂ ਦੀ ਇਮਾਰਤ ਬਣੀ ਹੋਈ ਹੈ। ਰੇਖਾ ਦੇ ਪ੍ਰੀਵਾਰ ਕੋਲ ਪਿੰਡ ਰਾਮਗੜ੍ਹ ਸੀਕਰੀ ਵਿੱਚ ਅੱਧਾ ਏਕੜ ਅਤੇ ਪਿੰਡ ਭਵਨੋਰ ਵਿੱਚ 2 ਏਕੜ ਜ਼ਮੀਨ ਹੈ ਅਤੇ ਅੱਧਾ ਏਕੜ ਜ਼ਮੀਨ ਠੇਕੇ ‘ਤੇ ਲਈ ਹੋਈ ਹੈ। ਉਹ ਆਪਣੇ ਖੇਤ ਵਿੱਚ ਦਾਲਾਂ, ਮੱਕੀ, ਕਣਕ ਅਤੇ ਫਸਲਾਂ ਤੋਂ ਇਲਾਵਾ ਆਂਵਲਾ, ਹਰੜ, ਬਹੇੜਾ, ਐਲੋਵੀਰਾ, ਨਿੰਬੂ, ਗਲਗਲ, ਕਰੌਂਦਾ, ਅੰਬ ਉਗਾਉਂਦੇ ਹਨ। ਇਸ ਤੋਂ ਇਲਾਵਾ ਕਰੇਲਾ, ਮਿਰਚ, ਗਾਜਰ,ਸ਼ਲਗਮ ਆਦਿ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ। ਦਿੱਲੀ ਵਿੱਚ ਗਰੀਨ ਹੱਟ ਮੇਲੇ ਦੌਰਾਨ ਸੰਨ 2012 ਨੂੰ ਪਹਿਲਾ ਇਨਾਮ ਹਾਸਲ ਹੋਇਆ ਹੈ। ਸੰਨ 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਗਰੁੱਪ ਨੂੰ ਲੁਧਿਆਣਾ ਵਿਖੇ ਰਾਜ ਪੱਧਰੀ ਪੁਰਸਕਾਰ ਦਿੱਤਾ ਅਤੇ ਸਰਕਾਰ ਨੇ 1 ਕਰੋੜ 35 ਲੱਖ ਦੀ ਸਰਕਾਰੀ ਗ੍ਰਾਂਟ ਦਿੱਤੀ। ਗ੍ਰਾਂਟ ਮਿਲਣ ‘ਤੇ ਗਰੁੱਪ ਨੇ ਬਿਲਡਿੰਗ ਦਾ ਪਸਾਰ ਕੀਤਾ ਅਤੇ ਮਸ਼ੀਨਰੀ ਅਤੇ ਸੁੱਕੇ ਖਾਧ ਪਦਾਰਥ ਖਰੀਦੇ, ਜਿਸ ਕਰਕੇ ਗਰੁੱਪ ਵਧੀਆ ਉਤਪਾਦਨ ਕਰ ਰਿਹਾ ਹੈ।

ਖੇਤੀਬਾੜੀ ਵਿਭਾਗ ਨੇ ਗਰੁੱਪ ਲਈ ਅੰਤਰਰਾਜੀ ਪੰਜ ਰੋਜ਼ਾ ਸਿਖਲਾਈ ਸੰਨ 2010 ਵਿੱਚ ਆਤਮਾ ਸਕੀਮ ਹੇਠ ਵਾਈ. ਐਸ. ਪਰਮਾਰ ਯੂਨੀਵਰਸਿਟੀ, ਸੋਲਨ ਵਿਖੇ ਆਯੋਜਿਤ ਕਰਵਾਈ, ਜਿਸ ਦੀ ਮੈਂਬਰਾਂ ਨੂੰ ਆਪਣੇ ਗਰੁੱਪ ਦੇ ਕਾਰੋਬਾਰ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਫਾਇਦਾ ਹੋਇਆ ਅਤੇ ਪ੍ਰੋਸੈਸਿੰਗ ਸਮੇਂ ਕੁਆਲਿਟੀ ਨੂੰ ਬਰਕਰਾਰ ਰੱਖਣ ਵਿੱਚ ਸੁਧਾਰ ਆਇਆ। ਇਸ ਤੋਂ ਇਲਾਵਾ ਗਰੁੱਪ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਤੋਂ ਵੀ ਪੰਜ ਰੋਜ਼ਾ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸਬੰਧਤ ਸਿਖਲਾਈ ਲਈ। ਰੇਖਾ ਸ਼ਰਮਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਫਲਾਂ ਦੀ ਸਾਂਭ-ਸੰਭਾਲ ਅਤੇ ਮਾਰਕੀਟਿੰਗ ਅਤੇ ਇਸ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ ਜੈਪੁਰ ਤੋਂ ਖੇਤੀਬਾੜੀ ਦੀ ਮਾਰਕੀਟਿੰਗ ਬਾਰੇ ਸਿਖਲਾਈ ਹਾਸਲ ਕੀਤੀ।

ਸੰਨ 2012 ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕੀਤਾ ਅਤੇ ਗਰੁੱਪ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ 77 ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਸੰਨ 2013 ਵਿੱਚ ਪੀ.ਏ.ਯੂ., ਲੁਧਿਆਣਾ ਦੇ ਕਿਸਾਨ ਮੇਲੇ ਦੌਰਾਨ ਸਟਾਲ ਮੁਕਾਬਲੇ ਵਿੱਚ ਪਹਿਲਾ ਇਨਾਮ ਹਾਸਲ ਹੋਇਆ। ਸੰਨ 2014 ਵਿੱਚ ਮਨਿਸਟਰੀ ਆਫ ਇਨਫੋਰਮੇਸ਼ਨ ਅਤੇ ਬ੍ਰਾਂਡ ਕਾਸਟਿੰਗ ਆਫ ਇੰਡੀਆ ਨੇ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਸ ਦੀ ਝੋਲੀ ਵਿੱਚ ਬਹੁਤਾਤ ਮਾਤਰਾ ਵਿੱਚ ਸਨਮਾਨ ਚਿੰਨ ਪਏ ਹਨ। ਸੰਨ 2017 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਤੰਬਰ ਕਿਸਾਨ ਮੇਲੇ ਦੌਰਾਨ ਰੇਖਾ ਸ਼ਰਮਾ ਨੂੰ ਫਸਲ ਉਤਪਾਦਨ ਅਤੇ ਫਸਲਾਂ ਨਾਲ ਸਬੰਧਤ ਕਿੱਤਿਆਂ ਸਬੰਧਤ ਵਧੀਆ ਕੰਮ ਕਰਨ ਤੇ ਸਰਦਾਰਨੀ ਜਗਬੀਰ ਕੌਰ ਗਰੇਵਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

-ਕੁਲਵੀਰ ਕੌਰ,

ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜੂਕੇਸ਼ਨ, (ਪੀਏਯੂ)

Check Also

ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ …

Leave a Reply

Your email address will not be published. Required fields are marked *