ਚੰਡੀਗੜ੍ਹ : ਸੂਬੇ ਭਰ ਵਿੱਚ ਸਾਰੇ ਤੰਦਰੁਸਤ ਪੰਜਾਬ ਸਿਹਤ ਕੇਂਦਰ (ਐਚ.ਡਬਲਯੂ.ਸੀ.) ਵਿਖੇ ਵਿਆਪਕ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜਰ, ਪੰਜਾਬ ਸਰਕਾਰ ਨੇ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਮਾਰਚ, 2019 ਤੱਕ 300 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਟੈਲੀ ਮੈਡੀਸਿਨ ਹੱਬ ਨਾਲ ਜੋੜਨ ਦਾ ਫੈਸਲਾ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਭਰ ਵਿੱਚ 1365 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਪੰਜਾਬ ਸਰਕਾਰ ਹੁਣ ਦਿਹਾਤੀ ਖੇਤਰ ਵਿੱਚ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 300 ਕੇਂਦਰਾਂ ਨੂੰ ਟੈਲੀ ਮੈਡੀਸਿਨ ਹੱਬ ਨਾਲ ਜੋੜਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ ਦੇ ਸੈਕਟਰ 9 ਵਿਖੇ 5 ਡਾਕਟਰਾਂ ਅਤੇ 1 ਟੈਲੀ ਮੈਡੀਸਨ ਆਪਰੇਟਰ (ਟੀ.ਐੱਮ.ਓ.) ਦੀ ਨਿਗਰਾਨੀ ਹੇਠ ਟੈਲੀ ਮੈਡੀਸਿਨ ਹੱਬ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੀਐਮਓਜ ਨੂੰ ਸੀਡੈਕ ਮੁਹਾਲੀ ਵੱਲੋਂ ਸਿਖਲਾਈ ਦਿੱਤੀ ਗਈ ਹੈ। ਟੀ.ਐੱਮ.ਓਜ ਅੱਗੇ ਸੀ.ਐਚ.ਓਜ (ਕਮਿਊਨਿਟੀ ਹੈਲਥ ਅਫਸਰ) ਨੂੰ ਸਿਖਲਾਈ ਦੇਣਗੇ ਤਾਂ ਜੋ ਪਿੰਡਾਂ ਵਿੱਚ ਟੀ.ਐਮ.ਐੱਚ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਉਹਨਾਂ ਕਿਹਾ ਕਿ ਹੁਣ ਤੱਕ ਕੇਂਦਰਾਂ ਵਿੱਚ 35,62,492 ਮਰੀਜਾਂ ਦੀ ਓਪੀਡੀ ਦਰਜ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਹਨਾਂ ਕੇਂਦਰਾਂ ਵਿਖੇ ਸੇਵਾਵਾਂ ਵਿੱਚ ਵਾਧਾ ਕਰਨ ਲਈ 27 ਦਵਾਈਆਂ ਅਤੇ 6 ਡਾਈਗਨੋਸਟਿਕ ਟੈਸਟ ਜਿਵੇਂ ਐਚਬੀ ਟੈਸਟ, ਬਲੱਡ ਸੂਗਰ ਟੈਸਟ, ਗਰਭ ਟੈਸਟ ਕਿੱਟ, ਯੂਰੇਨ ਐਲਬਮਿਨ ਟੈਸਟ, ਥੁੱਕ ਦੇ ਟੈਸਟਾਂ ਦੇ ਨਾਲ ਨਾਲ ਲੰਮੀਆਂ ਚੱਲਣ ਵਾਲੀਆਂ ਬਿਮਾਰੀਆਂ ਲਈ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇਲਾਜ ਅਤੇ ਦਵਾਈਆਂ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ। ਉਹਨਾਂ ਸਾਰੇ ਸਿਵਲ ਸਰਜਨਾਂ ਨੂੰ ਇਹਨਾਂ ਕੇਂਦਰਾਂ ਵਿੱਚ ਦਵਾਈਆਂ ਦੀ ਉਪਲਬਤਾ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਵੀ ਦਿੱਤੀਆਂ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 12 ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਜੋਖਮ ਵਾਲੀ ਅਬਾਦੀ ਵਿੱਚ ‘ਕਮਿਊਨਿਟੀ ਬੇਸਡ ਅਸੈਸਮੈਂਟ ਚੈੱਕਲਿਸਟ’ ‘ਤੇ ਏ.ਐੱਨ.ਐੱਮਜ਼ ਅਤੇ ਆਸਾ ਵੱਲੋਂ ਗੈਰ-ਸੰਚਾਰਿਤ ਬਿਮਾਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਵਿੱਚ ਗੈਰ-ਸੰਚਾਰਿਤ ਬਿਮਾਰੀਆਂ ਦਾ ਖਤਰਾ ਪਾਇਆ ਗਿਆ, ਉਹਨਾਂ ਦੀ ਜਾਂਚ ਸਿਹਤ ਕੇਂਦਰ-ਸਬ ਸੈਂਟਰ ਵਿਖੇ ਜਾਂਚ ਲਈ ਆਊਟਰੀਚ ਕੈਂਪਾਂ, ਪੀਐਚਸੀ/ਸੀਐਚਸੀ ਵਿੱਚ ਭੇਜਿਆ ਗਿਆ।
ਗੈਰ-ਸੰਚਾਰਿਤ ਬਿਮਾਰੀਆਂ ਨਾਲ ਗ੍ਰਸਤ ਮਰੀਜਾਂ ਬਾਰੇ ਚਾਨਣਾ ਪਾਉਂਦਿਆਂ ਸ. ਸਿੱਧੂ ਨੇ ਦੱਸਿਆ ਕਿ ਸਕ੍ਰੀਨਿੰਗ ਪ੍ਰੋਗਰਾਮ ਦੌਰਾਨ ਹਾਈਪਰਟੈਨਸਨ (ਬਲੱਡ ਪ੍ਰੈਸ਼ਰ) ਦੇ 1,25,776 ਮਰੀਜ, ਸੂਗਰ ਦੇ 73,150 ਮਰੀਜ, ਮੂੰਹ ਦੇ ਕੈਂਸਰ ਦੇ 403 ਮਰੀਜ਼, ਬ੍ਰੈਸਟ ਕੈਂਸਰ ਦੇ 522 ਮਰੀਜ, ਬੱਚੇਦਾਨੀ ਦੇ ਕੈਂਸਰ ਦੇ 504 ਮਰੀਜ ਪਾਏ ਗਏ। ਉਨ੍ਹਾਂ ਕਿਹਾ ਕਿ ਹਾਈਪਰਟੈਨਸਨ ਵਾਲੇ ਮਰੀਜਾਂ ਨੂੰ ਇਹਨਾਂ ਕੇਂਦਰਾਂ ਵਿਚ ਘੱਟੋ ਘੱਟ 10 ਦਿਨਾਂ ਲਈ ਦਵਾਈ ਦਿੱਤੀ ਗਈ।
ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਜਾਂਚ ਕੀਤੇ ਮਰੀਜਾਂ ਨੂੰ ਆਪਰੇਸ਼ਨ ਤੇ ਸਰਜਰੀ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਅੱਗੇ ਰੈਫਰ ਕੀਤਾ ਗਿਆ ਅਤੇ ਦੂਜੇ ਦਰਜੇ ਦੀਆਂ ਸਿਹਤ ਸੇਵਾਵਾਂ ਲਈ ਇਲਾਜ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰੋਜਾਨਾ ਸਿਹਤ ਕੇਂਦਰਾਂ ਦੇ ਪੋਰਟਲ ‘ਤੇ ਸਾਰੇ ਰਿਕਾਰਡਾਂ ਦਾ ਡਿਜੀਟਾਈਜੇਸਨ ਵੀ ਕੀਤਾ ਜਾ ਰਿਹਾ ਹੈ।