ਲੁਧਿਆਣਾ : ਪੀ.ਏ.ਯੂ. ਵਿਖੇ ‘ਮਿੱਟੀ ਵਿੱਚ ਕਾਰਬਨ ਅਤੇ ਗਰੀਨ ਹਾਊਸ ਗੈਸਾਂ ਦੇ ਖੇਤੀ ਵਿੱਚ ਵਾਧੇ ਦੀਆਂ ਪਰਖ ਵਿਧੀਆਂ’ ਬਾਰੇ ਅੱਠ ਰੋਜ਼ਾ ਵਰਕਸ਼ਾਪ ਅਤੇ ਸਿਖਲਾਈ ਸਮਾਪਤ ਹੋ ਗਈ। ਇਹ ਵਰਕਸ਼ਾਪ ਆਈ ਸੀ ਏ ਆਰ, ਐੱਨ ਏ ਐੱਚ ਪੀ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਕਾਸਟ ਪ੍ਰੋਜੈਕਟ ਤਹਿਤ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਤੋਂ ਵਿਗਿਆਨੀਆਂ, ਖੋਜ ਮਾਹਿਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਸਨ। ਡਾ. ਸਾਂਘਾ ਨੇ ਮਿੱਟੀ ਦੀ ਕਾਰਬਨ ਦੇ ਮਹੱਤਵ ਅਤੇ ਗਰੀਨ ਹਾਊਸ ਗੈਸਾਂ ਦੇ ਵਾਧੇ ਦੇ ਮਾਪ ਬਾਰੇ ਵੱਖ-ਵੱਖ ਤਕਨੀਕਾਂ ਸੰਬੰਧੀ ਗੱਲਬਾਤ ਕੀਤੀ। ਉਹਨਾਂ ਨੇ ਵਿਭਾਗ ਨੂੰ ਇਸ ਵਰਕਸ਼ਾਪ ਦੇ ਆਯੋਜਨ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇੱਥੋ ਸਿਖਲਾਈ ਲੈ ਕੇ ਸਿਖਿਆਰਥੀ ਵਾਤਾਵਰਨ ਪੱਖੀ ਖੇਤੀ ਨੂੰ ਅੱਗੇ ਪ੍ਰਸਾਰਿਤ ਕਰਨ ਵਿੱਚ ਸਫ਼ਲ ਹੋਣਗੇ।
ਵਿਭਾਗ ਦੇ ਮੁਖੀ ਕਾਸਟ ਪ੍ਰੋਜੈਕਟ ਦੇ ਮੁੱਖ ਨਿਰੀਖਕ ਡਾ. ਓ ਪੀ ਚੌਧਰੀ ਨੇ ਇਸ ਪ੍ਰੋਜੈਕਟ ਦੇ ਮਹੱਤਵ ਬਾਰੇ ਮਾਹਿਰਾਂ ਅਤੇ ਡੈਲੀਗੇਟਾਂ ਨਾਲ ਗੱਲ ਕੀਤੀ। ਡਾ. ਚੌਧਰੀ ਨੇ ਰਾਸ਼ਟਰੀ ਖੇਤੀ ਉੱਚ ਸਿੱਖਿਆ ਪ੍ਰੋਜੈਕਟ ਦੇ ਖੇਤੀ ਲਈ ਕੀਤੇ ਜਾ ਰਹੇ ਯਤਨਾਂ ਉੱਪਰ ਚਾਨਣਾ ਪਾਇਆ ਅਤੇ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਬਦਲਦੇ ਪੌਣ-ਪਾਣੀ ਦੀਆਂ ਚੁਣੌਤੀਆਂ ਲਈ ਇਹ ਪ੍ਰੋਜੈਕਟ ਬਹੁਤ ਮਿਆਰੀ ਕੰਮ ਕਰ ਰਿਹਾ ਹੈ।
ਸਿਖਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਜੀ ਐੱਸ ਢੇਰੀ ਨੇ ਸਮੁੱਚੀ ਵਰਕਸ਼ਾਪ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਨੂੰ ਵੱਖ-ਵੱਖ ਸਿਧਾਂਤਕ ਅਤੇ ਵਿਹਾਰਕ ਸੈਸ਼ਨਾਂ ਵਿੱਚ ਵੰਡ ਕੇ ਵਿਸ਼ੇ ਨਾਲ ਸੰਬੰਧਤ ਸਾਰੇ ਪੱਖਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। 26 ਸਿਖਿਆਰਥੀ ਪੰਜ ਰਾਜਾਂ ਤੋਂ ਇਸ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਚੁਣੇ ਗਏ ਸਨ।
ਉਹਨਾਂ ਨੇ ਦੱਸਿਆ ਕਿ ਦੇਸ਼ ਦੀਆਂ ਪ੍ਰਸਿੱਧ ਸੰਸਥਾਵਾਂ ਜਿਵੇਂ ਭਾਰਤੀ ਭੂਮੀ ਵਿਗਿਆਨ ਸੰਸਥਾਨ, ਬੀਸਾ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਅਤੇ ਪੀ.ਏ.ਯੂ. ਦੇ ਵੱਖ-ਵੱਖ ਮਾਹਿਰਾਂ ਨੇ ਸਿਖਿਆਰਥੀਆਂ ਨੂੰ ਆਪਣੇ ਕੀਮਤੀ ਤਜ਼ਰਬਿਆਂ ਤੋਂ ਜਾਣੂੰ ਕਰਵਾਇਆ। ਸਿਖਿਆਰਥੀਆਂ ਨੂੰ ਬੀਸਾ ਫਾਰਮ ਲਾਢੋਵਾਲ ਦਾ ਦੌਰਾ ਵੀ ਕਰਵਾਇਆ ਗਿਆ। ਮੁੱਖ ਮਹਿਮਾਨ ਨੇ ਇਸ ਸਿਖਲਾਈ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।
ਮਿੱਟੀ ਵਿੱਚ ਕਾਰਬਨ ਅਤੇ ਗਰੀਨ ਹਾਊਸ ਗੈਸਾਂ ਦੀ ਪਰਖ ਬਾਰੇ ਵਰਕਸ਼ਾਪ
Leave a Comment
Leave a Comment